· ਕਿਹਾ, ਗੁਰੂ ਰਵਿਦਾਸ ਪੂਰੀ ਮਨੁੱਖਤਾ ਦੇ ਰਸੂਲ ਹਨ
· ਮੁਲਤਵੀ ਹੋਣ ਕਾਰਨ ਲੋਕ ਸਭਾ ਵਿੱਚ ਮਾਮਲਾ ਨਹੀਂ ਉਠਾ ਸਕੇ

ਚੰਡੀਗੜ੍ਹ, 29 ਜਨਵਰੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਗ ਕੀਤੀ ਹੈ ਕਿ ਗੁਰੂ ਰਵਿਦਾਸ ਜਯੰਤੀ ਨੂੰ ਹੋਰ ਗੁਰੂਆਂ ਅਤੇ ਪੈਗੰਬਰਾਂ ਦੇ ਜਨਮ ਦਿਹਾੜਿਆਂ ਵਾਂਗ ਰਾਸ਼ਟਰੀ ਛੁੱਟੀ ਐਲਾਨਿਆ ਜਾਵੇ।

ਵੜਿੰਗ ਅੱਜ ਲੋਕ ਸਭਾ ਵਿੱਚ ‘ਜ਼ੀਰੋ ਆਵਰ’ ਦੌਰਾਨ ਇਸ ਮਾਮਲੇ ਦਾ ਜ਼ਿਕਰ ਕਰਨਾ ਚਾਹੁੰਦੇ ਸਨ। ਹਾਲਾਂਕਿ, ਲੋਕ ਸਭਾ ਨੂੰ ਉਨ੍ਹਾਂ ਦੇ ਉੱਥੇ ਮਾਮਲਾ ਉਠਾਉਣ ਤੋਂ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ।

ਬਾਅਦ ਵਿੱਚ, ਵੜਿੰਗ ਨੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਵਿੱਚ ਕਿਹਾ ਕਿ ਇਹ ਗੁਰੂ ਰਵਿਦਾਸ ਦੇ ਪੈਰੋਕਾਰਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਹੈ ਕਿ ਦੂਜੇ ਗੁਰੂਆਂ ਅਤੇ ਪੈਗੰਬਰਾਂ ਦੇ ਜਨਮ ਦਿਹਾੜਿਆਂ ਵਾਂਗ, ਗੁਰੂ ਰਵਿਦਾਸ ਜਯੰਤੀ ਨੂੰ ਵੀ ਰਾਸ਼ਟਰੀ ਛੁੱਟੀ ਐਲਾਨਿਆ ਜਾਵੇ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, ਗੁਰੂ ਰਵਿਦਾਸ ਦੇ ਲੱਖਾਂ-ਕਰੋੜਾਂ ਪੈਰੋਕਾਰ ਹਨ ਜੋ ਉਨ੍ਹਾਂ ਦੀ ਬ੍ਰਹਮ ਸ਼ਰਧਾ ਨਾਲ ਪੂਜਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹੋਰ ਗੁਰੂਆਂ ਅਤੇ ਪੈਗੰਬਰਾਂ ਦੇ ਜਨਮ ਦਿਹਾੜੇ ਪਹਿਲਾਂ ਹੀ ਰਾਸ਼ਟਰੀ ਛੁੱਟੀ ਵਜੋਂ ਮਨਾਏ ਜਾਂਦੇ ਹਨ।
ਵੜਿੰਗ ਨੇ ਕਿਹਾ, ਕਿਉਂਕਿ ਉਹ ਪੰਜਾਬ ਤੋਂ ਆਉਂਦੇ ਹਨ ਅਤੇ ਜਿੱਥੇ ਗੁਰੂ ਰਵਿਦਾਸ ਦੇ ਵੱਡੀ ਗਿਣਤੀ ਵਿੱਚ ਪੈਰੋਕਾਰ ਹਨ, ਉਹ ਇਸ ਮਾਮਲੇ ਨੂੰ ਕਈ ਪਲੇਟਫਾਰਮਾਂ ‘ਤੇ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਇਸਨੂੰ ਸੰਸਦ ਵਿੱਚ ਉਠਾਉਣਾ ਚਾਹੁੰਦੇ ਸਨ, ਪਰ ਸਦਨ ਮੁਲਤਵੀ ਹੋਣ ਕਾਰਨ ਅਜਿਹਾ ਨਹੀਂ ਕਰ ਸਕੇ।

ਪੀ.ਸੀ.ਸੀ. ਪ੍ਰਧਾਨ ਨੇ ਕਿਹਾ, ਗੁਰੂ ਰਵਿਦਾਸ ਨੇ ਕਿਸੇ ਖਾਸ ਫਿਰਕੇ ਲਈ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਸ਼ਾਂਤੀ, ਸਦਭਾਵਨਾ ਅਤੇ ਵਿਸ਼ਵਵਿਆਪੀ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਟਿੱਪਣੀ ਕੀਤੀ, “ਗੁਰੂ ਰਵਿਦਾਸ ਸਮੁੱਚੀ ਮਨੁੱਖਤਾ ਲਈ ਇੱਕ ਰਸੂਲ ਹਨ”।