ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਦੇ ਪ੍ਰਧਾਨ ਅਮਨ ਅਰੋੜਾ ਦੇ ਹਲਕੇ ਵਿਚ ਉਹਨਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਲੋਕਾਂ ਵਿਚ ਰੋਹ ਝਲਕਦਾ ਹੈ
ਸੁਨਾਮ, 11 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਨੂੰ ਇਸ ਹਲਕੇ ਵਿਚ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਲੌਂਗੋਵਾਲ ਨਗਰ ਕੌਂਸਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਆਪਣੇ ਸਾਥੀਆਂ ਸਮੇਤ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਸਰਦਾਰਨੀ ਪਰਮਿੰਦਰ ਕੌਰ ਬਰਾੜ ਤੋਂ ਇਲਾਵਾ 15 ਸਰਪੰਚ ਤੇ ਆਪ ਦੇ ਸੰਸਥਾਪਕ ਸਰਦਾਰ ਕਰਮ ਸਿੰਘ ਨੇ ਵੀ ਅਕਾਲੀ ਦਲ ਦੀਆਂ ਨੀਤੀਆਂ ’ਤੇ ਵਿਸ਼ਵਾਸ ਪ੍ਰਗਟ ਕੀਤਾ ਤੇ 2027 ਵਿਚ ਪਾਰਟੀ ਦੀ ਜਿੱਤ ਵਾਸਤੇ ਕੰਮ ਕਰਨ ਦਾ ਅਹਿਦ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਆਪ ਤੋਂ ਮਾਯੂਸ ਹੋ ਚੁੱਕੇ ਹਨ ਅਤੇ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਸਰਦਾਰਨੀ ਬਰਾੜ ਤੇ ਉਹਨਾਂ ਦੀ ਟੀਮ ਨੂੰ ਆਪ ਨੂੰ ਛੱਡਣ ਤੋਂ ਨਹੀਂ ਰੋਕ ਸਕੇ। ਉਹਨਾਂ ਕਿਹਾ ਕਿ ਅਮਨ ਅਰੋੜਾ ਨੇ ਸਰਦਾਰਨੀ ਬਰਾੜ ਨੂੰ ਆਪ ਨੂੰ ਛੱਡਣ ਤੋਂ ਰੋਕਣ ਵਾਸਤੇ ਉਹਨਾਂ ਦੀ ਰਿਹਾਇਸ਼ ’ਤੇ ਪੁੱਜ ਕੇ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਜਿਸ ਮਗਰੋਂ ਉਹ ਖੁਦ ਇਥੇ ਪਹੁੰਚੇ। ਇਸ ਮੌਕੇ ਉਹਨਾਂ ਭਰੋਸਾ ਦੁਆਇਆ ਕਿ ਲੋਕ ਆਪ ਸਰਕਾਰ ਤੋਂ ਬਹੁਤ ਔਖੇ ਹਨ ਅਤੇ ਆਪ ਸਰਕਾਰ ਲੋਕਾਂ ਦੀਆਂ ਆਸਾਂ ’ਤੇ ਖਰ੍ਹੇ ਉਤਰਣ ਵਿਚ ਨਾਕਾਮ ਸਾਬਤ ਹੋਈ ਹੈ।
ਸਰਦਾਰਨੀ ਬਰਾੜ ਨੇ ਕਿਹਾ ਕਿ ਉਹ ਤੇ ਉਹਨਾਂ ਵਰਗੇ ਅਨੇਕਾਂ ਹੋਰ 2022 ਦੀਆਂ ਚੋਣਾਂ ਵਿਚ ਗੁੰਮਰਾਹ ਹੋ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਹੁਣ ਮਹਿਸੂਸ ਕਰ ਲਿਆ ਹੈ ਕਿ ਨੌਜਵਾਨਾਂ ਤੇ ਔਰਤਾਂ ਨਾਲ ਕੀਤੇ ਵਾਅਦੇ ਲਾਗੂ ਕਰਨਾ ਤਾਂ ਦੂਰ ਦੀ ਗੱਲ ਆਪ ਸਰਕਾਰ ਨੇ ਤਾਂ ਨਸ਼ਾ ਮਾਫੀਆ ਤੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਕੇ ਸੂਬੇ ਦੇ ਸਮਾਜਿਕ ਤਾਣੇ ਬਾਣੇ ’ਤੇ ਵੀ ਹਮਲਾ ਕੀਤਾ ਹੈ। ਇਸ ਮੌਕੇ ਆਪ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਗਗਨਦੀਪ ਸਿੰਘ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ।
ਇਸ ਮੌਕੇ ਸੁਨਾਮ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵੀ ਹਾਜ਼ਰ ਸਨ।