ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ (ਡੀਆਰਐੱਸਸੀ) ਦੀ 26ਵੀਂ ਮੀਟਿੰਗ ਅੱਜ ਡਿਪਟੀ ਕਮਿਸ਼ਨਰ, ਚੰਡੀਗੜ੍ਹ, ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸੀਨੀਅਰ ਪੁਲਿਸ ਸੁਪਰਡੈਂਟ (ਟ੍ਰੈਫਿਕ) ਅਤੇ ਇੰਜੀਨੀਅਰਿੰਗ ਵਿਭਾਗ, ਨਗਰ ਨਿਗਮ ਚੰਡੀਗੜ੍ਹ, ਚੰਡੀਗੜ੍ਹ ਟ੍ਰੈਫਿਕ ਪੁਲਿਸ, ਸਿਹਤ ਵਿਭਾਗ ਸਹਿਤ ਵਿਭਿੰਨ ਸਬੰਧਿਤ ਵਿਭਾਗਾਂ ਅਤੇ ਏਜੰਸੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਮੀਟਿੰਗ ਦੇ ਦੌਰਾਨ ਕਮੇਟੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸ਼ਹਿਰੀ ਯੋਜਨਾ ਵਿਭਾਗ ਦੇ ਚੀਫ਼ ਆਰਕੀਟੈਕਟ ਦੁਆਰਾ ਪ੍ਰਸਤਾਵਿਤ ਕੈਪੀਟਲ ਕੰਪਲੈਕਸ, ਸੈਕਟਰ-1, ਚੰਡੀਗੜ੍ਹ ਦੀ ਵਿਆਪਕ ਸੁਰੱਖਿਆ ਯੋਜਨਾ ਨੂੰ ਪ੍ਰਵਾਨਗੀ ਦਿੱਤੀ।
ਮੀਟਿੰਗ ਵਿੱਚ ਸੜਕ ਦੁਰਘਟਨਾ ਪੀੜਿਤਾਂ ਦੇ ਕੈਸ਼ਲੈੱਸ ਇਲਾਜ ਲਈ ਸੰਚਾਲਿਤ ਪੀਐੱਮ ਰਾਹਤ ਯੋਜਨਾ ਦੀ ਪ੍ਰਗਤੀ ਬਾਰੇ ਵੀ ਕਮੇਟੀ ਨੂੰ ਜਾਣੂ ਕਰਵਾਇਆ ਗਿਆ। ਇਹ ਦੱਸਿਆ ਗਿਆ ਕਿ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ, ਟੀਐੱਮਐੱਸ 2.0 ਪੋਰਟਲ ‘ਤੇ 30 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 21 ਕੇਸਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਸ਼ਹਿਰ ਵਿੱਚ ਸੜਕ ਸੁਰੱਖਿਆ ਦੇ ਬੁਨਿਆਦੀ ਢਾਂਚੇ ਦੀ ਸਮੀਖਿਆ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਸੈਕਟਰ 29/30 ਲਾਇਟ ਪੁਆਇੰਟ ਦੇ ਵਿਚਕਾਰਲੇ ਹਿੱਸੇ (ਮੀਡੀਅਨ) ਵਿੱਚ ਗਰਿੱਲਾਂ ਲਗਾਉਣ ਦਾ ਕਾਰਜ ਦੋ ਮਹੀਨਿਆਂ ਦੇ ਅੰਦਰ ਪੂਰਾ ਕਰਨ ਦੇ
ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਵੀ-3, ਵੀ-4 ਅਤੇ ਵੀ-5 ਸੜਕਾਂ ਦੇ 61 ਸਥਾਨਾਂ ‘ਤੇ 195 ਬਲਿੰਕਰ ਲਗਾਉਣ ਦਾ ਕਾਰਜ ਇੱਕ ਮਹੀਨੇ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ।
ਕਮੇਟੀ ਨੇ ਸਬੰਧਿਤ ਵਿਭਾਗਾਂ ਨੂੰ ਧਨਾਸ ਬ੍ਰਿਜ, ਮਟਕਾ ਚੌਕ ਅਤੇ ਇੰਡਸਟ੍ਰੀਅਲ ਏਰੀਆ ਫੇਜ਼-1/ਬਲਟਾਣਾ ਟਰਨ ‘ਤੇ ਅਡੈਪਟਿਵ ਟ੍ਰੈਫਿਕ ਕੰਟਰੋਲ (ਏਟੀਸੀ) ਲਾਇਟਾਂ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ। ਏਅਰਪੋਰਟ ਲਾਇਟ ਪੁਆਇੰਟ ‘ਤੇ ਸੜਕ ਚੌੜੀ ਕਰਨ ਦੇ ਕਾਰਜ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ ਅਤੇ ਇਸ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ।
ਕਮੇਟੀ ਨੇ ਸ਼ਹਿਰ ਵਿੱਚ 83 ਘਾਤਕ ਸੜਕ ਦੁਰਘਟਨਾ ਸਥਲਾਂ ਦੇ ਸੰਯੁਕਤ ਨਿਰੀਖਣ ਦੇ ਬਾਅਦ ਕੀਤੀ ਗਈ ਕਾਰਵਾਈ ਦੀ ਵੀ ਸਮੀਖਿਆ ਕੀਤੀ। ਮੀਟਿੰਗ ਵਿੱਚ ਦੱਸਿਆ ਗਿਆ ਕਿ ਸਬੰਧਿਤ ਦੋ ਸਰਕਲ ਡਿਵੀਜ਼ਨਾਂ ਦੇ ਤਹਿਤ ਕ੍ਰਮਵਾਰ 16 ਅਤੇ 26 ਸਥਾਨਾਂ ‘ਤੇ
ਸਿਫ਼ਾਰਸ਼ ਕੀਤੇ ਗਏ ਸੜਕ ਸੁਰੱਖਿਆ ਉਪਾਅ
ਲਾਗੂ ਕੀਤੇ ਜਾ ਚੁੱਕੇ ਹਨ। ਬਾਕੀ ਸਥਾਨਾਂ ‘ਤੇ ਸੁਰੱਖਿਆ ਸਬੰਧੀ
ਸਿਫ਼ਾਰਸ਼ਾਂ ਨੂੰ ਜਲਦੀ ਲਾਗੂ ਕਰਨ ਦੇ ਨਿਰਦੇਸ਼
ਸਬੰਧਿਤ ਅਧਿਕਾਰੀਆਂ ਨੂੰ ਦਿੱਤੇ ਗਏ।
ਪੀਜੀਆਈਐੱਮਈਆਰ ਦੇ ਆਸਪਾਸ ਕਬਜ਼ਿਆਂ ਅਤੇ ਟ੍ਰੈਫਿਕ ਸਬੰਧੀ ਸਮੱਸਿਆਵਾਂ ਦਾ ਨੋਟਿਸ ਲੈਂਦੇ ਹੋਏ ਡਿਪਟੀ ਕਮਿਸ਼ਨਰ ਨੇ ਐੱਸਡੀਐੱਮ (ਸੈਂਟਰਲ) ਨੂੰ ਖੇਤਰ ਵਿੱਚ ਕਬਜ਼ਿਆਂ ਵਿਰੁੱਧ ਨਿਯਮਿਤ ਤੌਰ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ, ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਸੜਕਾਂ ‘ਤੇ ਵਾਹਨਾਂ ਦੀ ਅਣਅਧਿਕਾਰਿਤ ਪਾਰਕਿੰਗ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ, ਤਾਕਿ ਆਵਾਜਾਈ ਦਾ ਸੁਚਾਰੂ ਸੰਚਾਲਨ ਸੁਨਿਸ਼ਚਿਤ ਕੀਤਾ ਜਾ ਸਕੇ ਅਤੇ ਸੜਕ ਉਪਯੋਗ ਕਰਨ ਵਾਲਿਆਂ ਨੂੰ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਮੀਟਿੰਗ ਵਿੱਚ ਲਏ ਗਏ ਨਿਰਣਿਆਂ ‘ਤੇ ਤਾਲਮੇਲ ਵਾਲੀ ਅਤੇ ਸਮਾਂਬੱਧ ਕਾਰਵਾਈ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ‘ਤੇ ਜ਼ੋਰ ਦਿੰਦੇ ਹੋਏ ਸਬੰਧਿਤ ਵਿਭਾਗਾਂ ਨੂੰ ਪੈਦਲ ਯਾਤਰੀਆਂ ਦੇ ਅਨੁਕੂਲ ਸੜਕ ਬੁਨਿਆਦੀ ਢਾਂਚੇ ਅਤੇ ਪ੍ਰਭਾਵੀ ਲਾਗੂਕਰਨ ਉਪਾਵਾਂ ਨੂੰ ਪ੍ਰਾਥਮਿਕਤਾ ਦੇਣ ਦੇ ਨਿਰਦੇਸ਼ ਦਿੱਤੇ।

