-ਮੁੱਖ ਮੰਤਰੀ ਨੂੰ ਚਿਤਾਵਨੀ, ਕੰਡੇ ਬੀਜ ਕੇ ਆਪਣੇ ਲਈ ਸੂਲਾਂ ਦੀ ਸੇਜ ਤਿਆਰ ਨਾ ਕਰੋ
-ਗੁਨੀਵ ਕੌਰ ਮਜੀਠੀਆ ਨਾਲ ਪੁਲਸੀਆਂ ਵਧੀਕੀ ਦੀ ਜੋਰਦਾਰ ਨਿੰਦਾ
-ਭਾਜਪਾ ਲੋਕਤੰਤਰ ਦੀ ਰਾਖੀ ਲਈ ਦ੍ਰਿੜ, ਸਰਕਾਰ ਦੇ ਹਰੇਕ ਜਬਰ ਦਾ ਹੋਵੇਗਾ ਟਾਕਰਾ
ਚੰਡੀਗੜ੍ਹ, 18 ਮਈ
ਕਿਸੇ ਵੀ ਤਰੀਕੇ, ਲੋਕਲ ਬੌਡੀ ਚੋਣਾਂ ਜਿੱਤਣ ਦੇ ਜਨੂੰਨ ਵਿਚ ਹੰਕਾਰੀ ਹੋਈ ਭਗਵੰਤ ਮਾਨ ਸਰਕਾਰ ਹੁਣ ਮਹਿਲਾਵਾਂ ਦਾ ਸਤਿਕਾਰ ਵੀ ਭੁੱਲ ਗਈ ਹੈ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਕ ਪ੍ਰੈਸ ਬਿਆਨ ਵਿਚ ਆਖੀ ਹੈ।
ਭਾਜਪਾ ਪ੍ਰਧਾਨ ਨੇ ਵਿਧਾਇਕ ਗੁਨੀਵ ਕੌਰ ਮਜੀਠੀਆ ਨਾਲ ਪੁਲਿਸ ਅਧਿਕਾਰੀ ਵੱਲੋਂ ਕੀਤੀ ਬਦਸਲੁਕੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸੋਸ਼ਲ ਮੀਡੀਆ ਤੇ ਇਸ ਬਾਰੇ ਆਪਣੀ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ,
ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਨਾਂ ਤੇ ਕਰੋੜਾਂ ਰੁਪਏ ਪ੍ਰਚਾਰ ਤੇ ਖਰਚ ਕਰਨ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਪੁਲਿਸ ਤੰਤਰ ਇੱਕ ਮਹਿਲਾ ਵਿਧਾਇਕ ਗੁਨੀਵ ਕੌਰ ਮਜੀਠੀਆ ਜੀ ਨਾਲ ਜਿਸ ਤਰ੍ਹਾਂ ਦਾ ਵਿਹਾਰ ਕਰ ਰਿਹਾ ਹੈ, ਉਸਨੇ ਇਸ ਸਰਕਾਰ ਦੇ ਅਸਲ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ। ਮਹਿਲਾ ਵਿਧਾਇਕ ਅਤੇ ਹੋਰ ਔਰਤਾਂ ਨਾਲ ਪੁਲਸੀਆ ਧੱਕੇਸ਼ਾਹੀ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਾ ਹਾਂ। ਭਗਵੰਤ ਮਾਨ ਜੀ, ਪੰਜਾਬ ਲੋਕ ਤੰਤਰ ਨਾਲ ਚੱਲੇਗਾ, ਪੁਲਿਸ ਤੰਤਰ ਨਾਲ ਨਹੀਂ।
ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿਵੇਂ ਕਿ ਆਪ ਦੇ ਆਗੂ ਮਨੀਸ਼ ਸਿਸ਼ੋਦੀਆਂ ਨੇ ਚੋਣਾਂ ਜਿੱਤਣ ਲਈ ਆਪਣੇ ਤੰਤਰ ਨੂੰ ਕੋਈ ਵੀ ਤਰੀਕਾ ਵਰਤਣ ਦੀ ਕੁਝ ਮਹੀਨੇ ਪਹਿਲਾਂ ਜੋ ਟ੍ਰੇਨਿੰਗ ਦਿੱਤੀ ਸੀ, ਉਸਤੇ ਅਮਲ ਕਰਦਿਆਂ ਇਹ ਪਾਰਟੀ ਹੁਣ ਮਹਿਲਾਵਾਂ ਦੇ ਸਤਿਕਾਰ ਦੀ ਭਾਰਤੀ ਮਰਿਆਦਾ ਵੀ ਭੁੱਲ ਚੁੱਕੀ ਹੈ। ਕਿੱਧਰੇ ਐਨਓਸੀ ਨਾ ਦੇਕੇ, ਕਿੱਧਰੇ ਨਾਮਜਦਗੀ ਸਮੇਂ ਪਰਚੇ ਖੋਹ ਕੇ ਭੱਜਣ ਤੇ ਕਿੱਧਰੇ ਨਜਾਇਜ਼ ਤਰੀਕੇ ਨਾਲ ਕਾਗਜ ਰੱਦ ਕਰਨ ਵਰਗੇ ਸਾਰੇ ਹਰਬੇ ਇਹ ਪਾਰਟੀ ਚੋਣਾਂ ਲੁੱਟਣ ਲਈ ਕਰ ਰਹੀ ਹੈ। ਪਰ ਇਸ ਸਭ ਕੁਝ ਵਿਚਕਾਰ ਜਿਸ ਤਰਾਂ ਦਾ ਮਹਿਲਾ ਵਿਧਾਇਕ ਨਾਲ ਅੱਤ ਨਿੰਦਨਯੋਗ ਵਿਹਾਰ ਇਸ ਸਰਕਾਰ ਦੇ ਰਾਜ ਵਿਚ ਹੋਇਆ ਹੈ ਉਹ ਇਸਦੇ ਮਹਿਲਾਵਾਂ ਵਿਰੋਧੀ ਰਵਈਏ ਨੂੰ ਜਨਤਕ ਕਰਨ ਲਈ ਕਾਫੀ ਹੈ।
ਭਾਜਪਾ ਪ੍ਰਧਾਨ ਨੇ ਆਖਿਆ ਕਿ ਮੁੱਖ ਮੰਤਰੀ ਅਜਿਹੇ ਕੰਡੇ ਨਾ ਬੀਜਣ ਜਿਸਦੀਆਂ ਸੂਲਾਂ ਬਾਅਦ ਵਿਚ ਉਨ੍ਹਾਂ ਨੂੰ ਤਕਲੀਫ ਦੇਣ। ਉਨ੍ਹਾਂ ਆਖਿਆ ਕਿ ਕਿੱਕਰਾਂ ਬੀਜ ਕੇ ਫੁੱਲ ਨਹੀਂ ਮਿਲਣੇ। ਉਨ੍ਹਾਂ ਕਿਹਾ ਕਿ ਪੰਜਾਬ ਹਰੇਕ ਗਤੀਵਿਧੀ ਨੂੰ ਵੇਖ ਰਿਹਾ ਹੈ। ਉਨ੍ਹਾਂ ਆਖਿਆ ਕਿ ਚੰਗਾ ਹੋਵੇ ਕਿ ਸਰਕਾਰ ਲੋਕਤੰਤਰ ਦੀਆਂ ਮਰਿਆਦਾਵਾਂ ਅਨੁਸਾਰ ਨਿਰਪੱਖ ਤਰੀਕੇ ਨਾਲ ਚੋਣ ਹੋਣ ਦੇਵੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਹਰੇਕ ਜਬਰ ਦਾ ਡੱਟ ਕੇ ਵਿਰੋਧ ਕਰੇਗੀ ਅਤੇ ਹਰ ਹਾਲਤ ਲੋਕਤੰਤਰ ਦੀ ਰਾਖੀ ਕੀਤੀ ਜਾਵੇਗੀ।

×