ਚੰਡੀਗੜ੍ਹ, 23 ਅਪ੍ਰੈਲ 2026:

ਸੜਕ ਸੰਪਰਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਮਨੀਮਾਜਰਾ ਅਤੇ ਸੈਕਟਰ-26 ਨੂੰ ਜੋੜਨ ਲਈ ਸੁਖਨਾ ਚੋਅ ਉੱਤੇ ਉੱਚ-ਪੱਧਰੀ ਪੁਲ਼ ਦੇ ਨਿਰਮਾਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਨਿਰਣਾ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ ਦੀ ਪ੍ਰਧਾਨਗੀ ਵਿੱਚ ਆਯੋਜਿਤ ਮੀਟਿੰਗ ਵਿੱਚ ਲਿਆ ਗਿਆ। ਇਸ ਪ੍ਰੋਜੈਕਟ ਬਾਰੇ ਇੰਜੀਨੀਅਰਿੰਗ ਵਿਭਾਗ ਦੁਆਰਾ ਵਿਸਤ੍ਰਿਤ ਪ੍ਰਸਤੁਤੀ ਦਿੱਤੀ ਗਈ।

ਇਸ ਸਮੇਂ, ਯਾਤਰੀਆਂ ਨੂੰ ਮੌਜੂਦਾ ਵੈਂਟੇਡ ਕਾਜ਼ਵੇਅ ‘ਤੇ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਚੰਡੀਗੜ੍ਹ ਅਤੇ ਪੰਚਕੂਲਾ ਦੇ ਦਰਮਿਆਨ ਰੋਜ਼ਾਨਾ ਆਵਾਜਾਈ ਲਈ ਇੱਕ ਮਹੱਤਵਪੂਰਨ ਲਿੰਕ ਦੇ ਰੂਪ ਵਿੱਚ ਕਾਰਜ ਕਰਦਾ ਹੈ। ਇਸ ਕਾਜ਼ਵੇਅ ਦੀ ਸੀਮਿਤ ਚੌੜਾਈ ਦੇ ਕਾਰਨ ਪੀਕ ਆਵਰਸ (ਘੰਟਿਆਂ) ਦੇ ਦੌਰਾਨ ਭਾਰੀ ਜਾਮ ਦੀ ਸਥਿਤੀ ਉਤਪੰਨ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਮੌਨਸੂਨ ਦੇ ਦੌਰਾਨ ਸੁਖਨਾ ਚੋਅ ਵਿੱਚ ਜਲ ਪੱਧਰ ਵਧਣ (ਓਵਰਫਲੋਅ ਹੋਣ) ਨਾਲ ਇਹ ਮਾਰਗ ਅਕਸਰ ਬੰਦ ਹੋ ਜਾਂਦਾ ਹੈ, ਜਿਸ ਕਰਕੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਸੁਰੱਖਿਆ ਸਬੰਧੀ ਚਿੰਤਾਵਾਂ ਵਧਦੀਆਂ ਹਨ ਅਤੇ ਆਮ ਜਨਤਾ ਨੂੰ ਅਸੁਵਿਧਾ ਹੁੰਦੀ ਹੈ। ਇਹ ਮਾਰਗ ਸੁਖਨਾ ਝੀਲ, ਸੈਕਟਰ-17, ਪੀਜੀਆਈ, ਪੰਜਾਬ ਯੂਨੀਵਰਸਿਟੀ ਅਤੇ ਹਾਈ ਕੋਰਟ ਜਿਹੇ ਮਹੱਤਵਪੂਰਨ ਸਥਾਨਾਂ ਤੱਕ ਪਹੁੰਚ ਲਈ ਅਤਿਅੰਤ ਮਹੱਤਵਪੂਰਨ ਹੈ।

ਪ੍ਰਸਤਾਵਿਤ ਉੱਚ-ਪੱਧਰੀ ਪੁਲ਼ ਨਾਲ ਹਰ ਮੌਸਮ ਵਿੱਚ ਨਿਰਵਿਘਨ ਸੰਪਰਕ ਸੁਨਿਸ਼ਚਿਤ ਹੋਣ ਦੀ ਉਮੀਦ ਹੈ, ਜਿਸ ਨਾਲ ਮੌਜੂਦਾ ਰੁਕਾਵਟਾਂ ਸਮਾਪਤ ਹੋਣਗੀਆਂ ਅਤੇ ਆਵਾਜਾਈ ਸੁਚਾਰੂ ਤੌਰ ‘ਤੇ ਸੰਚਾਲਿਤ ਹੋ ਸਕੇਗੀ। ਇਹ ਪ੍ਰੋਜੈਕਟ ਯਾਤਰਾ ਸਮੇਂ ਵਿੱਚ ਕਮੀ ਲਿਆਉਣ, ਯਾਤਰੀਆਂ ਦੀ ਸੁਰੱਖਿਆ ਵਧਾਉਣ ਅਤੇ ਚੰਡੀਗੜ੍ਹ ਦੇ ਸ਼ਹਿਰੀ ਸੜਕ ਨੈੱਟਵਰਕ ਦੀ ਸੰਪੂਰਨ ਦਕਸ਼ਤਾ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ, ਨਾਲ ਹੀ ਵਧਦੀ ਆਵਾਜਾਈ ਦੇ ਦਬਾਅ ਨੂੰ ਵੀ ਸੰਭਾਲੇਗਾ।

ਲਗਭਗ ₹16.63 ਕਰੋੜ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੇ ਤਹਿਤ ਦੋਹਰੇ ਚਾਰ-ਲੇਨ ਮਾਰਗ ਵਾਲੇ ਉੱਚ-ਪੱਧਰੀ ਪੁਲ਼ ਦਾ ਨਿਰਮਾਣ ਪ੍ਰਸਤਾਵਿਤ ਹੈ, ਜਿਸ ਵਿੱਚ ਪੈਦਲ ਯਾਤਰੀਆਂ ਲਈ ਫੁੱਟਪਾਥ ਅਤੇ ਸਾਇਕਲ ਟ੍ਰੈਕ ਦੀ ਵਿਵਸਥਾ ਹੋਵੇਗੀ। ਡਿਜ਼ਾਈਨ ਵਿੱਚ ਉੱਨਤ ਆਰਸੀਸੀ ਅਤੇ ਪ੍ਰੀਕਾਸਟ ਨਿਰਮਾਣ ਟੈਕਨੋਲੋਜੀ ਦੇ ਨਾਲ-ਨਾਲ ਪ੍ਰਭਾਵੀ ਜਲ ਨਿਕਾਸੀ ਪ੍ਰਣਾਲੀ ਅਤੇ ਹੜ੍ਹ-ਰੋਧੀ ਉਪਾਅ ਸ਼ਾਮਲ ਕੀਤੇ ਗਏ ਹਨ, ਤਾਕਿ ਸਾਰੇ ਮੌਸਮਾਂ ਵਿੱਚ ਇਸ ਦੀ ਮਜ਼ਬੂਤੀ, ਸਥਿਰਤਾ ਅਤੇ ਭਰੋਸੇਯੋਗਤਾ ਸੁਨਿਸ਼ਚਿਤ ਕੀਤੀ ਜਾ ਸਕੇ।

ਇਸ ਪ੍ਰੋਜੈਕਟ ‘ਤੇ ਕਾਰਜ ਜੁਲਾਈ 2026 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਨੇ ਸ਼ੁਰੂ ਤੋਂ 12 ਮਹੀਨਿਆਂ ਦੇ ਅੰਦਰ ਪੂਰਾ ਕਰਨ ਦਾ ਲਕਸ਼ ਰੱਖਿਆ ਗਿਆ ਹੈ।

×