ਚੰਡੀਗੜ੍ਹ/ਉਦੈਪੁਰ, 6 ਅਪ੍ਰੈਲ, 2026:
ਉੱਤਰ ਜ਼ੋਨ ਸੱਭਿਆਚਾਰਕ ਕੇਂਦਰ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਅੱਜ ਉਦੈਪੁਰ ਵਿੱਚ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰ ਦੇ ਚੇਅਰਮੈਨ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ। ਮੀਟਿੰਗ ਵਿੱਚ ਰਾਜਸਥਾਨ, ਹਰਿਆਣਾ, ਪੰਜਾਬ, ਚੰਡੀਗੜ੍ਹ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪ੍ਰਤੀਨਿਧੀਆਂ ਅਤੇ ਨਾਮਜ਼ਦ ਮੈਂਬਰਾਂ ਨੇ ਹਿੱਸਾ ਲਿਆ। ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਨੇ ਵੀ ਮੀਟਿੰਗ ਵਿੱਚ ਔਨਲਾਇਨ ਸ਼ਿਰਕਤ ਕਰਕੇ ਆਪਣੇ ਸੁਝਾਅ ਦਿੱਤੇ।
ਮੀਟਿੰਗ ਵਿੱਚ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਹਿਤ ਕਈ ਮਹੱਤਵਪੂਰਨ ਨਿਰਣੇ ਲਏ ਗਏ। ਇਸ ਦੇ ਤਹਿਤ ਚੰਡੀਗੜ੍ਹ ਵਿੱਚ ਕਸ਼ਮੀਰ ਅਤੇ ਲੱਦਾਖ ਉਤਸਵ, ਰਾਜਸਥਾਨ ਵਿੱਚ ਪੰਜਾਬ ਉਤਸਵ ਅਤੇ ਕਸ਼ਮੀਰ ਵਿੱਚ ਰਾਜਸਥਾਨ ਉਤਸਵ ਆਯੋਜਿਤ ਕਰਨ ਦੀ ਵਿਸਤ੍ਰਿਤ ਰੂਪਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ।
ਮੀਟਿੰਗ ਵਿੱਚ ਚੰਡੀਗੜ੍ਹ ਦੇ ਕਲਾਗ੍ਰਾਮ ਵਿਖੇ ਟੈਗੋਰ ਕਲਚਰਲ ਕੰਪਲੈਕਸ ਯੋਜਨਾ ਦੇ ਤਹਿਤ ਇੱਕ ਆਡੀਟੋਰੀਅਮ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ਦੀ ਲਾਗਤ ਦਾ ਲਗਭਗ 40% (ਲਗਭਗ ₹5.6 ਕਰੋੜ) ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਉਪਲਬਧ ਕਰਵਾਇਆ ਜਾਵੇਗਾ। ਸਾਰੇ ਮੈਂਬਰਾਂ ਨੇ ਇਸ ਨਿਰਣੇ ਦਾ ਸੁਆਗਤ ਕੀਤਾ ਅਤੇ ਪ੍ਰਸ਼ੰਸਾ ਕੀਤੀ।
ਇਸ ਤੋਂ ਇਲਾਵਾ, ਮੈਂਬਰ ਸਟੇਟਾਂ ਦੇ ਲੋਕ ਕਲਾਕਾਰਾਂ ਅਤੇ ਨੌਜਵਾਨ ਕਲਾਕਾਰਾਂ ਲਈ ਵਾਰਸ਼ਿਕ ਪੁਰਸਕਾਰਾਂ ਨੂੰ ਪ੍ਰਵਾਨਗੀ ਦਿੱਤੀ ਗਈ। ਚੇਅਰਮੈਨ ਅਤੇ ਮਾਣਯੋਗ ਰਾਜਪਾਲ ਦੇ ਪਰਸਨਲ ਫੰਡਾਂ ਵਿੱਚੋਂ ਕੁੱਲ ₹12 ਲੱਖ ਦੀ ਪੁਰਸਕਾਰ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ, ਜੋ ਇਸ ਕੇਂਦਰ ਦੀ ਇੱਕ ਵਿਲੱਖਣ ਪਹਿਲ ਹੈ।
ਮੀਟਿੰਗ ਵਿੱਚ ਸਾਲ 2024-25 ਲਈ ₹14.56 ਕਰੋੜ ਦੇ ਖਰਚ ਨੂੰ ਪ੍ਰਵਾਨਗੀ ਦਿੱਤੀ ਗਈ, ਜਦਕਿ ਸਾਲ 2025-26 ਲਈ ₹15 ਕਰੋੜ ਦੇ ਪ੍ਰੋਗਰਾਮ ਬਜਟ ਦਾ ਪ੍ਰਸਤਾਵ ਰੱਖਿਆ ਗਿਆ। ਨਾਲ ਹੀ ₹5.10 ਕਰੋੜ ਦੇ ਸਥਾਪਨਾ ਖਰਚ ਨੂੰ ਵੀ ਪ੍ਰਵਾਨਗੀ ਦਿੱਤੀ ਗਈ।
ਪਟਿਆਲਾ ਸਥਿਤ ਕੇਂਦਰ ਦੇ ਦਫ਼ਤਰ ਦੇ ₹4 ਕਰੋੜ ਦੇ ਰੈਨੋਵੇਸ਼ਨ ਕਾਰਜ ਅਤੇ ਅਲਾਟ ਕੀਤੀ ਗਈ ਭੂਮੀ ‘ਤੇ ਚਾਰਦੀਵਾਰੀ ਦੀ ਉਸਾਰੀ ਦੇ ਕਾਰਜ ਵਿੱਚ ਤੇਜ਼ੀ ਲਿਆਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਕਲਾਗ੍ਰਾਮ ਵਿਖੇ ₹2.54 ਕਰੋੜ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਬਹੁ-ਮੰਤਵੀ ਹਾਲ ਲਈ ਟੈਂਡਰ ਪ੍ਰਕਿਰਿਆ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
ਮੀਟਿੰਗ ਵਿੱਚ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਗਈ ਕਿ ਗਣਤੰਤਰ ਦਿਵਸ ‘ਤੇ ਕਰਤਵਯ ਪਥ ‘ਤੇ ਆਯੋਜਿਤ ਸੱਭਿਆਚਾਰਕ ਪ੍ਰੋਗਰਾਮਾਂ ਦੀ ਨੋਡਲ ਏਜੰਸੀ ਦੀ ਜ਼ਿੰਮੇਵਾਰੀ ਉੱਤਰ ਜ਼ੋਨ ਸੱਭਿਆਚਾਰਕ ਕੇਂਦਰ ਨੂੰ ਸੌਂਪੀ ਗਈ ਸੀ, ਜਿਸ ਨੂੰ ਕੇਂਦਰ ਨੇ ਕੁਸ਼ਲਤਾ ਅਤੇ ਕਿਫ਼ਾਇਤ ਨਾਲ ਸਫ਼ਲਤਾਪੂਰਵਕ ਸੰਪੰਨ ਕੀਤਾ। ਲਗਭਗ 2,700 ਕਲਾਕਾਰ ਦੁਆਰਾ ਪ੍ਰਸਤੁਤ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਜਿਊਰੀ ਪੁਰਸਕਾਰ ਵੀ ਪ੍ਰਾਪਤ ਹੋਇਆ। ਜ਼ਿਕਰਯੋਗ ਹੈ ਕਿ ਇਹ ਸਮਾਗਮ ₹22.5 ਕਰੋੜ ਦੇ ਪ੍ਰਵਾਨਿਤ ਬਜਟ ਦੇ ਮੁਕਾਬਲੇ ₹15 ਕਰੋੜ ਦੀ ਲਾਗਤ ਨਾਲ ਸੰਪੰਨ ਕੀਤਾ ਗਿਆ।
ਮਾਣਯੋਗ ਚੇਅਰਮੈਨ ਸ਼੍ਰੀ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਲਈ ਵਿਭਿੰਨ ਰਾਜਾਂ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਜ਼ਰੂਰੀ ਦੱਸਦੇ ਹੋਏ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਪਹਿਚਾਣ ਲਈ ਇੱਕ ਸਸ਼ਕਤ ਪ੍ਰਣਾਲੀ ਵਿਕਸਿਤ ਕਰਨ ‘ਤੇ ਬਲ ਦਿੱਤਾ।
ਮੀਟਿੰਗ ਵਿੱਚ ਕੇਂਦਰ ਦੁਆਰਾ ਆਯੋਜਿਤ ਵਿਭਿੰਨ ਸਮਾਗਮਾਂ ਦੀ ਵੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਵਿੱਚ ਰਾਸ਼ਟਰੀ ਕ੍ਰਾਫਟ ਮੇਲਾ (ਚੰਡੀਗੜ੍ਹ), ਗੀਤਾ ਜਯੰਤੀ (ਕੁਰੂਕਸ਼ੇਤਰ), ਪਟਿਆਲਾ ਸੰਗੀਤ ਸਮਾਰੋਹ, ਹਰਿਵੱਲਭ ਸੰਗੀਤ ਸਮਾਰੋਹ (ਜਲੰਧਰ), ਸਿੰਧੂ ਦਰਸ਼ਨ (ਲੱਦਾਖ), ਭਾਰਤ ਪਰਵ (ਲਾਲ ਕਿਲ੍ਹਾ), ਲੋਕਰੰਗ (ਜੈਪੁਰ), ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਸ਼ਾਮਲ ਹਨ। ਨਾਲ ਹੀ ਮਾਸਿਕ ਥੀਏਟਰ ਸ਼ਾਮਾਂ ਅਤੇ ਤੀਜ ਉਤਸਵ ਦੇ ਪੁਨਰਜੀਵਨ ਦੇ ਪ੍ਰਯਾਸਾਂ ਦੀ ਵੀ ਸ਼ਲਾਘਾ ਕੀਤੀ ਗਈ।
ਮੀਟਿੰਗ ਦੇ ਅੰਤ ਵਿੱਚ ਸਾਰੇ ਮੈਂਬਰਾਂ ਨੇ ਕੇਂਦਰ ਦੀਆਂ ਗਤੀਵਿਧੀਆਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਚੇਅਰਮੈਨ ਦਾ ਆਭਾਰ ਵਿਅਕਤ ਕੀਤਾ। ਮੀਟਿੰਗ ਧੰਨਵਾਦ ਦੇ ਮਤੇ ਨਾਲ ਸੰਪੰਨ ਹੋਈ।