ਬਿਆਨ ਸਿਰਫ ਸਿਆਸੀ ਟਿੱਪਣੀ ਨਹੀਂ, ਦੇਸ਼ ਦੀ ਕਾਨੂੰਨ ਵਿਵਸਥਾ,ਅਮਨ ਸ਼ਾਂਤੀ ਅਤੇ ਦੇਸ਼ ਧ੍ਰੋਹ ਨਾਲ ਜੁੜਿਆ ਮਾਮਲਾ
ਚੰਡੀਗੜ () ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੀ ਸੀਨੀਅਰ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਇੱਕ ਨਿੱਜੀ ਚੈਨਲ ਤੇ ਦਿੱਤੀ ਇੰਟਰਵਿਊ ਦੌਰਾਨ ਕੀਤੇ ਗਏ ਦਾਅਵੇ ਉਪਰ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਸਰਦਾਰ ਅਜੇਪਾਲ ਸਿੰਘ ਬਰਾੜ ਨੇ ਜਾਰੀ ਪ੍ਰੈਸ ਬਿਆਨ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਦੇ ਮੁਖਾਤਿਬੀ ਬਿਆਨ ਨੂੰ ਅਧਾਰ ਬਣਾਇਆ ਹੈ, ਜਿਸ ਵਿੱਚ ਬੀਬੀ ਭੱਠਲ ਦਾਅਵਾ ਕਰਦੇ ਨਜ਼ਰ ਆਉਂਦੇ ਆਉਂਦੇ ਹਨ ਕਿ, ਸਰਕਾਰ ਬਣੀ ਰਹਿਣ ਲਈ ਕੁਝ ਅਫ਼ਸਰਾਂ ਵੱਲੋਂ ਰੇਲਾਂ ਅਤੇ ਬਜ਼ਾਰਾਂ ਵਿੱਚ ਬੰਬ ਧਮਾਕਿਆਂ ਵਰਗੀਆਂ ਘਟਨਾਵਾਂ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ, ਸਰਦਾਰ ਬਰਾੜ ਨੇ ਕਿਹਾ ਕਿ ਅਜਿਹੇ ਦਾਅਵੇ ਅਤੇ ਸਲਾਹਾਂ ਭਾਰਤੀ ਸੰਵਿਧਾਨ, ਲੋਕਤੰਤਰ ਅਤੇ ਕਾਨੂੰਨੀ ਰਾਜ ਦੀ ਆਤਮਾ ਉੱਤੇ ਗੰਭੀਰ ਪ੍ਰਸ਼ਨ ਚਿੰਨ੍ਹ ਖੜੇ ਕਰਦੇ ਹਨ। ਸਰਦਾਰ ਬਰਾੜ ਨੇ ਕਿਹਾ ਕਿ, ਜੇਕਰ ਇਹ ਬਿਆਨ ਸੱਚਾਈ ’ਤੇ ਆਧਾਰਿਤ ਹੈ, ਤਾਂ ਇਹ ਭਾਰਤੀ ਸੰਵਿਧਾਨ, ਨਾਗਰਿਕਾਂ ਦੀ ਆਜ਼ਾਦੀ, ਸੂਬੇ ਦੀ ਅਮਨ ਸ਼ਾਂਤੀ ਦੀ ਸਿੱਧੀ ਉਲੰਘਣਾ ਵੱਲ ਇਸ਼ਾਰਾ ਕਰਦਾ ਹੈ। ਕਿਸੇ ਵੀ ਲੋਕਤੰਤਰਿਕ ਦੇਸ਼ ਵਿੱਚ ਜਨਤਾ ਦੀ ਜਾਨ ਨੂੰ ਸਿਆਸੀ ਲਾਭ ਲਈ ਖ਼ਤਰੇ ਵਿੱਚ ਪਾਉਣਾ ਦੇਸ਼ਧ੍ਰੋਹੀ ਅਤੇ ਸੰਵਿਧਾਨਕ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਸਰਦਾਰ ਬਰਾੜ ਨੇ ਕਿਹਾ ਕਿ, ਇਹ ਬਿਆਨ ਸਿਰਫ਼ ਇੱਕ ਸਿਆਸੀ ਟਿੱਪਣੀ ਨਹੀਂ, ਸਗੋਂ ਸੱਤਾ ਅਤੇ ਸੰਵਿਧਾਨਿਕ ਅਹੁਦੇ ਦੀ ਤਾਕਤ ਦੇ ਦੁਰੁਪਯੋਗ ਨੂੰ ਉਤਸ਼ਹਿਤ ਕਰਦਾ ਹੈ। ਪਿਛਲੇ ਸਾਲਾਂ ਦੌਰਾਨ ਹੋਏ ਬੰਬ ਧਮਾਕਿਆਂ ਸਬੰਧੀ ਇਹ ਗੱਲ ਸਾਹਮਣੇ ਆਉਣ ਨਾਲ ਇਹ ਸ਼ੱਕ ਹੋਰ ਡੂੰਘਾ ਹੋ ਜਾਂਦਾ ਹੈ ਕਿ ਕਿਤੇ ਇਹ ਘਟਨਾਵਾਂ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸਨ।
ਸਰਦਾਰ ਅਜੇਪਾਲ ਸਿੰਘ ਬਰਾੜ ਨੇ ਮੰਗ ਕੀਤੀ ਕਿ,ਬੀਬੀ ਰਜਿੰਦਰ ਕੌਰ ਭੱਠਲ ਦੇ ਮੁਖਾਤਿਬੀ ਦਾਅਵੇ ਨੂੰ ਸਰਕਾਰੀ ਰਿਕਾਰਡ ’ਤੇ ਲੈ ਕੇ, ਇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਜਾਵੇ। ਸਰਦਾਰ ਬਰਾੜ ਨੇ ਕਿਹਾ ਕਿ,ਇਸ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਮਿਸ਼ਨ ਦਾ ਗਠਨ ਕੀਤਾ ਜਾਵੇ।ਅਫ਼ਸਰਸ਼ਾਹੀ ਅਤੇ ਸਿਆਸੀ ਅਗਵਾਈ ਦੀ ਸੰਭਾਵਿਤ ਭੂਮਿਕਾ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਸਰਦਾਰ ਬਰਾੜ ਨੇ, ਬੀਬੀ ਭੱਠਲ ਦੇ ਮੁਖਾਤਿਬੀ ਦਾਅਵੇ ਅਤੇ ਬਿਆਨ ਉੱਪਰ ਕਾਂਗਰਸ ਦੀ ਚੁੱਪ ਤੇ ਵੀ ਸਵਾਲ ਖੜੇ ਕੀਤੇ ਹਨ ਅਤੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ।
ਸਰਦਾਰ ਬਰਾੜ ਨੇ ਕਿਹਾ ਕਿ, ਲੋਕਤੰਤਰ ਡਰ, ਅਫਵਾਹਾਂ ਜਾਂ ਹਿੰਸਾ ’ਤੇ ਨਹੀਂ, ਸਗੋਂ ਸੱਚ, ਜਵਾਬਦੇਹੀ ਅਤੇ ਸੰਵਿਧਾਨਕ ਨੈਤਿਕਤਾ ’ਤੇ ਟਿਕਿਆ ਹੁੰਦਾ ਹੈ। ਦੇਸ਼ ਦੀ ਜਨਤਾ ਇਹ ਜਾਣਨ ਦੀ ਪੂਰੀ ਹੱਕਦਾਰ ਹੈ ਕਿ, ਕੀ ਕਦੇ ਉਸ ਦੀ ਸੁਰੱਖਿਆ ਨੂੰ ਸਿਆਸੀ ਸੌਦਾਬਾਜ਼ੀ ਦਾ ਹਥਿਆਰ ਬਣਾਇਆ ਗਿਆ।
ਸਮਾਪਤ
ਜਾਰੀ ਕਰਤਾ
ਮੀਡੀਆ ਸੈੱਲ
ਮਿਸਲ ਸਤਲੁਜ
9307294072