ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਪ੍ਰਤਿਸ਼ਠਿਤ ਇੰਟਰਨੈਸ਼ਨਲ ਐਥਲੈਟਿਕਸ ਈਵੈਂਟ ਦੀ ਮੇਜ਼ਬਾਨੀ ਮਿਲਣ ‘ਤੇ ਖੁਸ਼ੀ ਵਿਅਕਤ ਕੀਤੀ
ਸ਼ਹਿਰ ਦੇ ਖੇਡ ਪਰਿਦ੍ਰਿਸ਼ ਲਈ ਇੱਕ ਬੜੀ ਉਪਲਬਧੀ ਦੇ ਰੂਪ ਵਿੱਚ, ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਨੇ ਚੰਡੀਗੜ੍ਹ ਨੂੰ ਪ੍ਰਤਿਸ਼ਠਿਤ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਦਾ ਅਧਿਕਾਰ ਪ੍ਰਦਾਨ ਕੀਤਾ ਹੈ। ਮਈ 2027 ਵਿੱਚ ਚੰਡੀਗੜ੍ਹ ਵਿੱਚ ਆਯੋਜਿਤ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਐਥਲੈਟਿਕਸ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਏਸ਼ੀਆ ਦੇ ਪ੍ਰਮੁੱਖ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਣਗੇ। ਇਹ ਆਯੋਜਨ ਚੰਡੀਗੜ੍ਹ ਨੂੰ ਇੰਟਰਨੈਸ਼ਨਲ ਖੇਡ ਨਕਸ਼ੇ ‘ਤੇ ਇੱਕ ਮਹੱਤਵਪੂਰਨ ਪਹਿਚਾਣ ਦਿਵਾਏਗਾ।
ਸੰਨ 1989 ਵਿੱਚ ਆਯੋਜਿਤ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਤੋਂ ਬਾਅਦ ਇਹ ਪਹਿਲਾ ਅਵਸਰ ਹੋਵੇਗਾ ਜਦੋਂ ਚੰਡੀਗੜ੍ਹ ਕਿਸੇ ਬੜੀ ਇੰਟਰਨੈਸ਼ਨਲ ਖੇਡ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਤਿੰਨ ਦਹਾਕਿਆਂ ਤੋਂ ਅਧਿਕ ਸਮੇਂ ਬਾਅਦ ਇਹ ਸ਼ਹਿਰ ਲਈ ਇੱਕ ਮਹੱਤਵਪੂਰਨ ਉਪਲਬਧੀ ਮੰਨੀ ਜਾ ਰਹੀ ਹੈ।
ਇਸ ਸਬੰਧ ਵਿੱਚ ਨਿਰਣਾ ਅੱਜ ਹਾਂਗਕਾਂਗ ਵਿੱਚ ਆਯੋਜਿਤ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਦੀ ਕੌਂਸਲ ਮੀਟਿੰਗ ਵਿੱਚ ਲਿਆ ਗਿਆ। ਮਾਣਯੋਗ ਪ੍ਰਸ਼ਾਸਕ, ਯੂ.ਟੀ. ਚੰਡੀਗੜ੍ਹ, ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ‘ਤੇ ਚੰਡੀਗੜ੍ਹ ਦੀ ਤਰਫ਼ੋਂ ਪ੍ਰਸਤੁਤੀ ਸ਼੍ਰੀ ਮਨਦੀਪ ਸਿੰਘ ਬਰਾੜ, ਗ੍ਰਹਿ ਸਕੱਤਰ, ਚੰਡੀਗੜ੍ਹ ਪ੍ਰਸ਼ਾਸਨ ਅਤੇ ਐਥਲੈਟਿਕਸ ਫੈਡਰੇਸ਼ਨ ਆਵ੍ ਇੰਡੀਆ ਦੇ ਡਾਇਰੈਕਟਰ ਕੰਪੀਟੀਸ਼ਨਸ ਸ਼੍ਰੀ ਰਵਿੰਦਰ ਚੌਧਰੀ ਦੁਆਰਾ ਦਿੱਤੀ ਗਈ।
ਪ੍ਰਸਤੁਤੀ ਦੇ ਦੌਰਾਨ ਗ੍ਰਹਿ ਸਕੱਤਰ ਨੇ ਚੰਡੀਗੜ੍ਹ ਦੇ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚੇ, ਉਤਕ੍ਰਿਸ਼ਟ ਕਨੈਕਟਿਵਿਟੀ, ਸੁਨਿਯੋਜਿਤ ਸ਼ਹਿਰੀ ਵਿਕਾਸ, ਹਰਿਤ ਵਾਤਾਵਰਣ, ਪ੍ਰਾਹੁਣਾਚਾਰੀ ਅਤੇ ਚੰਡੀਗੜ੍ਹ ਨੂੰ ਖੇਡ ਉਤਕ੍ਰਿਸ਼ਟਤਾ ਦਾ ਕੇਂਦਰ ਬਣਾਉਣ ਲਈ ਮਾਣਯੋਗ ਪ੍ਰਸ਼ਾਸਕ ਦੀ ਪ੍ਰਤੀਬੱਧਤਾ ਨੂੰ ਪ੍ਰਮੁੱਖਤਾ ਨਾਲ ਪ੍ਰਸਤੁਤ ਕੀਤਾ।
ਇਸ ਉਪਲਬਧੀ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਪ੍ਰਸ਼ਾਸਕ, ਯੂ.ਟੀ. ਚੰਡੀਗੜ੍ਹ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ, “ਮੈਨੂੰ ਅਤਿਅੰਤ ਖੁਸ਼ੀ ਹੈ ਕਿ ਚੰਡੀਗੜ੍ਹ ਨੂੰ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਇਹ ਪੂਰੇ ਸ਼ਹਿਰ ਲਈ ਮਾਣ ਵਾਲਾ ਪਲ ਹੈ ਅਤੇ ਇੰਟਰਨੈਸ਼ਨਲ ਸਪੋਰਟਸ ਈਵੈਂਟਸ ਦੇ ਕੇਂਦਰ ਦੇ ਰੂਪ ਵਿੱਚ ਚੰਡੀਗੜ੍ਹ ਦੀ ਵਧਦੀ ਪਹਿਚਾਣ ਦਾ ਪ੍ਰਮਾਣ ਵੀ ਹੈ। ‘ਸਿਟੀ ਬਿਊਟੀਫੁੱਲ’ ਏਸ਼ੀਆ ਭਰ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਮਹਿਮਾਨਾਂ ਦੇ ਸੁਆਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਚੰਡੀਗੜ੍ਹ ਪ੍ਰਸ਼ਾਸਨ ਖੇਡ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਨਿਰੰਤਰ ਸਮਰਪਿਤ ਭਾਵ ਨਾਲ ਕਾਰਜ ਕਰਦਾ ਰਹੇਗਾ।”
ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਜਨਰਲ ਦਹਲਾਨ ਜੁਮਾ ਅਲ-ਹਮਦ ਨੇ ਚੰਡੀਗੜ੍ਹ ਨੂੰ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲਣ ‘ਤੇ ਗ੍ਰਹਿ ਸਕੱਤਰ ਨੂੰ ਵਧਾਈ ਦਿੱਤੀ। ਇਸ ਅਵਸਰ ‘ਤੇ ਗ੍ਰਹਿ ਸਕੱਤਰ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਤਰਫ਼ੋਂ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਆਈਕਾਨਿਕ ‘ਓਪਨ ਹੈਂਡ’ ਯਾਦਗਾਰੀ ਚਿੰਨ੍ਹ ਭੇਟ ਕੀਤਾ ਅਤੇ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਅਤੇ ਐਥਲੈਟਿਕਸ ਫੈਡਰੇਸ਼ਨ ਆਵ੍ ਇੰਡੀਆ ਦਾ ਚੰਡੀਗੜ੍ਹ ‘ਤੇ ਵਿਸ਼ਵਾਸ ਜਤਾਉਣ ਲਈ ਆਭਾਰ ਵਿਅਕਤ ਕੀਤਾ।
ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲਣਾ ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਸ਼ਹਿਰ ਵਿੱਚ ਸਪੋਰਟਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਹਿਤ ਕੀਤੇ ਜਾ ਰਹੇ ਨਿਰੰਤਰ ਪ੍ਰਯਾਸਾਂ ਦਾ ਪਰਿਣਾਮ ਹੈ। ਇਹ ਆਯੋਜਨ ਖੇਡ ਬੁਨਿਆਦੀ ਢਾਂਚੇ ਦੀ ਹੋਰ ਅਪਗ੍ਰੇਡੇਸ਼ਨ ਲਈ ਸਹਾਇਕ ਸਿੱਧ ਹੋਵੇਗਾ ਅਤੇ ਚੰਡੀਗੜ੍ਹ ਨੂੰ ਭਵਿੱਖ ਵਿੱਚ ਨੈਸ਼ਨਲ ਅਤੇ ਇੰਟਰਨੈਸ਼ਨਲ ਖੇਡ ਆਯੋਜਨਾਂ ਲਈ ਇੱਕ ਪਸੰਦੀਦਾ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।