ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਅਰਬਨ ਕਮਿਊਨਿਟੀ ਹੈਲਥ ਸੈਂਟਰ (ਯੂਸੀਐੱਚਸੀ/UCHC), ਸੈਕਟਰ 22, ਚੰਡੀਗੜ੍ਹ ਵਿਖੇ ਮਾਡਲ ਟੀਕਾਕਰਣ ਕੇਂਦਰ (ਐੱਮਆਈਸੀ/MIC) ਦਾ ਉਦਘਾਟਨ ਕੀਤਾ ਅਤੇ ਰਾਜ ਪੱਧਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਅਵਸਰ ‘ਤੇ ਉਨ੍ਹਾਂ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਵੀ.ਪੀ. ਸਿੰਘ, ਆਈਏਐੱਸ ਵੀ ਉਪਸਥਿਤ ਰਹੇ।
ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਮਾਣਯੋਗ ਰਾਜਪਾਲ ਦੁਆਰਾ 0-5 ਵਰ੍ਹੇ ਉਮਰ ਸਮੂਹ ਦੇ ਬੱਚਿਆਂ ਨੂੰ ਓਰਲ ਪੋਲੀਓ ਵੈਕਸੀਨ (ਓਪੀਵੀ/OPV) ਦੀਆਂ ਦੋ ਬੂੰਦਾਂ ਪਿਲਾ ਕੇ ਕੀਤੀ ਗਈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਹਰੇਕ ਬੱਚੇ ਨੂੰ ਪੋਲੀਓ ਤੋਂ ਸੁਰੱਖਿਅਤ ਰੱਖਣ ਅਤੇ ਭਾਰਤ ਦੀ ਪੋਲੀਓ-ਮੁਕਤ ਪਹਿਚਾਣ ਨੂੰ ਬਣਾਈ ਰੱਖਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।
ਚੰਡੀਗੜ੍ਹ ਪ੍ਰਸ਼ਾਸਨ ਦੇ ਸਕੱਤਰ ਸਿਹਤ, ਡਾ. ਸਈਅਦ ਆਬਿਦ ਰਸ਼ੀਦ ਸ਼ਾਹ, ਆਈਏਐੱਸ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ ਅਤੇ ਯੂਨੀਵਰਸਲ ਟੀਕਾਕਰਣ ਕਵਰੇਜ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਨਿਰੰਤਰ ਪ੍ਰਯਾਸਾਂ ਦੀ ਜਾਣਕਾਰੀ ਦਿੱਤੀ।
ਯੂਸੀਐੱਚਸੀ, ਸੈਕਟਰ 22 ਵਿਖੇ ਸਥਾਪਿਤ ਨਵਾਂ ਉਦਘਾਟਨ ਕੀਤਾ ਗਿਆ ਮਾਡਲ ਟੀਕਾਕਰਣ ਕੇਂਦਰ, ਚੰਡੀਗੜ੍ਹ ਵਿੱਚ ਸਥਾਪਿਤ ਪੰਜਵਾਂ ਅਜਿਹਾ ਕੇਂਦਰ ਹੈ। ਬੱਚਿਆਂ ਦੇ ਅਨੁਕੂਲ, ਸੁਰੱਖਿਅਤ ਅਤੇ ਸੁਵਿਧਾਜਨਕ ਟੀਕਾਕਰਣ ਵਾਤਾਵਰਣ ਪ੍ਰਦਾਨ ਕਰਨ ਲਈ ਵਿਕਸਿਤ ਇਸ ਕੇਂਦਰ ਵਿੱਚ ਅਲੱਗ ਟੀਕਾਕਰਣ ਖੇਤਰ, ਟੀਕਾਕਰਣ ਤੋਂ ਬਾਅਦ ਦੇ ਨਿਰੀਖਣ ਸਮੇਂ ਦੌਰਾਨ ਬੱਚਿਆਂ ਲਈ ਪਲੇ ਜ਼ੋਓ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਲਈ ਸੁਵਿਧਾ ਅਤੇ ਗੋਪਨੀਅਤਾ ਲਈ ਵਿਸ਼ੇਸ਼ ਦੁੱਧ ਚੁੰਘਾਉਣ ਵਾਲੇ ਰੂਮ ਦੀ ਵਿਵਸਥਾ ਕੀਤੀ ਗਈ ਹੈ।
ਆਪਣੇ ਦੌਰੇ ਦੌਰਾਨ, ਮਾਣਯੋਗ ਰਾਜਪਾਲ ਨੇ ਮਾਡਲ ਟੀਕਾਕਰਣ ਕੇਂਦਰ ਦੇ ਵਿਭਿੰਨ ਅਨੁਭਾਗਾਂ ਦਾ ਨਿਰੀਖਣ ਕੀਤਾ ਅਤੇ ਯੂਸੀਐੱਚਸੀ, ਸੈਕਟਰ 22 ਵਿਖੇ ਉਪਲਬਧ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ। ਡਾ. ਸਦਭਾਵਨਾ ਪੰਡਿਤ, ਕਾਰਜਕਾਰੀ ਡਾਇਰੈਕਟਰ ਸਿਹਤ ਸੇਵਾਵਾਂ, ਨੇ ਮੁੱਖ ਮਹਿਮਾਨ ਨੂੰ ਯੂਨੀਵਰਸਲ ਟੀਕਾਕਰਣ ਪ੍ਰੋਗਰਾਮ ਦੇ ਤਹਿਤ ਉਪਲਬਧੀਆਂ ਅਤੇ ਚਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਮਾਣਯੋਗ ਰਾਜਪਾਲ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਅਨੁਕੂਲ ਅਤੇ ਸਹਾਇਕ ਵਾਤਾਵਰਣ ਬਣਾਉਣ ਵਿੱਚ ਸਿਹਤ ਵਿਭਾਗ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ 100 ਪ੍ਰਤੀਸ਼ਤ ਟੀਕਾਕਰਣ ਕਵਰੇਜ ਪ੍ਰਾਪਤ ਕਰਨ ‘ਤੇ ਬਲ ਦਿੱਤਾ ਅਤੇ ਸਾਰੇ ਸਬੰਧਿਤ ਹਿਤਧਾਰਕਾਂ ਨੂੰ ਇਹ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ ਕਿ ਕੋਈ ਵੀ ਪਾਤਰ ਬੱਚਾ ਟੀਕਾਕਰਣ ਤੋਂ ਵੰਚਿਤ ਨਾ ਰਹੇ। ਉਨ੍ਹਾਂ ਨੇ ਸ਼ਹਿਰ ਭਰ ਵਿੱਚ ਟੀਕਾਕਰਣ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਡਾਕਟਰਾਂ, ਨਰਸਿੰਗ ਸਟਾਫ਼, ਸਹਾਇਕ ਨਰਸ ਦਾਈਆਂ (ਏਐੱਨਐੱਮ/ANM) ਅਤੇ ਫੀਲਡ ਸਟਾਫ਼ ਦੇ ਸਮਰਪਣ ਅਤੇ ਅਣਥੱਕ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ।
ਚੰਡੀਗੜ੍ਹ ਵਿੱਚ ਪਲਸ ਪੋਲੀਓ ਮੁਹਿੰਮ ਦੇ ਸਫ਼ਲ ਲਾਗੂਕਰਨ ਲਈ, 0-5 ਵਰ੍ਹੇ ਦੀ ਉਮਰ ਸਮੂਹ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 478 ਪਲਸ ਪੋਲੀਓ ਬੂਥ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਪੂਰੀ ਕਵਰੇਜ ਨੂੰ ਸੁਨਿਸ਼ਚਿਤ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 1,078 ਟੀਕਾਕਰਣ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। 29 ਅਤੇ 30 ਜੂਨ, 2026 ਨੂੰ, ਇਹ ਟੀਮਾਂ ਬੂਥ-ਅਧਾਰਿਤ ਮੁਹਿੰਮ ਦੌਰਾਨ ਪੋਲੀਓ ਖੁਰਾਕ ਤੋਂ ਵੰਚਿਤ ਬੱਚਿਆਂ ਦੀ ਸ਼ਨਾਖ਼ਤ ਕਰਨ ਅਤੇ ਟੀਕਾਕਰਣ ਕਰਨ ਲਈ ਘਰ-ਘਰ ਜਾ ਕੇ ਵਿਆਪਕ ਦੌਰੇ ਕਰਨਗੀਆਂ।
ਸਿਹਤ ਵਿਭਾਗ, ਚੰਡੀਗੜ੍ਹ ਦੁਆਰਾ, “ਤਾਰੇ ਜ਼ਮੀਨ ਪਰ – ਨਾਇਟ ਵਿਜਿਲ” ਨਾਮਕ ਇੱਕ ਵਿਸ਼ੇਸ਼ ਰਾਤ ਦੀ ਟੀਕਾਕਰਣ ਪਹਿਲ ਵੀ ਸੰਚਾਲਿਤ ਕੀਤੀ ਜਾ ਰਹੀ ਹੈ। ਇਸ ਪਹਿਲ ਦਾ ਉਦੇਸ਼ ਪ੍ਰਵਾਸੀ ਮਜ਼ਦੂਰਾਂ, ਬੇਘਰ ਪਰਿਵਾਰਾਂ, ਕੂੜਾ-ਕਰਕਟ ਚੁੱਕਣ ਵਾਲੇ ਬੱਚਿਆਂ ਅਤੇ ਹੋਰ ਵੰਚਿਤ ਅਤੇ ਸੰਵੇਦਨਸ਼ੀਲ ਵਰਗਾਂ ਦੇ ਉਨ੍ਹਾਂ ਬੱਚਿਆਂ ਤੱਕ ਪਹੁੰਚਣਾ ਹੈ ਜੋ ਦਿਨ ਵੇਲੇ ਮੁਹਿੰਮ ਦੌਰਾਨ ਟੀਕਾਕਰਣ ਤੋਂ ਵੰਚਿਤ ਰਹਿ ਸਕਦੇ ਹਨ।
ਇਸ ਪਹਿਲ ਦੇ ਤਹਿਤ ਚਾਰ ਵਿਸ਼ੇਸ਼ “ਤਾਰੇ ਜ਼ਮੀਨ ਪਰ – ਨਾਇਟ ਵਿਜਿਲ” ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹਰੇਕ ਟੀਮ ਵਿੱਚ ਇੱਕ ਸੁਪਰਵਾਇਜ਼ਰ, ਪੁਲਿਸ ਕਰਮੀ, ਟੀਕਾਕਰਣ ਕਰਨ ਵਾਲਾ ਅਤੇ ਡ੍ਰਾਇਵਰ ਸ਼ਾਮਲ ਹਨ। ਇਹ ਟੀਮਾਂ ਰੋਜ਼ਾਨਾ ਸ਼ਾਮ 7:00 ਵਜੇ ਤੋਂ ਕਠਿਨ ਅਤੇ ਦੂਰ ਦੇ ਖੇਤਰਾਂ ਵਿੱਚ ਰਹਿਣ ਵਾਲੇ ਬੱਚਿਆਂ ਤੱਕ ਪਹੁੰਚ ਕੇ ਟੀਕਾਕਰਣ ਸੁਨਿਸ਼ਚਿਤ ਕਰਦੀਆਂ ਹਨ।
ਇਸ ਸਮਾਗਮ ਵਿੱਚ ਐੱਨਓ-ਐੱਨਐੱਚਐੱਮ
(NO-NHM)-ਅਤੇ-
ਜ਼ਿਲ੍ਹਾ ਟੀਕਾਕਰਣ ਅਧਿਕਾਰੀ ਡਾ. ਮਨਜੀਤ ਸਿੰਘ, ਸਿਹਤ ਵਿਭਾਗ ਦੇ ਪ੍ਰੋਗਰਾਮ ਅਧਿਕਾਰੀ ਅਤੇ ਸੀਨੀਅਰ ਅਧਿਕਾਰੀ, ਜੀਐੱਮਸੀਐੱਚ (GMCH) -32 ਅਤੇ ਪੀਜੀਆਈਐੱਮਈਆਰ (PGIMER) ਦੇ ਡਾਕਟਰ, ਨਰਸਿੰਗ ਸਟਾਫ਼, ਏਐੱਨਐੱਮ (ANM) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ/WHO), ਸੰਯੁਕਤ ਰਾਸ਼ਟਰ ਡਿਵੈਲਪਮੈਂਟ ਪ੍ਰੋਗਰਾਮ (ਯੂਐੱਨਡੀਪੀ/UNDP), ਜੌਨ ਸਨੋ ਇੰਡੀਆ ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਉਪਸਥਿਤ ਰਹੇ।
ਇਸ ਅਵਸਰ ‘ਤੇ ਮਾਣਯੋਗ ਪ੍ਰਸ਼ਾਸਕ ਨੇ ਟੀਕਾਕਰਣ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਗਿਫਟ ਹੈਂਪਰ ਵੀ ਵੰਡੇ, ਤਾਕਿ ਸਮੁਦਾਇ ਦੀ ਅਧਿਕ ਤੋਂ ਅਧਿਕ ਭਾਗੀਦਾਰੀ ਨੂੰ ਪ੍ਰੋਤਸਾਹਨ ਮਿਲ ਸਕੇ। ਪ੍ਰੋਗਰਾਮ ਦਾ ਸਮਾਪਨ ਮੁੱਖ ਮਹਿਮਾਨ ਨਾਲ ਪ੍ਰਤੀਭਾਗੀਆਂ ਦੀ ਸਮੂਹਿਕ ਫੋਟੋ ਨਾਲ ਹੋਇਆ। ਉਨ੍ਹਾਂ ਦੇ ਪ੍ਰੇਰਣਾਦਾਈ ਸ਼ਬਦਾਂ ਨੇ ਡਾਕਟਰਾਂ, ਟੀਕਾਕਰਣ ਕਰਨ ਵਾਲਿਆਂ ਅਤੇ ਸਿਹਤ ਸਟਾਫ਼ ਦਾ ਉਤਸ਼ਾਹਵਰਧਨ ਕੀਤਾ ਅਤੇ ਮੁਹਿੰਮ ਨੂੰ ਸਫ਼ਲਤਾਪੂਰਵਕ ਸੰਚਾਲਿਤ ਕਰਨ ਲਈ ਉਨ੍ਹਾਂ ਦਾ ਮਨੋਬਲ ਵਧਾਇਆ।
ਮੁਹਿੰਮ ਦੇ ਪਹਿਲੇ ਦਿਨ ਚੰਡੀਗੜ੍ਹ ਵਿੱਚ ਲਗਭਗ 34,835 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਸਿਹਤ ਵਿਭਾਗ, ਯੂਟੀ ਚੰਡੀਗੜ੍ਹ ਨੇ ਸਾਰੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਪਲਸ ਪੋਲੀਓ ਬੂਥਾਂ ‘ਤੇ ਖੁਰਾਕ ਨਹੀਂ ਮਿਲ ਸਕੀ ਹੈ, ਉਨ੍ਹਾਂ ਨੂੰ 29 ਅਤੇ 30 ਜੂਨ, 2026 ਨੂੰ ਚਲਾਈਆਂ ਜਾ ਰਹੀਆਂ ਘਰ-ਘਰ ਟੀਕਾਕਰਣ ਗਤੀਵਿਧੀਆਂ ਦੇ ਦੌਰਾਨ ਜ਼ਰੂਰੀ ਪੋਲੀਓ ਬੂੰਦਾਂ ਪਿਲਾਈਆਂ ਜਾਣ।
