ਸਥਾਪਨਾ ਦਿਵਸ ਸਮਾਰੋਹ ਵਿੱਚ ਰਾਜਪਾਲ ਨੇ ਪੰਜਾਬ ਅਤੇ ਪੱਛਮ ਬੰਗਾਲ ਦੀ ਸਾਂਝੀ ਵਿਰਾਸਤ ਨੂੰ ਰੇਖਾਂਕਿਤ ਕੀਤਾ
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਪਹਿਲ ਦੇ ਤਹਿਤ ਪੰਜਾਬ ਲੋਕ ਭਵਨ ਵਿਖੇ ਆਯੋਜਿਤ ਪੱਛਮ ਬੰਗਾਲ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਇਹ ਪਹਿਲ ਵਿਭਿੰਨ ਰਾਜਾਂ ਦੇ ਸਥਾਪਨਾ ਦਿਵਸਾਂ ਦੇ ਜ਼ਰੀਏ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਰਾਸ਼ਟਰੀ ਏਕਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਜਾਂਦੀ ਹੈ।
ਇਸ ਸਮਾਗਮ ਵਿੱਚ ਪੱਛਮ ਬੰਗਾਲ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਵਿਵਿਧ ਸੱਭਿਆਚਾਰਕ ਪ੍ਰਸਤੁਤੀਆਂ ਆਯੋਜਿਤ ਕੀਤੀਆਂ ਗਈਆਂ। ਇਸ ਅਵਸਰ ‘ਤੇ ਪੱਛਮ ਬੰਗਾਲ ਦੇ ਰਾਜਪਾਲ ਦਾ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਵੀ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿੱਚ ਰਾਜ ਦੀ ਸੱਭਿਆਚਾਰਕ ਧਰੋਹਰ ਅਤੇ ਵਿਭਿੰਨ ਖੇਤਰਾਂ ਵਿੱਚ ਹੋਈ ਪ੍ਰਗਤੀ ਨੂੰ ਰੇਖਾਂਕਿਤ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਵਿੱਚ ਰਬਿੰਦਰ ਸੰਗੀਤ, ਬਾਉਲ ਲੋਕ ਸੰਗੀਤ, ਬੱਚਿਆਂ ਦੀਆਂ ਗੀਤ ਅਤੇ ਨ੍ਰਿਤ ਪ੍ਰਸਤੁਤੀਆਂ, ਗੰਗਾ ਨਦੀ ‘ਤੇ ਅਧਾਰਿਤ ਬਿਸਤੀਰਣੋ ਦੁਪਾਰੇ, ਧਿਤਾਂਗ ਧੀਤਾਂਗ ਬੋਲੇ,ਦੇਸ਼ ਭਗਤੀ ਗੀਤ ਅਤੇ ਸਕਿਟ, ਦੁਰਗਾ ਸਤੁਤੀ ਅਤੇ ਦੁਰਗਾ ਪੂਜਾ ਨਾਲ ਜੁੜੇ ਪਰੰਪਰਾਗਤ ਸਿੰਦੂਰ ਖੇਲਾ ਦੀ ਪ੍ਰਸਤੁਤੀ ਰਹੇ।
ਆਪਣੇ ਸੰਬੋਧਨ ਵਿੱਚ ਸ਼੍ਰੀ ਕਟਾਰੀਆ ਨੇ ਪੱਛਮ ਬੰਗਾਲ ਦੇ ਲੋਕਾਂ ਨੂੰ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਰਾਜ ਦੀ ਸਮ੍ਰਿੱਧ ਇਤਿਹਾਸਿਕ, ਸੱਭਿਆਚਾਰਕ, ਸਾਹਿਤਕ, ਵਿਗਿਆਨਿਕ ਅਤੇ ਅਧਿਆਤਮਿਕ ਵਿਰਾਸਤ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਪੱਛਮ ਬੰਗਾਲ ਸਥਾਪਨਾ ਦਿਵਸ 20 ਜੂਨ 1947 ਨੂੰ ਬੰਗਾਲ ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਉਸ ਇਤਿਹਾਸਿਕ ਪ੍ਰਸਤਾਵ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਸ ਸਦਕਾ ਭਾਰਤੀ ਸੰਘ ਦੇ ਤਹਿਤ ਪੱਛਮ ਬੰਗਾਲ ਦਾ ਗਠਨ ਹੋਇਆ।
ਰਾਜਪਾਲ ਨੇ ਕਿਹਾ ਕਿ ਪੰਜਾਬ ਅਤੇ ਪੱਛਮ ਬੰਗਾਲ ਦੋਵੇਂ ਹੀ ਦੇਸ਼ ਭਗਤੀ, ਬਲੀਦਾਨ ਅਤੇ ਸੰਘਰਸ਼ ਦੀ ਸਾਂਝੀ ਵਿਰਾਸਤ ਸਾਂਝੀ ਵਾਲੇ ਰਾਜ ਹਨ। ਦੋਹਾਂ ਰਾਜਾਂ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਅਤੇ ਸੁਤੰਤਰਤਾ ਦੇ ਸਮੇਂ ਵੰਡ ਦੀ ਪੀੜਾ ਦਾ ਵੀ ਸਾਹਮਣਾ ਕੀਤਾ। ਉਨ੍ਹਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ, ਖੁਦੀਰਾਮ ਬੋਸ, ਰਬਿੰਦਰਨਾਥ ਟੈਗੋਰ, ਬੰਕਿਮ ਚੰਦਰ ਚਟੋਪਾਧਿਆਏ, ਸੁਆਮੀ ਵਿਵੇਕਾਨੰਦ, ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿਦਿਆਸਾਗਰ, ਜਗਦੀਸ਼ ਚੰਦਰ ਬੋਸ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀ ਭਾਵਨਾ ‘ਤੇ ਬਲ ਦਿੰਦੇ ਹੋਏ ਸ਼੍ਰੀ ਕਟਾਰੀਆ ਨੇ ਨਾਗਰਿਕਾਂ ਨੂੰ ‘ਰਾਸ਼ਟਰ ਪ੍ਰਥਮ’ ਦੇ ਆਦਰਸ਼ਾਂ ਨੂੰ ਅਪਣਾਉਣ ਅਤੇ ਇਕਜੁੱਟ, ਸਮਾਵੇਸ਼ੀ ਅਤੇ ਪ੍ਰਗਤੀਸ਼ੀਲ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ।
ਇਸ ਅਵਸਰ ‘ਤੇ ਭਾਰਤ ਸਰਕਾਰ ਦੇ ਐਡੀਸ਼ਨਲ ਸਾਲਿਸਟਰ ਜਨਰਲ ਸ਼੍ਰੀ ਸੱਤਿਆ ਪਾਲ ਜੈਨ, ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਸ਼੍ਰੀ ਲਲਿਤ ਜੈਨ ਆਈਏਐੱਸ, ਪ੍ਰਸ਼ਾਸਕ ਦੀ ਸਲਾਹਕਾਰ ਪਰਿਸ਼ਦ ਦੇ ਮੈਂਬਰ ਸ਼੍ਰੀ ਸੰਜੈ ਟੰਡਨ ਅਤੇ ਹੋਰ ਪਤਵੰਤੇ ਮਹਿਮਾਨ ਉਪਸਥਿਤ ਸਨ।
