ਪੰਜਾਬ ਵਿਜੀਲੈਂਸ ਬਿਊਰੋ (VB) ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਕੁਲਦੀਪ ਸਿੰਘ, ਜੰਗਲਾਤ ਗਾਰਡ ਅਤੇ ਦਰਸ਼ਨ ਸਿੰਘ ਮੇਟ, ਦਿਹਾੜੀਦਾਰ ਵਰਕਰ ਨੂੰ 20000/- ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਵੇਂ ਦੋਸ਼ੀ ਨਕੋਦਰ, ਜ਼ਿਲ੍ਹਾ ਜਲੰਧਰ ਵਿਖੇ ਵਣ ਰੇਂਜ ਦਫ਼ਤਰ ਵਿੱਚ ਤਾਇਨਾਤ ਸਨ।
ਅੱਜ ਇੱਥੇ ਇਹ ਖੁਲਾਸਾ ਕਰਦਿਆਂ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਪਰੋਕਤ ਦੋਸ਼ੀ ਨੂੰ ਪਿੰਡ ਸੰਘੋਵਾਲ, ਸਬ ਤਹਿਸੀਲ ਮਹਿਤਪੁਰ, ਜ਼ਿਲ੍ਹਾ ਜਲੰਧਰ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਜਦੋਂ ਸ਼ਿਕਾਇਤਕਰਤਾ ਦਾ ਘਰੇਲੂ ਗੈਸ ਸਿਲੰਡਰ ਖਤਮ ਹੋ ਗਿਆ, ਤਾਂ ਉਹ ਘਰੇਲੂ ਵਰਤੋਂ ਲਈ ਮਹਿਤਪੁਰ-ਜਗਰਾਉਂ ਸੜਕ ਦੇ ਕਿਨਾਰੇ ਦਰੱਖਤਾਂ ਤੋਂ ਲੱਕੜ ਦੇ ਛੋਟੇ ਟੁਕੜੇ ਇਕੱਠੇ ਕਰ ਰਿਹਾ ਸੀ। ਉਸ ਸਮੇਂ, ਦੋਵੇਂ ਦੋਸ਼ੀ ਕੁਲਦੀਪ ਸਿੰਘ, ਵਣ ਗਾਰਡ, ਅਤੇ ਦਰਸ਼ਨ ਸਿੰਘ ਮੇਟ ਦਿਹਾੜੀਦਾਰ ਵਰਕਰ ਮੌਕੇ ‘ਤੇ ਪਹੁੰਚੇ, ਸ਼ਿਕਾਇਤਕਰਤਾ ਨੂੰ ਸੂਚਿਤ ਕੀਤਾ ਕਿ ਉਸ ਵਿਰੁੱਧ ਸਰਕਾਰੀ ਲੱਕੜ ਦੀ ਚੋਰੀ ਦਾ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਉਸਦਾ ਮੋਟਰਸਾਈਕਲ ਆਪਣੀ ਹਿਰਾਸਤ ਵਿੱਚ ਲੈ ਲਿਆ।
ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਦਰਸ਼ਨ ਸਿੰਘ ਮੇਟ ਨਾਲ ਸੰਪਰਕ ਕੀਤਾ, ਅਤੇ ਫਿਰ ਉਸਨੇ ਉਸਨੂੰ ਦੱਸਿਆ ਕਿ ਕੁਲਦੀਪ ਸਿੰਘ ਵਣ ਗਾਰਡ, ਸ਼ਿਕਾਇਤਕਰਤਾ ਦਾ ਮੋਟਰਸਾਈਕਲ ਛੱਡਣ ਲਈ 20000/- ਰੁਪਏ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ, ਦੋਸ਼ੀ ਦਰਸ਼ਨ ਸਿੰਘ ਵਣ ਗਾਰਡ ਕੁਲਦੀਪ ਸਿੰਘ ਲਈ ਮੰਗੀ ਗਈ ਰਿਸ਼ਵਤ ਦੀ ਰਕਮ ‘ਤੇ ਅਡੋਲ ਰਿਹਾ। ਸ਼ਿਕਾਇਤਕਰਤਾ ਨੇ 20000/- ਰੁਪਏ ਦੀ ਗੈਰ-ਕਾਨੂੰਨੀ ਰਿਸ਼ਵਤ ਦੀ ਮੰਗ ਸੰਬੰਧੀ ਗੱਲਬਾਤ ਰਿਕਾਰਡ ਕੀਤੀ।
ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20000/- ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਸਬੰਧ ਵਿੱਚ, ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।