ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਸਬੰਧ ਵਿੱਚ ਪੰਜਾਬ ਦੇ ਵਕੀਲਾਂ ਦਾ ਇੱਕ ਉੱਚ ਪੱਧਰੀ ਵਫ਼ਦ ਅੱਜ ‘ਜੁਆਇੰਟ ਐਕਸ਼ਨ ਕਮੇਟੀ’ ਦੇ ਕਨਵੀਨਰ ਐਸ ਐਸ ਕੁੰਦਰਾ ਦੀ ਅਗਵਾਈ ਹੇਠ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਮਿਲਿਆ।
ਇਸ ਮੁਲਾਕਾਤ ਦੌਰਾਨ ਵਫ਼ਦ ਨੇ LADCS ਪ੍ਰਣਾਲੀ ਨਾਲ ਵਕੀਲ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਭਾਜਪਾ ਪ੍ਰਧਾਨ ਨੂੰ ਜਾਣੂ ਕਰਵਾਇਆ ਅਤੇ ਇੱਕ ਮੰਗ ਪੱਤਰ ਵੀ ਸੌਂਪਿਆ।
ਵਫ਼ਦ ਦੇ ਆਗੂਆਂ ਨੇ ਪੰਜਾਬ ਪ੍ਰਧਾਨ ਨੂੰ ਇਸ ਪ੍ਰਣਾਲੀ ਨਾਲ ਵਕੀਲਾਂ ਦੇ ਪ੍ਰਭਾਵਿਤ ਹੋਣ ਵਾਲੇ ਕੰਮ ਬਾਰੇ ਵਿਸਥਾਰ ਵਿੱਚ ਦੱਸਿਆ। ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਪੰਜਾਬ ਭਾਜਪਾ ਪ੍ਰਧਾਨ ਤੋਂ ਮੰਗ ਕੀਤੀ ਕਿ ਇਸ ਗੰਭੀਰ ਮਸਲੇ ਨੂੰ ਤੁਰੰਤ ਕੇਂਦਰ ਸਰਕਾਰ ਅਤੇ ਕੇਂਦਰੀ ਕਾਨੂੰਨ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇ। ਵਕੀਲਾਂ ਨੇ ਮੰਗ ਕੀਤੀ ਕਿ LADCS ਪ੍ਰਣਾਲੀ ‘ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਪੁਰਾਣੀ ਪੈਨਲ ਪ੍ਰਣਾਲੀ ਨੂੰ ਹੀ ਬਹਾਲ ਰੱਖਿਆ ਜਾਵੇ, ਤਾਂ ਜੋ ਸਾਰੇ ਵਕੀਲਾਂ ਨੂੰ ਬਰਾਬਰ ਦਾ ਕੰਮ ਅਤੇ ਮੌਕਾ ਮਿਲ ਸਕੇ।
ਵਕੀਲਾਂ ਦੀਆਂ ਦਲੀਲਾਂ ਅਤੇ ਮੰਗਾਂ ਨੂੰ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਵਕੀਲ ਭਾਈਚਾਰੇ ਦੀ ਗੱਲ ਕੇਂਦਰ ਸਰਕਾਰ ਅਤੇ ਕੇਂਦਰੀ ਕਾਨੂੰਨ ਮੰਤਰਾਲੇ ਤੱਕ ਪਹੁੰਚਾਉਣਗੇ।
ਇਸ ਮੌਕੇ ਐਡਵੋਕੇਟ ਐਨ.ਕੇ. ਵਰਮਾ ਕਨਵੀਨਰ ਲੀਗਲ ਸੈੱਲ ਪੰਜਾਬ ਭਾਜਪਾ, ਐਡਵੋਕੇਟ ਪਰਮਪ੍ਰੀਤ ਬਾਜਵਾ ਸੈਕਟਰੀ ਬਾਰ ਐਸੋਸੀਏਸ਼ਨ ਪੰਜਾਬ ਐਂਡ ਹਰਿਆਣਾ ਹਾਈਕੋਰਟ, ਐਡਵੋਕੇਟ ਅਮਰਿੰਦਰ ਸਿੰਘ ਪ੍ਰਧਾਨ ਬਾਰ ਕੌਂਸਲ ਮੋਗਾ, ਐਡਵੋਕੇਟ ਮੋਹਿਤ ਗਰਗ, ਐਡਵੋਕੇਟ ਪ੍ਰਵੀਨ ਰੋਹਿਲਾ, ਐਡਵੋਕੇਟ ਦੀਪਕ ਰੋਹਿਲਾ, ਐਡਵੋਕੇਟ ਪ੍ਰੇਮਜੀਤ ਸਿੰਘ ਹੁੰਦਲ ਵੀ ਹਾਜ਼ਰ ਸਨ।

