ਪਹਿਲਾ ਹਮਲਾ ਦਬਾ ਦਿੱਤਾ, ਇਸ ਲਈ ਦੂਜਾ ਹੋ ਗਿਆ – ਭਗਵੰਤ ਮਾਨ ਅਤੇ ਕੱਚਾ DGP ਜਵਾਬ ਦੇਣ: ਮਜੀਠੀਆ
ਨਰੈਣ ਸਿੰਘ ਚੌੜਾ ਤੋਂ ਨਾਂਦੇੜ ਤੱਕ – ਇੱਕੋ ਹੱਥ, ਇੱਕੋ ਸਾਜ਼ਿਸ਼, ਇੱਕੋ ਮਕਸਦ: ਸੁਖਬੀਰ ਬਾਦਲ ਸਨ ਟਾਰਗੇਟ: ਮਜੀਠੀਆ
ਤੀਜੇ ਹਮਲੇ ਦੀ ਉਡੀਕ ਨਾ ਕਰੋ, ਹੁਣ ਸੱਚ ਦੱਬਣ ਦੀ ਨਹੀਂ, ਸਾਜ਼ਿਸ਼ ਬੇਨਕਾਬ ਕਰਨ ਦੀ ਵਾਰੀ ਹੈ” ਬਿਕਰਮ ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ‘ਤੇ ਹੋਏ ਦੂਜੇ ਕਾਤਲਾਨਾ ਹਮਲੇ ਨੂੰ ਪੰਜਾਬ ਦੀ ਸਿਆਸਤ ਅਤੇ ਸਿੱਖ ਕੌਮ ‘ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ਵਿੱਚ ਦੋਵੇਂ ਹਮਲੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿੱਚ ਹੋਏ ਹਨ। ਪਹਿਲਾ 4 ਦਸੰਬਰ 2024 ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਦੂਜਾ ਅੱਜ ਨਾਂਦੇੜ ਸਾਹਿਬ। ਇਹ ਇਤਫਾਕ ਨਹੀਂ ਹੋ ਸਕਦਾ। ਇਹ ਸਾਫ਼-ਸਾਫ਼ ਸ਼੍ਰੋਮਣੀ ਅਕਾਲੀ ਦਲ ਦੀ ਮੋਡਰੇਟ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਜੇ ਹੁਣ ਵੀ ਕੇਂਦਰ ਸਰਕਾਰ ਨੇ CBI ਜਾਂਚ ਨਾ ਕਰਵਾਈ ਤਾਂ ਤੀਜਾ ਹਮਲਾ ਵੀ ਹੋ ਸਕਦਾ ਹੈ?
ਸਰਦਾਰ ਮਜੀਠੀਆ ਨੇ ਸੱਚੇ ਪਾਤਸ਼ਾਹ ਦਾ ਕੋਟਨ-ਕੋਟ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਦੋਵੇਂ ਵਾਰ ਬਹੁਤ ਨੇੜਿਓਂ ਹੋਏ ਅਸੈਸੀਨੇਸ਼ਨ ਅਟੈਂਪਟ ਵਿੱਚੋਂ ਬਚ ਗਏ ਹਨ। ਅੱਜ ਨਾਂਦੇੜ ਵਿੱਚ ਵੀ ਹਮਲਾਵਰ ਨੇ ਪਹਿਲਾਂ ਹੱਥ ‘ਤੇ ਵਾਰ ਕੀਤਾ ਅਤੇ ਫਿਰ ਦੂਜੀ ਵਾਰ ਸੀਨੇ ‘ਤੇ ਛੁਰੀ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਜੇ ਨਾਲ ਖੜ੍ਹੇ ਸਿੰਘਾਂ ਨੇ ਹਿੰਮਤ ਨਾ ਦਿਖਾਈ ਹੁੰਦੀ ਤਾਂ ਅੱਜ ਪੰਜਾਬ ਦਾ ਸਿਆਸੀ ਨਕਸ਼ਾ ਕੁਝ ਹੋਰ ਹੁੰਦਾ। ਪਰ ਸਵਾਲ ਇਹ ਹੈ ਕਿ ਆਖਿਰ ਕੌਣ ਹੈ ਜੋ ਬਾਰ-ਬਾਰ ਸੁਖਬੀਰ ਬਾਦਲ ਨੂੰ ਮਾਰਨਾ ਚਾਹੁੰਦਾ ਹੈ? ਕੌਣ ਨਹੀਂ ਚਾਹੁੰਦਾ ਕਿ ਪੰਜਾਬ ਵਿੱਚ ਹਿੰਦੂ-ਸਿੱਖ ਏਕਤਾ ਅਤੇ ਭਾਈਚਾਰਕ ਸਾਂਝ ਦੀ ਆਵਾਜ਼ ਬਚੇ?
ਸਰਦਾਰ ਮਜੀਠੀਆ ਨੇ ਪੰਜਾਬ ਦੀ “ਗੁਰੂ ਦੋਖੀ” ਭਗਵੰਤ ਮਾਨ ਸਰਕਾਰ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪਹਿਲਾ ਹਮਲਾ ਦਬਾ ਦਿੱਤਾ ਗਿਆ, ਇਸੇ ਲਈ ਦੂਜਾ ਹਮਲਾ ਹੋ ਗਿਆ। ਨਰੈਣ ਸਿੰਘ ਚੌੜਾ ਕੋਈ ਆਮ ਅਪਰਾਧੀ ਨਹੀਂ ਸੀ। ਉਸ ‘ਤੇ 21 ਕੇਸ ਸਨ, ਉਹ ਪਾਕਿਸਤਾਨ ਵਿੱਚ ਰਿਹਾ, ISI ਤੋਂ ਟ੍ਰੇਨਿੰਗ ਲਈ ਅਤੇ ਉਸ ਦੇ ਡੋਜ਼ੀਅਰ ਵਿੱਚ ਸਾਫ਼ ਲਿਖਿਆ ਸੀ ਕਿ ਉਹ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਸਕਦਾ ਹੈ। ਫਿਰ ਵੀ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਿਵੇਂ ਦਾਖਲ ਹੋਣ ਦਿੱਤਾ ਗਿਆ? CCTV ਵਿੱਚ SP ਹਰਪਾਲ ਰੰਧਾਵਾ ਉਸ ਨਾਲ ਹਮਲੇ ਤੋਂ ਪਹਿਲਾਂ ਗੱਲ ਕਰਦਾ ਨਜ਼ਰ ਆਇਆ ਸੀ। ਉਸ ਸਮੇਂ ਦੇ DIG ਗੁਰਪ੍ਰੀਤ ਭੁੱਲਰ ਨੇ ਇਸ ਨੂੰ “ਸਿਮਪਥੀ ਗੇਨ” ਕਹਿ ਕੇ ਮਜ਼ਾਕ ਬਣਾ ਦਿੱਤਾ ਸੀ। ਅੱਜ ਉਸੇ ਭੁੱਲਰ ਨੂੰ ਟਰਾਂਸਫਰ ਕਰਤਾ ਕਿ ਉਸਨੇ ਜੰਤਰ ਮੰਤਰ ਮਾਮਲੇ ਵਿੱਚ ਦੱਸ ਦਿੱਤਾ ਸੀ ਕਿ ਇਸ ਵਿੱਚ ਆਈਐਸਆਈ ਦੀ ਕੀ ਭੂਮਿਕਾ ਹੈ ਅਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਗੁਰਪ੍ਰੀਤ ਭੁੱਲਰ ਦਾ ਤਬਾਦਲਾ ਕਰ ਦਿੱਤਾ ਗਿਆ। ਮੁੱਖ ਮੰਤਰੀ ਗੁਰੂ ਦੋਖੀ ਭਗਵੰਤ ਮਾਨ ਜੋ ਕਿ ਗ੍ਰਹਿ ਮੰਤਰੀ ਵੀ ਹਨ, ਅੱਜ ਤੱਕ ਪਹਿਲੇ ਹਮਲੇ ਦੀ ਨਿੰਦਾ ਤੱਕ ਨਹੀਂ ਕਰ ਸਕੇ। ਇਹ ਚੁੱਪੀ ਸਭ ਤੋਂ ਵੱਡਾ ਸਬੂਤ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਨਰੈਣ ਸਿੰਘ ਚੌੜਾ ਤੋਂ ਲੈ ਕੇ ਅੱਜ ਨਾਂਦੇੜ ਦੇ ਹਮਲਾਵਰ ਤੱਕ ਇੱਕੋ ਕੜੀ ਜੁੜਦੀ ਹੈ। ਇੱਕੋ ਮਕਸਦ ਹੈ – ਸੁਖਬੀਰ ਬਾਦਲ ਦਾ ਕਤਲ। ਇੱਕੋ ਸਾਜ਼ਿਸ਼ ਹੈ – ਪੰਜਾਬ ਦੀ ਮੋਡਰੇਟ ਆਵਾਜ਼ ਨੂੰ ਖ਼ਤਮ ਕਰਨਾ। 1992 ਵਿੱਚ ਵੀ ਅਜਿਹਾ ਹੀ ਹੋਇਆ ਸੀ ਜਦੋਂ ਮੋਡਰੇਟ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅੱਜ ਫਿਰ ਉਹੀ ਖੇਡ ਖੇਡੀ ਜਾ ਰਹੀ ਹੈ। ਜਿਹੜੀਆਂ ਤਾਕਤਾਂ ਪੰਜਾਬ ਵਿੱਚ ਅਸ਼ਾਂਤੀ, ਨਸ਼ੇ ਅਤੇ ਵੰਡ ਦੀ ਸਿਆਸਤ ਕਰਨਾ ਚਾਹੁੰਦੀਆਂ ਹਨ, ਉਹ ਨਹੀਂ ਚਾਹੁੰਦੀਆਂ ਕਿ ਅਕਾਲੀ ਦਲ ਵਰਗੀ ਪਾਰਟੀ ਬਚੇ ਜੋ ਸਰਹੱਦ ‘ਤੇ ਅਮਨ ਅਤੇ ਦੇਸ਼ ਦੀ ਏਕਤਾ ਅਤੇ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦੀ ਹੈ।
ਇਸ ਲਈ ਸਰਦਾਰ ਮਜੀਠੀਆ ਨੇ ਕੇਂਦਰ ਸਰਕਾਰ ਤੋਂ ਤੁਰੰਤ ਮੰਗ ਕੀਤੀ ਕਿ ਪੰਜਾਬ ਅਤੇ ਮਹਾਰਾਸ਼ਟਰ ਦੋਵੇਂ ਘਟਨਾਵਾਂ ਦੀ ਜਾਂਚ CBI ਨੂੰ ਸੌਂਪੀ ਜਾਵੇ। CBI ਇਹ ਵੀ ਜਾਂਚ ਕਰੇ ਕਿ ਦੋਵਾਂ ਹਮਲਿਆਂ ਵਿੱਚ ਕੋਈ ਸਾਂਝੀ ਸਾਜ਼ਿਸ਼, ਸਥਾਨਕ ਸਹੂਲਤ ਜਾਂ ਵਿਦੇਸ਼ੀ ਹੈਂਡਲਰ ਦਾ ਹੱਥ ਤਾਂ ਨਹੀਂ ਹੈ। ਇਸ ਦੇ ਨਾਲ ਹੀ SP ਹਰਪਾਲ ਰੰਧਾਵਾ ਅਤੇ DIG ਗੁਰਪ੍ਰੀਤ ਭੁੱਲਰ ਦੀ ਤੁਰੰਤ ਗ੍ਰਿਫਤਾਰੀ ਕਰਕੇ ਕਸਟੋਡੀਅਲ ਇੰਟਰੋਗੇਸ਼ਨ ਕੀਤੀ ਜਾਵੇ। ਇੰਟੈਲੀਜੈਂਸ ਫੇਲੀਅਰ ਦੀ ਵੀ ਜਵਾਬਦੇਹੀ ਤੈਅ ਕੀਤੀ ਜਾਵੇ ਕਿ ਪਹਿਲੇ ਹਮਲੇ ਤੋਂ ਬਾਅਦ ਮਹਾਰਾਸ਼ਟਰ ਨੂੰ ਅਲਰਟ ਕਿਉਂ ਨਹੀਂ ਭੇਜਿਆ ਗਿਆ।
ਅੰਤ ਵਿੱਚ ਸਰਦਾਰ ਮਜੀਠੀਆ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੇ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਦੀ ਸੁਰੱਖਿਆ ਤੁਰੰਤ Z+ ਪੱਧਰ ‘ਤੇ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹੁਣ ਹੋਰ ਦੇਰੀ ਨਹੀਂ ਕੀਤੀ ਜਾ ਸਕਦੀ। ਜੇ ਭਗਵੰਤ ਮਾਨ ਸਰਕਾਰ ਵਿੱਚ ਜ਼ਰਾ ਵੀ ਇਮਾਨਦਾਰੀ ਬਚੀ ਹੈ ਤਾਂ ਉਹ ਖੁਦ CBI ਜਾਂਚ ਦੀ ਮੰਗ ਕਰੇ। ਨਹੀਂ ਤਾਂ ਪੰਜਾਬ ਦਾ ਲੋਕ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਗੁਰੂ ਸਾਹਿਬ ਨੇ ਅੱਜ ਫਿਰ ਬਚਾ ਲਿਆ। ਉਹਨਾਂ ਕਿਹਾ ਕਿ ਇਹਨਾਂ ਗਲਾਂ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਸਹਿਬ ਦਾ ਹੱਥ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਕਾਲੀ ਦਲ ਉਪਰ ਹੈ।
