ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਸਿਟੀਜ਼ਨਸ ਫਾਊਂਡੇਸ਼ਨ ਵੱਲੋਂ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਆਯੋਜਿਤ ਹਫ਼ਤਾ ਭਰ ਚਾਨਣ ਵਾਲੇ ਕਰਗਿਲ ਵਿਜੈ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੇ ਬਹਾਦਰ ਜਵਾਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ। ਇਹ ਸਮਾਗਮ 1999 ਦੇ ਕਰਗਿਲ ਯੁੱਧ ਵਿੱਚ ਭਾਰਤ ਦੀ ਵਿਜੈ ਸੁਨਿਸ਼ਚਿਤ ਕਰਨ ਵਾਲੇ ਸੈਨਿਕਾਂ ਦੀ ਅਜਿੱਤ ਸਾਹਸ, ਸਰਬਉੱਚ ਬਲੀਦਾਨ ਅਤੇ ਰਾਸ਼ਟਰ ਭਗਤੀ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਸ਼ਾਸਕ ਨੇ ਕਿਹਾ ਕਿ ਕਰਗਿਲ ਵਿਜੈ ਦਿਵਸ ਭਾਰਤ ਦੇ ਸਾਹਸ, ਰਾਸ਼ਟਰੀ ਸਵੈਮਾਣ ਅਤੇ ਇਸ ਦੇ ਸੈਨਿਕਾਂ ਦੇ ਸਰਬਉੱਚ ਬਲੀਦਾਨ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਸਭ ਤੋਂ ਚੁਣੌਤੀਪੂਰਨ ਹਾਲਾਤ ਵਿੱਚ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਹਥਿਆਰਬੰਦ ਬਲਾਂ ਦਾ ਹਮੇਸ਼ਾ ਰਿਣੀ ਰਹੇਗਾ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਕਰਗਿਲ ਦੇ ਨਾਇਕਾਂ, ਵੀਰ ਨਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ, ਉਨ੍ਹਾਂ ਕਿਹਾ ਕਿ ਸੈਨਿਕਾਂ ਨੂੰ ਉਨ੍ਹਾਂ ਦੇ ਯੁੱਧ ਸਮੇਂ ਦੇ ਤਜ਼ਰਬਿਆਂ ਬਾਰੇ ਸੁਣ ਕੇ ਹਰ ਭਾਰਤੀ ਨੂੰ ਮਾਣ ਮਹਿਸੂਸ ਹੁੰਦਾ ਹੈ। ਅੱਤਵਾਦ ਅਤੇ ਹਮਲਾਵਰਤਾ ਵਿਰੁੱਧ ਭਾਰਤ ਦੇ ਦ੍ਰਿੜ ਇਰਾਦੇ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਕਿਹਾ ਕਿ ਦੇਸ਼ ਸ਼ਾਂਤੀ ਚਾਹੁੰਦਾ ਹੈ ਪਰ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਕਿਸੇ ਵੀ ਖ਼ਤਰੇ ਦਾ ਹਮੇਸ਼ਾ ਫੈਸਲਾਕੁੰਨ ਜਵਾਬ ਦੇਵੇਗਾ।
ਪੰਜਾਬ ਦੀ ਫੌਜੀ ਸੇਵਾ ਅਤੇ ਕੁਰਬਾਨੀ ਦੀ ਸਮ੍ਰਿੱਧ ਵਿਰਾਸਤ ਨੂੰ ਉਜਾਗਰ ਕਰਦੇ ਹੋਏ, ਪ੍ਰਸ਼ਾਸਕ ਨੇ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਸਮੇਤ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਹਥਿਆਰਬੰਦ ਬਲਾਂ ਦੇ ਸਾਹਸ, ਅਨੁਸ਼ਾਸਨ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਤੋਂ ਪ੍ਰੇਰਣਾ ਲੈਕੇ ਰਾਸ਼ਟਰੀ ਏਕਤਾ, ਅਖੰਡਤਾ ਅਤੇ ਨਿਰਸੁਆਰਥ ਸੇਵਾ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕਰਨ।
ਪ੍ਰਸ਼ਾਸਕ ਨੇ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਨੂੰ ਪ੍ਰੇਰਿਤ ਕਰਨ ਲਈ ਹਫ਼ਤਾ ਭਰ ਚਲਣ ਵਾਲੇ ਕਰਗਿਲ ਵਿਜੈ ਦਿਵਸ ਯਾਦਗਾਰੀ ਸਮਾਗਮਾਂ ਦਾ ਆਯੋਜਨ ਕਰਨ ਲਈ ਚੰਡੀਗੜ੍ਹ ਸਿਟੀਜ਼ਨਸ ਫਾਊਂਡੇਸ਼ਨ ਦੀ ਵੀ ਸ਼ਲਾਘਾ ਕੀਤੀ।
ਸਾਬਕਾ ਫੌਜ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ, ਪੀਵੀਐੱਸਐੱਮ, ਏਵੀਐੱਸਐੱਮ (ਸੇਵਾਮੁਕਤ), ਪ੍ਰੋਗਰਾਮ ਵਿੱਚ ਵਿਸ਼ਿਸ਼ਟ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ। ਕਰਗਿਲ ਯੁੱਧ ਦੇ ਸਾਬਕਾ ਸੈਨਿਕ, ਪਰਮ ਵੀਰ ਚੱਕਰ ਪੁਰਸਕਾਰ ਜੇਤੂ ਕੈਪਟਨ (ਮਾਣਯੋਗ) ਯੋਗੇਂਦਰ ਸਿੰਘ ਯਾਦਵ (ਸੇਵਾਮੁਕਤ), ਵੀਰ ਨਾਰੀਆਂ, ਸ਼ਹੀਦਾਂ ਦੇ ਪਰਿਵਾਰ, ਸੇਵਾ ਕਰ ਰਹੇ ਅਤੇ ਸੇਵਾਮੁਕਤ ਹਥਿਆਰਬੰਦ ਸੈਨਾ ਦੇ ਕਰਮਚਾਰੀ, ਸਾਬਕਾ ਸੈਨਿਕ, ਐੱਨਸੀਸੀ ਕੈਡਿਟ, ਵਿਦਿਆਰਥੀ ਅਤੇ ਉੱਘੇ ਨਾਗਰਿਕ ਵੀ ਉਪਸਥਿਤ ਰਹੇ।
ਪ੍ਰੋਗਰਾਮ ਦੀ ਸ਼ੁਰੂਆਤ ਕਰਗਿਲ ਯੁੱਧ ‘ਤੇ ਇੱਕ ਦਸਤਾਵੇਜ਼ੀ ਅਤੇ ਪੁਰਾਲੇਖ ਵੀਡੀਓ ਕਲਿੱਪਾਂ ਦੀ ਸਕ੍ਰੀਨਿੰਗ ਨਾਲ ਹੋਈ। ਇਸ ਤੋਂ ਬਾਅਦ ਕਰਨਲ ਜਸਵਿੰਦਰ ਸਿੰਘ (ਸੇਵਾਮੁਕਤ) ਦੁਆਰਾ ਇੱਕ ਦੇਸ਼ ਭਗਤੀ ਸੰਗੀਤਕ ਸ਼ਰਧਾਂਜਲੀ, ਕਰਗਿਲ ਨਾਇਕਾਂ, ਵੀਰ ਨਾਰੀਆਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਬਹਾਦਰੀ ਪੁਰਸਕਾਰ ਜੇਤੂਆਂ ਦਾ ਸਨਮਾਨ ਕਰਨ ਲਈ ਇੱਕ ਵਿਸ਼ੇਸ਼ ਸਨਮਾਨ ਸਮਾਰੋਹ, ‘ਹੀਰੋਜ਼ ਸਪੀਕ’ ਸੈਸ਼ਨ ਜਿਸ ਵਿੱਚ ਸਾਬਕਾ ਸੈਨਿਕਾਂ ਨੇ ਆਪਣੇ ਜੰਗ ਦੇ ਅਨੁਭਵ ਸਾਂਝੇ ਕੀਤੇ, ਅਤੇ ਕਰਗਿਲ ਯੁੱਧ ਦੀਆਂ ਦੁਰਲੱਭ ਤਸਵੀਰਾਂ ਵਾਲੀ ਇੱਕ ਫੋਟੋ ਪ੍ਰਦਰਸ਼ਨੀ ਸਮਾਗਮ ਦਾ ਮੁੱਖ ਆਕਰਸ਼ਣ ਰਹੀ।
ਪ੍ਰੋਗਰਾਮ ਦੇ ਦੌਰਾਨ, ਪ੍ਰਸ਼ਾਸਕ ਨੇ ਕਰਗਿਲ ਸ਼ਹੀਦਾਂ, ਵੀਰ ਨਾਰੀਆਂ, ਪਰਮ ਵੀਰ ਚੱਕਰ ਅਤੇ ਵੀਰ ਚੱਕਰ ਪੁਰਸਕਾਰ ਜੇਤੂਆਂ, ਵਿਸ਼ਿਸ਼ਟ ਸਾਬਕਾ ਸੈਨਿਕਾਂ ਅਤੇ ਸੇਵਾ ਕਰਨ ਵਾਲੇ ਨਾਇਕਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਅਦੁੱਤੀ ਸਾਹਸ ਅਤੇ ਰਾਸ਼ਟਰ ਪ੍ਰਤੀ ਸਮਰਪਣ ਲਈ ਸਨਮਾਨਿਤ ਕੀਤਾ ਗਿਆ। ਕੈਪਟਨ ਵਿਕਰਮ ਬੱਤਰਾ, ਪਰਮ ਵੀਰ ਚੱਕਰ (ਮਰਨ ਉਪਰੰਤ) ਦੇ ਪਰਿਵਾਰ ਨੂੰ ਵਿਸ਼ੇਸ਼ ਸ਼ਰਧਾਂਜਲੀ ਅਰਪਿਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੇ ਪਿਤਾ ਸ਼੍ਰੀ ਜੀ.ਐੱਲ. ਬੱਤਰਾ ਅਤੇ ਭਰਾ ਸ਼੍ਰੀ ਵਿਸ਼ਾਲ ਬੱਤਰਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕੈਪਟਨ (ਆਨਰੇਰੀ) ਯੋਗੇਂਦਰ ਸਿੰਘ ਯਾਦਵ, ਪਰਮ ਵੀਰ ਚੱਕਰ (ਸੇਵਾਮੁਕਤ), ਲੈਫਟੀਨੈਂਟ ਜਨਰਲ ਵਾਈ.ਕੇ. ਜੋਸ਼ੀ (ਸੇਵਾਮੁਕਤ), ਬ੍ਰਿਗੇਡੀਅਰ ਵਿਜੈ ਭਾਸਕਰ, ਵੀਰ ਚੱਕਰ (ਸੇਵਾਮੁਕਤ), ਬ੍ਰਿਗੇਡੀਅਰ, ਕੁਸ਼ਲ ਠਾਕੁਰ (ਸੇਵਾਮੁਕਤ), ਕੈਪਟਨ (ਆਨਰੇਰੀ) ਰਘੂਨਾਥ ਸਿੰਘ, ਵੀਰ ਚੱਕਰ (ਸੇਵਾਮੁਕਤ), ਰਾਇਫਲਮੈਨ ਹਰਜਿੰਦਰ ਸਿੰਘ (ਸੇਵਾਮੁਕਤ), ਅਨੇਕ ਵੀਰ ਨਾਰੀਆਂ ਅਤੇ ਸੀਨੀਅਰ ਫੌਜੀ ਸਾਬਕਾ ਅਧਿਕਾਰੀਆਂ ਨੂੰ ਵੀ ਰਾਸ਼ਟਰ ਪ੍ਰਤੀ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
