ਉਪ ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ; ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਡਾ. ਮਨਸੁਖ ਮਾਂਡਵੀਆ ਅਤੇ ਸ਼੍ਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕੀਤੀ

ਪੰਜਾਬ ਅਤੇ ਚੰਡੀਗੜ੍ਹ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ‘ਤੇ ਹੋਈ ਚਰਚਾ

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਅਤੇ ਵਿਭਿੰਨ ਕੇਂਦਰੀ ਮੰਤਰੀਆਂ ਨਾਲ ਸ਼ਾਸਨ, ਸੱਭਿਆਚਾਰ, ਖੇਡਾਂ ਅਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਜੁੜੇ ਵਿਸ਼ਿਆਂ ‘ਤੇ ਚਰਚਾ ਕੀਤੀ।

ਸ਼੍ਰੀ ਕਟਾਰੀਆ ਨੇ ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉਪ ਰਾਸ਼ਟਰਪਤੀ ਨੂੰ ਪੰਜਾਬ ਅਤੇ ਚੰਡੀਗੜ੍ਹ ਨਾਲ ਸਬੰਧਿਤ ਵਿਭਿੰਨ ਵਿਕਾਸਾਤਮਕ ਪਹਿਲਾਂ ਅਤੇ ਪ੍ਰਸ਼ਾਸਨਿਕ ਪ੍ਰਾਥਮਿਕਤਾਵਾਂ ਦੀ ਜਾਣਕਾਰੀ ਦਿੱਤੀ ਅਤੇ ਜਨ ਹਿਤ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ‘ਤੇ ਉਨ੍ਹਾਂ ਨਾਲ ਵਿਚਾਰ -ਵਟਾਂਦਰਾ ਕੀਤਾ।

ਇਸ ਤੋਂ ਬਾਅਦ ਸ਼੍ਰੀ ਕਟਾਰੀਆ ਨੇ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਮਿਊਜ਼ੀਅਮ ਗ੍ਰਾਂਟ ਸਕੀਮ ਦੇ ਤਹਿਤ ਗਵਰਨਮੈਂਟ ਮਿਊਜ਼ੀਅਮ ਐਂਡ ਆਰਟ ਗੈਲਰੀ, ਚੰਡੀਗੜ੍ਹ ਦੀ ਅਪਗ੍ਰੇਡੇਸ਼ਨ ਹਿਤ ਸਹਿਯੋਗ ਦੀ ਬੇਨਤੀ ਕੀਤੀ। ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਆਰਕੀਟੈਕਟ ਲੀ ਕਾਰਬੁਜ਼ੀਅਰ ਦੁਆਰਾ ਡਿਜ਼ਾਈਨ ਕੀਤੀ ਗਈ ਇਸ ਪ੍ਰਤਿਸ਼ਠਿਤ ਗ੍ਰੇਡ-1 ਵਿਰਾਸਤ ਸੰਸਥਾ ਦੀ ਸੰਭਾਲ਼ ਅਤੇ ਆਧੁਨਿਕੀਕਰਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਪ੍ਰਸਤਾਵਿਤ ਪ੍ਰੋਜੈਕਟ ਦਾ ਉਦੇਸ਼ ਮਿਊਜ਼ੀਅਮ ਦੀਆਂ ਅਮੁੱਲ ਧਰੋਹਰਾਂ ਦੀ ਸੰਭਾਲ਼ ਨੂੰ ਮਜ਼ਬੂਤ ​​ਕਰਨਾ, ਇਸ ਦੀ ਵਾਸਤੂਕਲਾ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਅਤੇ ਆਧੁਨਿਕ ਮਿਊਜ਼ੀਅਮ ਦੇ ਮਿਆਰਾਂ ਦੇ ਅਨੁਰੂਪ ਸੈਲਾਨੀ ਸੁਵਿਧਾਵਾਂ ਨੂੰ ਬਿਹਤਰ ਬਣਾਉਣਾ ਹੈ।

ਇੱਕ ਹੋਰ ਮੀਟਿੰਗ ਵਿੱਚ ਸ਼੍ਰੀ ਕਟਾਰੀਆ ਨੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ, ਡਾ. ਮਨਸੁਖ ਮਾਂਡਵੀਆ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਵਿੱਚ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ-2027, 21ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ-2027 ਅਤੇ ਨਵੰਬਰ 2026 ਵਿੱਚ ਪ੍ਰਸਤਾਵਿਤ ਦੂਜੇ ਅੰਤਰਰਾਸ਼ਟਰੀ ਚੰਡੀਗੜ੍ਹ ਮੈਰਾਥਨ ਜਿਹੇ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਨਾਲ ਸਬੰਧਿਤ ਚੰਡੀਗੜ੍ਹ ਦੇ ਪ੍ਰਸਤਾਵਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਸੈਕਟਰ-42 ਸਥਿਤ ਸਪੋਰਟਸ ਕੰਪਲੈਕਸ ਵਿਖੇ ਅਤਿ-ਆਧੁਨਿਕ ਅੰਤਰਰਾਸ਼ਟਰੀ ਬਹੁ-ਉਦੇਸ਼ੀ ਇਨਡੋਰ ਸਪੋਰਟਸ ਹਾਲ ਦੀ ਸਥਾਪਨਾ ਲਈ ਵੀ ਸਹਿਯੋਗ ਦੀ ਬੇਨਤੀ ਕੀਤੀ। ਕੇਂਦਰੀ ਖੇਡ ਮੰਤਰੀ ਨੇ ਚੰਡੀਗੜ੍ਹ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਅਤੇ ਖੇਡ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਸ਼੍ਰੀ ਕਟਾਰੀਆ ਨੇ ਪੰਜਾਬ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਵੀ ਸਹਿਯੋਗ ਦੀ ਬੇਨਤੀ ਕੀਤੀ।

ਬਾਅਦ ਵਿੱਚ ਸ਼੍ਰੀ ਕਟਾਰੀਆ ਨੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕੀਤੀ ਅਤੇ ਕਾਨੂੰਨੀ ਸਮੁਦਾਇ ਨਾਲ ਜੁੜੇ ਵਿਭਿੰਨ ਵਿਸ਼ਿਆਂ, ਵਿਸ਼ੇਸ਼ ਕਰਕੇ ਉਦੈਪੁਰ ਬਾਰ ਐਸੋਸੀਏਸ਼ਨ ਦੁਆਰਾ ਉਠਾਈਆਂ ਗਈਆਂ ਮੰਗਾਂ ‘ਤੇ ਚਰਚਾ ਕੀਤੀ। ਮੀਟਿੰਗ ਵਿੱਚ ਕਾਨੂੰਨੀ ਅਤੇ ਨਿਆਂਇਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਅਤੇ ਵਕੀਲਾਂ ਦੀਆਂ ਚਿੰਤਾਵਾਂ ਦੇ ਸਮਾਧਾਨ ਹਿਤ ਕੀਤੇ ਗਏ ਉਪਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਹ ਮੀਟਿੰਗਾਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼, ਖੇਡਾਂ ਨੂੰ ਪ੍ਰੋਤਸਾਹਨ ਅਤੇ ਪਬਲਿਕ ਸੰਸਥਾਵਾਂ ਨੂੰ ਹੋਰ ਅਧਿਕ ਸਸ਼ਕਤ ਬਣਾਉਣ ਲਈ ਭਾਰਤ ਸਰਕਾਰ ਤੋਂ ਵਿਆਪਕ ਸਹਿਯੋਗ ਪ੍ਰਾਪਤ ਕਰਨ ਹਿਤ ਸ਼੍ਰੀ ਕਟਾਰੀਆ ਦੇ ਨਿਰੰਤਰ ਪ੍ਰਯਾਸਾਂ ਨੂੰ ਦਰਸਾਉਂਦੀਆਂ ਹਨ।

×