ਚੰਡੀਗੜ੍ਹ, 21 ਮਈ, 2026:
ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਅੱਜ ਵਣ ਵਿਭਾਗ, ਵਾਤਾਵਰਣ ਵਿਭਾਗ, ਸਾਇੰਸ ਅਤੇ ਟੈਕਨੋਲੋਜੀ ਅਤੇ ਅਖੁੱਟ ਊਰਜਾ ਵਿਭਾਗ (ਡੀਐੱਸਟੀ ਐਂਡ ਆਰਈ/DST&RE), ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ/CPCC) ਦੁਆਰਾ ਸੰਚਾਲਿਤ ਵਿਭਿੰਨ ਪ੍ਰੋਜੈਕਟਾਂ ਅਤੇ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਸਮੀਖਿਆ ਮੀਟਿੰਗ ਵਿੱਚ ਸਕੱਤਰ ਵਣ ਸ਼੍ਰੀ ਮਨਦੀਪ ਸਿੰਘ ਬਰਾੜ; ਮੁੱਖ ਵਣਪਾਲ-ਅਤੇ-ਮੁੱਖ ਵਣਜੀਵ ਵਾਰਡਨ ਸ਼੍ਰੀ ਸੌਰਭ ਕੁਮਾਰ; ਐਡੀਸ਼ਨਲ ਡਾਇਰੈਕਟਰ, ਵਾਤਾਵਰਣ ਵਿਭਾਗ ਸ਼੍ਰੀ ਅਨੂਪ ਕੁਮਾਰ ਸੋਨੀ; ਡਾਇਰੈਕਟਰ ਸਾਇੰਸ ਤੇ ਟੈਕਨੋਲੋਜੀ ਅਤੇ ਅਖੁੱਟ ਊਰਜਾ ਸ਼੍ਰੀ ਨਿਤੀਸ਼ ਸਿੰਗਲਾ ਸਹਿਤ ਹੋਰ ਸੀਨੀਅਰ ਅਧਿਕਾਰੀ ਉਪਸਥਿਤ ਰਹੇ।
ਮੀਟਿੰਗ ਦੇ ਦੌਰਾਨ ਮੁੱਖ ਵਣਪਾਲ (ਸੀਸੀਐੱਫ/CCF) ਨੇ ਚੰਡੀਗੜ੍ਹ ਦੇ ਵਣ ਅਤੇ ਰੁੱਖਾਂ ਦੇ ਕਵਰ ਬਾਰੇ ਵਿਸਤ੍ਰਿਤ ਪ੍ਰਸਤੁਤੀ ਦਿੱਤੀ ਅਤੇ ਵਣਾਂ ਦੇ ਵਿਗਿਆਨਿਕ ਪ੍ਰਬੰਧਨ ਅਤੇ ਵਣਜੀਵ ਆਵਾਸਾਂ ਦੇ ਸਮੇਕਿਤ ਵਿਕਾਸ ਹਿਤ ਵਿਭਾਗ ਦੁਆਰਾ ਕੀਤੇ ਜਾ ਰਹੇ ਵਿਭਿੰਨ ਕਾਰਜਾਂ ਦੀ ਜਾਣਕਾਰੀ ਦਿੱਤੀ।
ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਗ੍ਰੀਨਿੰਗ ਚੰਡੀਗੜ੍ਹ ਐਕਸ਼ਨ ਪਲਾਨ 2025-26 ਦੇ ਤਹਿਤ 5,76,221 ਬੂਟੇ ਲਗਾਉਣ ਦੇ ਲਕਸ਼ ਦੇ ਮੁਕਾਬਲੇ ਵਿਭਿੰਨ ਗ੍ਰੀਨਿੰਗ ਏਜੰਸੀਆਂ ਅਤੇ ਹੋਰ ਹਿਤਧਾਰਕਾਂ ਦੁਆਰਾ ਕੁੱਲ 6,64,133 ਬੂਟੇ ਲਗਾਏ ਗਏ ਹਨ, ਜਿਨ੍ਹਾਂ ਦੀ ਮਾਰਚ 2026 ਤੱਕ ਔਸਤ ਜੀਵਤ ਰਹਿਣ ਦੀ ਦਰ ਲਗਭਗ 79 ਪ੍ਰਤੀਸ਼ਤ ਰਹੀ। ਮੀਟਿੰਗ ਵਿੱਚ ਵਿਭਾਗ ਦੁਆਰਾ ਕੀਤੇ ਜਾ ਰਹੇ ਪ੍ਰਮੁੱਖ ਕਾਰਜਾਂ, ਜਿਨ੍ਹਾਂ ਵਿੱਚ ਵਾਇਲਡਲਾਇਫ ਇੰਸਟੀਟਿਊਟ ਆਵ੍ ਇੰਡੀਆ, ਦੇਹਰਾਦੂਨ ਦੇ ਸਹਿਯੋਗ ਨਾਲ ਵਣਜੀਵ ਸਰਵੇਖਣ, ਫਿਸ਼ ਡਾਇਵਰਸਿਟੀ ਸਟਡੀ ਅਤੇ ਵੈਟਲੈਂਡ ਮਿੱਤਰ ਪ੍ਰੋਗਰਾਮ ਸ਼ਾਮਲ ਹਨ, ਦੀ ਵੀ ਜਾਣਕਾਰੀ ਦਿੱਤੀ ਗਈ।
ਸ਼੍ਰੀ ਮਨਦੀਪ ਸਿੰਘ ਬਰਾੜ, ਸਕੱਤਰ ਵਣ ਨੇ ਦੱਸਿਆ ਕਿ ਵਰ੍ਹੇ 2026-27 ਲਈ ਪੌਦੇ ਲਗਾਉਣ ਦੀ ਯੋਜਨਾ ਤਿਆਰੀ ਦੇ ਅੰਤਿਮ ਪੜਾਅ ‘ਤੇ ਹੈ ਅਤੇ ਵਿਭਾਗ ਮਾਤਰਾ ਦੀ ਬਜਾਏ ਗੁਣਵੱਤਾਪੂਰਨ ਪੌਦੇ ਲਗਾਉਣ ‘ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਲਈ ਵੰਡ ਸਹਿਤ 4,10,725 ਪੌਦੇ ਲਗਾਉਣ ਦਾ ਲਕਸ਼ ਨਿਰਧਾਰਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਵਿਭਾਗ ਸੁਖਨਾ ਚੋਅ ਵਣ ਖੇਤਰ ਵਿੱਚ ਇੱਕ ਸਿਟੀ ਫੌਰੈਸਟ ਵਿਕਸਿਤ ਕਰਨ ਦੇ ਪ੍ਰੋਜੈਕਟ ‘ਤੇ ਵੀ ਕਾਰਜ ਕਰ ਰਿਹਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸੰਭਾਲ਼ ਅਤੇ ਵਾਤਾਵਰਣਕ ਜਾਗਰੂਕਤਾ ਨੂੰ ਹੁਲਾਰਾ ਦੇਣਾ, ਟਿਕਾਊ ਈਕੋ-ਟੂਰਿਜ਼ਮ ਵਿਕਸਿਤ ਕਰਨਾ, ਜਾਗਰੂਕਤਾ, ਸਿੱਖਿਆ ਅਤੇ ਸਮਰੱਥਾ ਨਿਰਮਾਣ ਨੂੰ ਪ੍ਰੋਤਸਾਹਿਤ ਕਰਨਾ ਅਤੇ ਵਿਵਹਾਰਿਕ ਅਤੇ ਅਨੁਭਵਾਨਾਤਮਕ ਲਰਨਿੰਗ ਨੂੰ ਹੁਲਾਰਾ ਦੇਣਾ ਹੈ। ਪ੍ਰੋਜੈਕਟ ਦਾ ਉਦੇਸ਼ ਕੁਦਰਤ-ਅਧਾਰਿਤ ਸਿੱਖਣ ਦੇ ਅਵਸਰਾਂ ਦੇ ਜ਼ਰੀਏ ਵਾਤਾਵਰਣ, ਵਣ ਅਤੇ ਵਣਜੀਵ ਸੰਭਾਲ਼ ਪ੍ਰਤੀ ਜਨ-ਜਾਗਰੂਕਤਾ ਵਧਾਉਣਾ ਅਤੇ ਚੰਡੀਗੜ੍ਹ ਵਿੱਚ ਵਾਤਾਵਰਣਕ ਤੌਰ ‘ਤੇ ਸੰਤੁਲਿਤ ਅਤੇ ਆਰਥਿਕ ਤੌਰ ‘ਤੇ ਵਿਵਹਾਰਿਕ ਈਕੋ-ਟੂਰਿਜ਼ਮ ਨੂੰ ਹੁਲਾਰਾ ਦੇਣਾ ਹੈ।
ਮੀਟਿੰਗ ਵਿੱਚ ਪਹਿਲਾਂ ਦੀ ਸਮੀਖਿਆ ਕਰਦੇ ਹੋਏ ਮੁੱਖ ਸਕੱਤਰ ਨੇ ਵਿਭਾਗ ਨੂੰ ਵਣਾਂ ਦੇ ਵਿਗਿਆਨਿਕ ਪ੍ਰਬੰਧਨ ਅਤੇ ਢੁਕਵੀਂ ਸੰਭਾਲ਼ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਸਾਇਟ-ਵਿਸ਼ੇਸ਼ ਦੀਆਂ ਜ਼ਰੂਰਤਾਂ ਦੇ ਧਿਆਨ ਨਾਲ ਮੁੱਲਾਂਕਣ ਤੋਂ ਬਾਅਦ ਹੀ ਕੀਤੀਆਂ ਜਾਣ ਅਤੇ ਬਿਹਤਰ ਵਿਕਾਸ ਅਤੇ ਬਚਾਅ ਲਈ ਢੁਕਵੀਆਂ ਪ੍ਰਜਾਤੀਆਂ ਦੀ ਸਿਲੈਕਸ਼ਨ ਕਰਕੇ ਲਗਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਉਚਿਤ ਰੱਖ-ਰਖਾਅ ਸੁਨਿਸ਼ਚਿਤ ਕੀਤਾ ਜਾਵੇ। ਉਨ੍ਹਾਂ ਨੇ ਵਿਗਿਆਨਿਕ ਵਣ ਪ੍ਰਬੰਧਨ ਹਿਤ ਕਾਰਜ ਯੋਜਨਾ ਦੀ ਤਿਆਰੀ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ। ਸ਼ਹਿਰੀ ਖੇਤਰਾਂ ਵਿੱਚ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਉਚਿਤ ਰੰਗ-ਬਿਰੰਗੀਆਂ ਝਾੜੀਆਂ ਲਗਾਉਣ ਨੂੰ ਹੁਲਾਰਾ ਦੇਣ ‘ਤੇ ਵੀ ਜ਼ੋਰ ਦਿੱਤਾ ਗਿਆ।
ਸ਼੍ਰੀ ਨਿਤੀਸ਼ ਸਿੰਗਲਾ,ਡਾਇਰੈਕਟਰ
ਸਾਇੰਸ ਤੇ ਟੈਕਨੋਲੋਜੀ ਅਤੇ ਅਖੁੱਟ ਊਰਜਾ ਨੇ ਵਿਭਾਗ ਦੁਆਰਾ ਸੰਚਾਲਿਤ ਵਿਭਿੰਨ ਯੋਜਨਾਵਾਂ, ਜਿਨ੍ਹਾਂ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਸਪੋਰਟ ਟੂ ਰਿਸਰਚ ਇੰਸਟੀਟਿਊਸ਼ਨਸ, ਪਾਪੂਲਰਾਇਜੇਸ਼ਨ ਆਵ੍ ਸਾਇੰਸ, ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਅਤੇ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਸ਼ਾਮਲ ਹਨ,’ਤੇ ਪ੍ਰਸਤੁਤੀ ਦਿੱਤੀ।
ਮੁੱਖ ਸਕੱਤਰ ਨੇ ਕਿਹਾ ਕਿ ਰਿਸਰਚ ਐਂਡ ਡਿਵੈਲਪਮੈਂਟ ਯੋਜਨਾ ਦਾ ਫੋਕਸ ਇਨੋਵੇਸ਼ਨ ਨੂੰ ਹੁਲਾਰਾ ਦੇਣ, ਵਿਗਿਆਨਿਕ ਖੋਜ ਨੂੰ ਮਜ਼ਬੂਤ ਕਰਨ ਅਤੇ ਸਮਾਜ ‘ਤੇ ਵਿਆਪਕ ਪ੍ਰਭਾਵ ਪਾਉਣ ਵਾਲੇ ਠੋਸ ਪਰਿਣਾਮ ਸੁਨਿਸ਼ਚਿਤ ਕਰਨ ‘ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਪੂਲਰਾਇਜੇਸ਼ਨ ਆਵ੍ ਸਾਇੰਸ ਪ੍ਰੋਗਰਾਮ ਦਾ ਵਿਸਤਾਰ ਕਰਕੇ ਇਸ ਨੂੰ ਈਕੋ-ਕਲੱਬ ਗਤੀਵਿਧੀਆਂ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਨੇ ਵਿਭਾਗ ਨੂੰ ਸਾਰੇ ਲੰਬਿਤ ਪ੍ਰੋਜੈਕਟਾਂ ਨੂੰ ਤਿੰਨ ਮਹੀਨਿਆਂ ਦੀ ਮਿਆਦ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।