ਭਗਵੰਤ ਮਾਨ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆਉਣ ਨਾਲ ਸਿੱਖ ਸੰਗਤ ‘ਚ ਭਾਰੀ ਰੋਸ: ਬੀਬੀ ਪਰਮਜੀਤ ਕੌਰ ਲਾਡਰਾਂ
ਮੋਹਾਲੀ/ਸੈਦਪੁਰ: ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਪਿੰਡ ਸੈਦਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਦੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਦੇ ਨਸ਼ੇ ਵਿੱਚ ਅੰਨ੍ਹਾ ਹੋ ਕੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ ਰਿਹਾ ਹੈ, ਜਿਸ ਨੂੰ ਸਿੱਖ ਕੌਮ ਅਤੇ ਸਮੁੱਚਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਆਦੇਸ਼ਾਂ ਤੋਂ ਬਾਅਦ ਵੀ ਜਾਣਬੁੱਝ ਕੇ ਲੋਕ ਮਿਲਣੀਆਂ ਦੇ ਨਾਂ ‘ਤੇ ਇਕੱਠ ਕਰਕੇ ਸਰਵਉੱਚ ਸੰਸਥਾ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਹਾਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਪਰਮਜੀਤ ਕੌਰ ਲਾਡਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਸਭ ਤੋਂ ਉੱਪਰ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਫੋਰੈਂਸਿਕ ਲੈਬ ਦੇ ਟੈਸਟ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਕੀਤਾ ਸੀ, ਉਸ ਨੂੰ ਨਾ ਮੰਨ ਕੇ ਮੁੱਖ ਮੰਤਰੀ ਸਿੱਧੇ ਤੌਰ ‘ਤੇ ਮੀਰੀ-ਪੀਰੀ ਦੇ ਅਸਥਾਨ ਨੂੰ ਚੁਣੌਤੀ ਦੇ ਰਿਹਾ ਹੈ, ਜਿਸ ਨਾਲ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ।
ਬੀਬੀ ਲਾਡਰਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਹੈ, ਉਸ ਦਾ ਹਸ਼ਰ ਬਹੁਤ ਬੁਰਾ ਹੋਇਆ ਹੈ। ਉਨ੍ਹਾਂ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤੇ ਗਏ ਮੁੱਖ ਮੰਤਰੀ ਨੂੰ ਮੂੰਹ ਨਾ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਵੀ ਸਮਾਂ ਹੈ, ਮੁੱਖ ਮੰਤਰੀ ਨੂੰ ਆਪਣੀ ਜ਼ਿੱਦ ਛੱਡ ਕੇ ਇੱਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਭੁੱਲ ਬਖ਼ਸ਼ਾਉਣੀ ਚਾਹੀਦੀ ਹੈ।
ਇਸ ਇਕੱਠ ਦੌਰਾਨ ਬੀਬੀ ਬਲਜਿੰਦਰ ਕੌਰ ਸੈਦਪੁਰ, ਬਲਜਿੰਦਰ ਸਿੰਘ, ਮਾਸਟਰ ਰਣਧੀਰ ਸਿੰਘ ਜੀ, ਹਲਕਾ ਮੋਹਾਲੀ ਯੂਥ ਪ੍ਰਧਾਨ ਬਬਨ ਚੌਧਰੀ, ਬਹਾਦਰ ਸਿੰਘ ਨਾਨੂੰਮਾਜਰਾ,ਹਰਵਿੰਦਰ ਸਿੰਘ ਲੰਬੜਦਾਰ, ਹਰਪਾਲ ਸਿੰਘ ਬਟਲਾਣਾ, ਜਗਤਾਰ ਸਿੰਘ ਕੁੰਬੜਾ, ਬਲਜੀਤ ਸਿੰਘ ਦੈੜੀ, ਹਰਪਾਲ ਸਿੰਘ ਬਠਲਾਣਾ, ਹਰਿੰਦਰ ਸਿੰਘ ਲੰਬੜਦਾਰ, ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ, ਜਗਤਾਰ ਸਿੰਘ, ਪਰਵਿੰਦਰ ਸਿੰਘ, ਸਾਹਿਬਦੀਪ ਸਿੰਘ ਸਮੇਤ ਪਿੰਡ ਦੇ ਵੱਡੀ ਗਿਣਤੀ ਪਤਵੰਤੇ ਸੱਜਣ ਅਤੇ ਸਿੱਖ ਸੰਗਤਾਂ ਹਾਜ਼ਰ ਸਨ।
