ਓਸਲੋ (ਨਾਰਵੇ): ਬੀਤੇ ਦਿਨ ਨਾਰਵੇ ਦੀ ਰਾਜਧਾਨੀ ਓਸਲੋ ਵਿਚ ਯੂਰਪ ਦੀ ਪਹਿਲੀ ਵੱਡੀ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਮਸ਼ਹੂਰ ਓਕਰਨ ਸੈਂਟਰ ਵਿਚ ਕੀਤੀ ਗਈ। ਇਸ ਵਿਚ ਦੁਨੀਆਂ ਭਰ ਵਿਚੋਂ ਆਏ ਸਤਿਕਾਰਯੋਗ ਵਿਦਵਾਨ ,ਆਲਮ ਫ਼ਾਜ਼ਲ, ਸਕਾਲਰ, ਹਿਸਟੋਰੀਅਨ, ਪੋਲੀਟੀਕਲ ਸਾਇੰਟਿਸਟ ਤੇ ਇਨਸਾਨੀ ਹੱਕਾਂ ਦੇ ਅਲੰਬਰਦਾਰ ਪੁੱਜੇ ਹੋਏ ਸਨ।
ਇਨ੍ਹਾਂ ਵਿਚ ਸਟਾੱਕਹੋਲਮ ਯੂਨੀਵਰਸਿਟੀ ਸਵੀਡਨ ਤੋਂ ਪ੍ਰੋ ਡਾ ਇਸ਼ਤਿਆਕ ਅਹਿਮਦ, ਭਾਰਤ ਤੋਂ ਬੜੋਦਾ ਗੁਜਰਾਤ ਯੂਨੀਵਰਸਿਟੀ ਦੇ ਡਾ ਰਾਜਕੁਮਾਰ ਹੰਸ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਡਾ ਮੁਹੰਮਦ ਇਕਬਾਲ ਚਾਵਲਾ, ਮਲੇਸ਼ੀਆ ਤੋਂ ਡਾ ਕਰਮਿੰਦਰ ਸਿੰਘ ਢਿੱਲੋਂ, ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਸ. ਬਲਵਿੰਦਰ ਸਿੰਘ ਜੰਮੂ, ਸੁਪਰੀਮ ਕੋਰਟ ਆਫ਼ ਇੰਡੀਆ ਦੇ ਸੀਨੀਅਰ ਐਡਵੋਕੇਟ ਸ ਨਵਕਿਰਨ ਸਿੰਘ, ਬੀਬੀਸੀ ਰੇਡੀਓ ਦੇ ਸ. ਰਵਿੰਦਰ ਸਿੰਘ ਕੁੰਦਰਾ, ਪੰਜਾਬ ਸਟੇਟ ਆਰਕਾਈਵਜ਼ ਦੀ ਬੀਬੀ ਪਰਮਿਦਰ ਕੌਰ (ਪੰਮੀ ਸਿੱਧੂ-ਸੰਧੂ), ਕੈਲੇਫ਼ੋਰਨੀਆ ਤੋਂ ਐਜੂਕੇਸ਼ਨਿਸਟ ਅਤੇ ਬੈਂਕਰ ਸ. ਬਲਵਿੰਦਰ ਸਿੰਘ ਜੱਟਾਣਾ, ਮਸ਼ਹੂਰ ਗੁਰਮਤਿ ਪ੍ਰਚਾਰਕ ਸ. ਪ੍ਰੀਤਮ ਸਿੰਘ ਮਟਵਾਣੀ ਅਤੇ ਹੋਰ ਕਈ ਹਸਤੀਆਂ ਉਚੇਚ ਤੌਰ ਇਸ ਕਾਨਫ਼ਰੰਸ ਵਿਚ ਹਿੱਸਾ ਲੈਣ ਵਾਸਤੇ ਨਾਰਵੇ ਪੁੱਜੀਆਂ ਹੋਈਆਂ ਸਨ।

ਇਸ ਮੌਕੇ ‘ਤੇ ਦੂਜਾ ਮਾਸਟਰ ਤਾਰਾ ਸਿੰਘ ਮੈਮੋਰੀਅਲ ਲੈਕਚਰ ਵੀ ਕਰਵਾਇਆ ਗਿਆ। ਗੁਰੂ ਨਾਨਕ ਇੰਸਟੀਚਿਊਟ ਨੇ ਦੁਨੀਆਂ ਭਰ ਵਿਚ ਪੰਜ ਥਾਂਵਾਂ ਤੇ ਮਾਸਟਰ ਤਾਰਾ ਸਿੰਘ ਮੈਮੋਰੀਅਲ ਲੈਕਚਰ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਇਹ ਉਸ ਲੜੀ ਵਿਚੋਂ ਦੂਜਾ ਲੈਕਚਰ ਸੀ॥ ਮਾਸਟਰ ਤਾਰਾ ਸਿੰਘ ਮੈਮੋਰੀਅਲ ਲੈਕਚਰ ਪ੍ਰੋ ਡਾ ਇਸ਼ਤਿਆਕ ਅਹਿਮਦ ਨੇ ਪੇਸ਼ ਕੀਤਾ।

ਉਨ੍ਹਾਂ ਨੇ ਤਕਰੀਬਨ ਇਕ ਘੰਟਾ ਲੈਕਚਰ ਕੀਤਾ ਜਿਸ ਨੂੰ ਸਾਰੇ ਹਾਜ਼ਰੀਨ ਨੇ ਅੰਤਾਂ ਦੀ ਸ਼ਰਧਾ ਅਤੇ ਸ਼ਾਂਤੀ ਨਾਲ ਸੁਣਿਆ। ਡਾ ਰਾਜ ਕੁਮਾਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਦੇ ਮੁਖ ਲੈਕਚਰ ਪੰਜਾਬ ਯੂਨੀਵਰਸਿਟੀ ਲਾਹੌਰ ਦਾ ਸਾਬਕਾ ਡੀਨ ਪ੍ਰੋ ਮੁਹੰਮਦ ਇਕਬਾਲ ਚਾਵਲਾ ਨੇ ਯੂਨੀਵਰਸਿਟੀ ਵਿਚ ਪੰਜਾਬ ਦੀ ਵੰਡ ਸਬੰਧੀ ਹੋ ਰਹੀ ਖੋਜ ਬਾਰੇ ਭਰਪੂਰ ਜਾਣਕਾਰੀ ਪੇਸ਼ ਕੀਤੀ। ਭਾਰਤ ਦੇ ਜਰਨਲਿਸਟ ਐਸੋਸੀਏਸ਼ਨ ਦੇ ਨੈਸ਼ਨਲ ਪ੍ਰਧਾਨ ਸ. ਬਲਵਿੰਦਰ ਸਿੰਘ ਜੰਮੂ ਨੇ ਭਾਰਤ ਅਤੇ ਪਾਕਿਸਤਾਨ ਦੇ ਜਰਨਲਿਜ਼ਮ ਦੇ ਮਸਲਿਆਂ ‘ਤੇ ਕਮਾਲ ਦਾ ਪੇਪਰ ਪੇਸ਼ ਕੀਤਾ। ਕੈਲੇਫ਼ੋਰਨੀਆ ਦੇ ਸ. ਦਵਿੰਦਰ ਸਿੰਘ ਜੱਟਾਣਾ ਨੇ ਪੰਜਾਬ ਦੀ ਕਿਰਸਾਣੀ ਬਾਰੇ ਪੇਪਰ ਪੜਿਆ ਅਤੇ ਪੰਜਾਬ ਦੀ ਵੰਡ ਬਾਰੇ ਇਕ ਯਾਦਗਾਰੀ ਕਵਿਤਾ ਵੀ ਪੇਸ਼ ਕੀਤੀ। ਮਲੇਸ਼ੀਆ ਦੇ ਡਾ ਕਰਮਿੰਦਰ ਸਿੰਘ ਨੇ ਸਿੱਖ ਫ਼ਲਸਫ਼ੇ ਬਾਰੇ ਖ਼ੂਬਸੂਰਤ ਪੇਪਰ ਪੇਸ਼ ਕੀਤਾ। ਸ. ਪ੍ਰੀਤਮ ਸਿੰਘ ਮਟਵਾਣੀ ਨੇ ਮੌਜੂਦਾ ਹਾਲਤ ਬਾਰੇ ਬਹੁਤ ਵਧੀਆ ਨਜ਼ਮ ਪੇਸ਼ ਕੀਤੀ। ਸ ਰਵਿੰਦਰ ਸਿੰਘ ਕੁੰਦਰਾ ਨੇ ਵੀ ਸਮੇਂ ‘ਤੇ ਢੁਕਦੀ ਕਵਿਤਾ ਪੇਸ਼ ਕੀਤੀ।
ਸਮਾਗਮ ਵਿਚ ਪ੍ਰੋ. ਡਾ ਬਲਜਿੰਦਰ ਸਿੰਘ ਦੀਆਂ ਚਾਰ ਕਿਤਾਬਾਂ “ਕਥਾ ਜਪੁਜੀ ਸਾਹਿਬ”, “ਸੁਖਮਨੀ ਸਾਹਿਬ ਦੀ ਕਥਾ”, “ਪਹਿਲੇ ਸਿੱਖ ਰਾਜ ਦੀ ਰਾਜਧਾਨੀ ਲੋਹਗੜ੍ਹ”, “ਸੰਜੀਦਾ ਸਿੱਖ ਮਸਲੇ” ਰਲੀਜ਼ ਕੀਤੀਆਂ। ਡਾ. ਗੁਰਦੇਵ ਸਿੰਘ ਸਿੱਧੂ ਦੀ ਕਿਤਾਬ “ਗੰਗਾ ਸਾਗਰ ਦੀ ਸੇਵਾ ਸੰਭਾਲ” ਵੀ ਰਲੀਜ਼ ਕੀਤੀ ਗਈ।

ਇਕ ਹੋਰ ਵੱਡੀ ਗੱਲ ਇਹ ਹੈ ਕਿ ਸੰਨ 1705 ਵਿਚ ਰਾਏਕੋਟ ਦੇ ਰਾਜਾ ਰਾਏ ਕਲ੍ਹਾ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਤੋਹਫ਼ੇ ਬਖ਼ਸ਼ਿਸ਼ ਕੀਤੇ ਸਨ ਉਨ੍ਹਾਂ ਵਿਚੋਂ ਇਕ ਤੋਹਫ਼ੇ ਗੰਗਾ ਸਾਗਰ ਦੇ ਕਸਟੋਡੀਅਨ ਰਾਏ ਅਜ਼ੀਜ਼ ਉੱਲਾ ਖ਼ਾਨ ਉਸ ਤੋਹਫ਼ੇ ਨੂੰ ਲੈ ਕੇ ਕਨੇਡਾ ਤੋਂ ਪੁੱਜੇ ਹੋਏ ਸਨ।
ਸਟੇਜ ਦੀ ਕਾਰਵਾਈ ਬੀਬੀ ਪਰਮਿੰਦਰ ਕੌਰ (ਪੰਮੀ ਸਿੱਧੂ-ਸੰਧੂ) ਨੇ ਬਖ਼ੂਬੀ ਨਿਭਾਈ।

ਕਾਨਫ਼ਰੰਸ ਦੈ ਅਖ਼ੀਰ ਵਿਚ ਅਖ਼ੀਰ ਵਿਚ ਡਾ ਹਰਜਿੰਦਰ ਸਿੰਘ ਦਿਲਗੀਰ, ਡਾ ਬਲਜਿੰਦਰ ਸਿੰਘ, ਡਾ ਰਾਜ ਕੁਮਾਰ ਹੰਸ, ਸ ਨਵਕਿਰਨ ਸਿੰਘ ਐਡੋਕੇਟ ਤੇ ਬੀਬੀ ਪਰਮਿੰਦਰ ਕੌਰ ਨੇ ਦੇਸ਼ ਵਿਦੇਸ਼ ਤੋਂ ਆਏ ਵਿਦਵਾਨਾਂ ਨੂੰ ਖ਼ੂਬਸੂਰਤ ਹਾਰ ਪਾਏ ਅਤੇ ਟਰਾਫ਼ੀਆਂ ਅਤੇ ਕੀਮਤੀ ਲੋਈਆਂ ਭੇਟ ਕੀਤੀਆਂ।

×