ਸਿਵਲ-ਮਿਲਟਰੀ ਤਾਲਮੇਲ, ਖੇਤਰੀ ਸੁਰੱਖਿਆ ਅਤੇ ਸਾਬਕਾ ਸੈਨਿਕਾਂ ਦੀ ਭਲਾਈ ‘ਤੇ ਹੋਈ ਚਰਚਾ
ਫ਼ੌਜ ਮੁਖੀ (ਸੀਓਏਐੱਸ) ਜਨਰਲ ਧੀਰਜ ਸੇਠ, ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ ਨੇ ਅੱਜ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ, ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਦੇ ਦੌਰਾਨ ਸਿਵਲ-ਮਿਲਟਰੀ ਤਾਲਮੇਲ ਅਤੇ ਖੇਤਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਅਵਸਰ ‘ਤੇ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ, ਏਵੀਐੱਸਐੱਮ, ਐੱਸਐੱਮ ਅਤੇ ਆਰਮੀ ਹੈੱਡਕੁਆਰਟਰਸ ਦੇ ਹੋਰ ਅਧਿਕਾਰੀ ਵੀ ਉਪਸਥਿਤ ਸਨ।
ਭਾਰਤੀ ਫ਼ੌਜ ਦੀ ਕਮਾਨ ਸੰਭਾਲਣ ਦੇ ਬਾਅਦ ਫ਼ੌਜ ਮੁਖੀ ਦੀ ਰਾਜਪਾਲ ਨਾਲ ਇਹ ਪਹਿਲੀ ਮੁਲਾਕਾਤ ਸੀ। ਇਹ ਬੈਠਕ ਇਸ ਲਈ ਵੀ ਮਹੱਤਵਪੂਰਨ ਰਹੀ ਕਿਉਂਕਿ ਪੰਜਾਬ ਦੇ ਰਾਜਪਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ।
ਜਨਰਲ ਧੀਰਜ ਸੇਠ ਨੇ ਰਾਜਪਾਲ ਨੂੰ ਰਾਸ਼ਟਰ ਨਿਰਮਾਣ ਪ੍ਰਤੀ ਭਾਰਤੀ ਫ਼ੌਜ ਦੇ ਦ੍ਰਿੜ੍ਹ ਸੰਕਲਪ ਅਤੇ ਪ੍ਰਤੀਬੱਧਤਾ ਤੋਂ ਜਾਣੂ ਕਰਵਾਇਆ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਨੂੰ ਹੁਲਾਰਾ ਦੇਣ ਵਾਲੀਆਂ ਰਾਜ ਸਰਕਾਰ ਦੀਆਂ ਨੀਤੀਆਂ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਰਾਜਪਾਲ ਨੂੰ ਅੰਦਰੂਨੀ ਸੁਰੱਖਿਆ ਨਾਲ ਸਬੰਧਿਤ ਨਵੀਨਤਮ ਘਟਨਾਕ੍ਰਮ, ਸੀਮਾਵਰਤੀ ਖੇਤਰਾਂ ਵਿੱਚ ਚਲ ਰਹੇ ਪ੍ਰੋਜੈਕਟਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਨਾਲ ਜੁੜੇ ਵਿਸ਼ਿਆਂ ਦੀ ਵੀ ਜਾਣਕਾਰੀ ਦਿੱਤੀ।
ਕਰਨਲ ਜਸਦੀਪ ਸੰਧੂ,
ਸਲਾਹਕਾਰ, ਸਿਵਲ-ਮਿਲਟਰੀ ਮਾਮਲਿਆਂ ਦੇ ਅਨੁਸਾਰ, ਇਸ ਮੀਟਿੰਗ ਨਾਲ ਖੇਤਰ ਵਿੱਚ ਸਿਵਲ-ਮਿਲਟਰੀ ਤਾਲਮੇਲ ਹੋਰ ਅਧਿਕ ਮਜ਼ਬੂਤ ਹੋਇਆ ਅਤੇ ਅੰਦਰੂਨੀ ਸੁਰੱਖਿਆ ਸੁਨਿਸ਼ਚਿਤ ਕਰਨ, ਸੀਮਾਵਾਂ ‘ਤੇ ਸ਼ਾਂਤੀ ਬਣਾਈ ਰੱਖਣ, ਕੁਦਰਤੀ ਆਫ਼ਤਾਂ ਅਤੇ ਬਾਹਰੀ ਖ਼ਤਰਿਆਂ ਦਾ ਪ੍ਰਭਾਵੀ ਢੰਗ ਨਾਲ ਸਾਹਮਣਾ ਕਰਨ ਅਤੇ ਹੋਰ ਸੰਕਟਾਂ ਲਈ ਤਤਪਰਤਾ ਬਣਾਈ ਰੱਖਣ ਦੀ ਦਿਸ਼ਾ ਵਿੱਚ ਆਪਸੀ ਵਿਸ਼ਵਾਸ ਅਤੇ ਭਰੋਸਾ ਹੋਰ ਮਜ਼ਬੂਤ ਹੋਇਆ।

