ਗੈਰ ਕਾਨੂੰਨੀ ਮਾਇਨਿੰਗ ਕਾਰਨ ਸਤਲੁਜ ਦੇ ਕੁਦਰਤੀ ਵਹਾਅ ’ਚ ਫਰਕ ਪਿਆ ਜਿਸ ਕਾਰਨ 50 ਪਿੰਡਾਂ ਹੜ੍ਹਾਂ ਦਾ ਖ਼ਤਰਾ: ਸੁਖਦੀਪ ਸਿੰਘ ਸੁੱਕਰ
ਨਵਾਂਸ਼ਹਿਰ,ਜਲੰਧਰ/10 ਜੁਲਾਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਇਸ ਜ਼ਿਲ੍ਹੇ ਵਿਚ 20 ਕਰੋੜ ਰੁਪਏ ਦੀ ਨਜਾਇਜ਼ ਰੇਤਾ ਮਾਇਨਿੰਗਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਹ ਕੰਮ ਹੜ੍ਹ ਰੋਕੂ ਕੰਮਾਂ ਦੇ ਨਾਮ ’ਤੇ ਰੇਤਾਇਕੱਠਾ ਕਰ ਕੇ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਤਲੁਜ ਦਰਿਆ ਦਾ ਕੁਦਰਤੀ ਵਹਾਅ ਪ੍ਰਭਾਵਤ ਹੋ ਰਿਹਾ ਹੈ ਤੇ ਇਸ ਕਾਰਨ 50 ਪਿੰਡਾਂ ਵਿਚ ਖ਼ਤਰਾ ਬਣ ਗਿਆ ਹੈ।
ਇਥੇ ਪਿੰਡ ਮਲਿਕਪੁਰ ਵਿਚ ਆਪ ਦੀਆਂ ਗਲਤ ਕਰਤੂਤਾਂ ਦਾ ਭਾਂਡਾ ਭੰਨਦਿਆਂ ਅਕਾਲੀ ਆਗੂ ਸੁਖਦੀਪ ਸਿੰਘ ਸੁੱਕਰ ਨੇ ਕਿਹਾ ਕਿ ਪਿੰਡਾਂ ਵਾਲਿਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਇਕੱਲੇ ਬੁੱਧਵਾਰ ਨੂੰ ਹੀ 600 ਤੋਂ 700 ਟਿੱਪਰ ਟਰੱਕ ਤੇ ਟਰੈਕਟਰ ਟਰਾਲੀਆਂ ਮੌਕੇ ’ਤੇ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜਿਹੜਾ ਰੇਤਾ ਇਕੱਠਾ ਕੀਤਾ ਜਾ ਰਿਹਾ ਹੈ ਉਹ ਹੜ੍ਹ ਰੋਕੂ ਕੰਮਾਂ ਵਾਸਤੇ ਨਹੀਂ ਵਰਤਿਆ ਜਾ ਰਿਹਾ ਬਲਕਿ 10 ਹਜ਼ਾਰ ਰੁਪਏ ਪ੍ਰਤੀ ਟਿੱਪਰ ਟਰੱਕ ਤੇ 4500 ਰੁਪਏ ਪ੍ਰਤੀ ਟਰੈਕਟਰ ਟਰਾਲੀ ਵੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤਕਰੀਬਨ ਰੋਜ਼ਾਨਾ 70 ਤੋਂ 80 ਲੱਖ ਰੁਪਏ ਦੀ ਚੋਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਇਹ ਦੱਸੇ ਕਿ ਇਸਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਤਰੀਕੇ ਹੜ੍ਹ ਰੋਕੂ ਕਾਰਜਾਂ ਦੇ ਨਾਮ ’ਤੇ ਨਜਾਇਜ਼ ਪੈਸਾ ਇਕੱਠਾ ਕਰਨ ਦੀ ਗਿਆ ਕਿਉਂ ਦਿੱਤੀ ਜਾ ਰਹੀ ਹੈ।
ਸਰਦਾਰ ਸ਼ੁੱਕਰ ਨੇ ਕਿਹਾ ਕਿ ਬੇਗੋਵਾਲ ਤੇ ਲਾਲੇਵਾਲ ਪਿੰਡ ਸਮੇਤ ਅਨੇਕਾਂ ਥਾਵਾਂ ’ਤੇ ਨਜਾਇਜ਼ ਮਾਇਨਿੰਗ ਹੋ ਰਹੀ ਹੈ ਜਿਸ ਕਾਰਨ ਇਹਨਾਂ ਪਿੰਡਾਂ ਤੇ ਨਾਲ ਲੱਗਵੇਂ ਪਿੰਡਾਂ ਵਾਸਤੇ ਖ਼ਤਰਾ ਖੜ੍ਹਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਿੰਡ ਵਾਲਿਆਂ ਨੇ ਅੱਜ ਰੋਸ ਵਿਚ ਆ ਕੇ ਮਾਇਨਿੰਗ ਕਰਨ ਵਿਚ ਲੱਗੇ ਟਰੱਕਾਂ ਨੂੰ ਵੀ ਰੋਕਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਪਿੰਡ ਰੋਡ ਮਾਜਰੀ ਤੇ ਧੂਲੇਵਾਲ ਬਲਾਕ ਜ਼ਿਲ੍ਹਾ ਲੁਧਿਆਣਾ ਵਿਚ 9 ਏਕੜ ਜ਼ਮੀਨ ਮਾਇਨਿੰਗ ਵਾਸਤੇ ਅਲਾਟ ਕੀਤੀ ਗਈ ਸੀ ਪਰ ਰੇਤਾ ਸੈਂਕੜੇ ਏਕੜ ਜ਼ਮੀਨ ਵਿਚੋਂ ਕੱਢਿਆ ਜਾ ਰਿਹਾ ਹੈ। ਉਹਨਾਂ ਹੋਰ ਕਿਹਾ ਕਿ ਓਵਰ ਲੋਡਡ ਟਰੱਕਾਂ ਕਾਰਨ ਕਈ ਥਾਵਾਂ ’ਤੇ ਜ਼ਮੀਨ 3 ਤੋਂ 4 ਫੁੱਟ ਧੱਸ ਗਈ ਹੈ ਜਿਸ ਨਾਲ ਨੇੜਲੇ ਦਰਜਨਾਂ ਪਿੰਡਾਂ ਲਈ ਹੜ੍ਹਾਂ ਦਾ ਖ਼ਤਰਾ ਵੀ ਖੜ੍ਹਾ ਹੋ ਗਿਆ ਹੈ।
ਉਹਨਾਂ ਨੇ ਸਵਾਲ ਉਠਾਇਆ ਕਿ ਮੌਜੂਦਾ ਪ੍ਰਸ਼ਾਸਨ ਵਿਚ ਇਹਨਾਂ ਨਜਾਇਜ਼ ਕੰਮਾਂ ਦੀ ਪੁਸ਼ਤ ਪਨਾਹੀ ਕੌਣ ਕਰ ਰਿਹਾ ਹੈ ? ਉਹਨਾਂ ਜ਼ੋਰ ਦੇ ਕੇ ਕਿਹਾ ਕਿ 18 ਮਾਰਚ ਨੂੰ ਮੌਕੇ ਦਾ ਦੌਰਾ ਕਰਨ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਅਕਾਲੀ ਆਗੂ ਨੇ ਪੰਜਾਬ ਸਰਕਾਰ ’ਤੇ ਐਨ ਜੀ ਟੀ ਦੀਆਂ ਹਦਾਇਤਾਂ ਦੀ ਉਲੰਘਣਾ ਦੇ ਵੀ ਦੋਸ਼ ਲਗਾਏ ਤੇ ਕਿਹਾ ਕਿ ਐਨ ਜੀ ਟੀ ਨੇ ਹੜ੍ਹਾਂ ਤੋਂ ਰੋਕਥਾਮ ਤੇ ਦਰਿਆ ਦੇ ਵਹਾ ਦੇ ਮੱਦੇਨਜ਼ਰ 30 ਜੂਨ ਤੋਂ ਬਾਅਦ ਰੇਤਾ ਕੱਢਣ ਦੀ ਆਗਿਆ ਦਿੱਤੀ ਸੀ।
ਉਹਨਾਂ ਨੇ ਇਹ ਵੀ ਕਿਹਾ ਕਿ ਰੇਤੇ ਨੂੰ ਲਿਜਾਣ ਤੇ ਲਿਆਉਣ ਵਿਚ ਅਨੇਕਾਂ ਅਜਿਹੇ ਟਿੱਪਰ ਲੱਗੇ ਹਨ ਜਿਹਨਾਂ ਦੀ ਰਜਿਸਟਰੇਸ਼ਨ ਨੰਬਰ ਵੀ ਨਹੀਂ ਹਨ। ਉਹਨਾਂ ਨੇ ਇਸ ਮਾਮਲੇ ਵਿਚ ਡੀ ਟੀ ਓ ਤੋਂ ਜਵਾਬ ਮੰਗੇ ਤੇ ਕਿਹਾ ਕਿ ਸੜਕਾਂ ’ਤੇ ਅਜਿਹੇ ਵਾਹਨ ਚੱਲਣ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।ਉਹਨਾਂ ਇਹ ਵੀ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵਿਚ ਤੁਰੰਤ ਦਖਲ ਦੇਵੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਤਾਂ ਜੋ ਗੈਰ ਕਾਨੂੰਨੀ ਮਾਇਨਿੰਗ ਅਤੇ ਇਸ ਕਾਰਨ ਹੋ ਰਹੇ ਵਾਤਾਵਰਣ ਦੇ ਨੁਕਸਾਨ ਤੇ ਬਹੁ ਕਰੋੜੀ ਰੇਤ ਘੁਟਾਲੇ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ।
