ਗ੍ਰਹਿ ਸਕੱਤਰ-ਅਤੇ-ਸਕੱਤਰ, ਸਥਾਨਕ ਸਰਕਾਰ, ਯੂ.ਟੀ. ਚੰਡੀਗੜ੍ਹ, ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ ਨੇ ਅੱਜ ਨਗਰ ਨਿਗਮ ਚੰਡੀਗੜ੍ਹ ਨੂੰ ਪਾਰਦਰਸ਼ਤਾ, ਪ੍ਰੋਜੈਕਟਾਂ ਦੀ ਨਿਗਰਾਨੀ ਅਤੇ ਨਾਗਰਿਕ-ਕੇਂਦ੍ਰਿਤ ਸੇਵਾ ਪ੍ਰਦਾਨ ਕਰਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕਈ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਨਿਰਮਾਣ ਅਧੀਨ ਪ੍ਰੋਜੈਕਟਾਂ ਦੇ ਸਥਾਨਾਂ ‘ਤੇ ਉਚਿਤ ਸੂਚਨਾ ਡਿਸਪਲੇਅ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ। ਇਨ੍ਹਾਂ ਬੋਰਡਾਂ ‘ਤੇ ਕਾਰਜ ਦਾ ਨਾਮ, ਐਗਜ਼ੀਕਿਊਟਿੰਗ ਏਜੰਸੀ/ਠੇਕੇਦਾਰ, ਕਾਰਜ ਅਲਾਟਮੈਂਟ ਅਤੇ ਸ਼ੁਰੂ ਹੋਣ ਦੀ ਮਿਤੀ, ਨਿਰਧਾਰਿਤ ਅਤੇ ਵਾਸਤਵਿਕ/ਸੰਸ਼ੋਧਿਤ ਮੁਕੰਮਲ ਹੋਣ ਦੀ ਮਿਤੀ, ਅਨੁਮਾਨਿਤ ਲਾਗਤ, ਵਰਤਮਾਨ ਭੌਤਿਕ ਤੇ ਵਿੱਤੀ ਪ੍ਰਗਤੀ ਅਤੇ ਪ੍ਰਮੁੱਖ ਸਮੱਸਿਆਵਾਂ ਜਾਂ ਰੁਕਾਵਟਾਂ ਦਾ ਸਪਸ਼ਟ ਉਲੇਖ ਕੀਤਾ ਜਾਵੇਗਾ।
ਗ੍ਰਹਿ ਸਕੱਤਰ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਨਗਰ ਨਿਗਮ ਅਤੇ ਆਮ ਪ੍ਰਸ਼ਾਸਨ ਦੇ ਅਧਿਕਾਰੀ ਸਬੰਧਿਤ ਸੈਕਟਰ ਕਮੇਟੀਆਂ ਦੇ ਨਾਲ ਹਰ ਮਹੀਨੇ ਸੰਯੁਕਤ ਨਿਰੀਖਣ ਕਰਨ। ਪੂਰੇ ਸ਼ਹਿਰ ਨੂੰ 18 ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜ਼ੋਨ ਦਾ ਨਿਰੀਖਣ ਇੱਕ ਸੀਨੀਅਰ ਅਧਿਕਾਰੀ ਦੀ ਨਿਗਰਾਨੀ ਵਿੱਚ ਕੀਤਾ ਜਾਵੇਗਾ।
ਨਿਰੀਖਣ ਦੇ ਦੌਰਾਨ ਕਚਰਾ ਉਠਾਉਣ ਅਤੇ ਸਾਫ਼-ਸਫ਼ਾਈ, ਸੜਕਾਂ ਦੀ ਸਫ਼ਾਈ, ਕਾਰਪੇਟਿੰਗ ਅਤੇ ਟੋਇਆਂ ਦੀ ਮੁਰੰਮਤ, ਸਟ੍ਰੀਟ ਲਾਇਟਾਂ ਦੀ ਕਾਰਜਸ਼ੀਲ ਸਥਿਤੀ, ਪਾਣੀ ਦੀ ਲੀਕੇਜ, ਪਾਰਕਿੰਗ ਸਬੰਧੀ ਸਮੱਸਿਆਵਾਂ, ਅਵੈਧ ਵੈਂਡਿੰਗ, ਅਣਅਧਿਕਾਰਿਤ ਅਤੇ ਅਵੈਧ ਕਬਜ਼ੇ, ਪਾਰਕਾਂ ਦੀ ਸਵੱਛਤਾ, ਅਤੇ ਜਨਤਕ ਪਖਾਨਿਆਂ ਦੀ ਸਾਫ਼-ਸਫ਼ਾਈ ਅਤੇ ਰੱਖ-ਰਖਾਅ ਦੀ ਜਾਂਚ ਕੀਤੀ ਜਾਵੇਗੀ।ਨਿਰੀਖਣ ਦੇ ਦੌਰਾਨ ਨਜ਼ਰ ਆਈ ਕਿਸੇ ਵੀ ਕਮੀ ਨੂੰ ਜਲਦੀ ਦੂਰ ਕੀਤਾ ਜਾਵੇਗਾ ਅਤੇ ਇਸ ਦੀ ਨਿਗਰਾਨੀ ਕਮਿਸ਼ਨਰ ਅਤੇ ਸਪੈਸ਼ਲ ਕਮਿਸ਼ਨਰ ਦੇ ਪੱਧਰ ‘ਤੇ ਕੀਤੀ ਜਾਵੇਗੀ।
ਤਕਨੀਕ ਅਧਾਰਿਤ ਸੇਵਾ ਪ੍ਰਦਾਨ ਕਰਨ ਦੀ ਸਮੀਖਿਆ ਕਰਦੇ ਹੋਏ ਗ੍ਰਹਿ ਸਕੱਤਰ ਨੇ ਨਿਰਦੇਸ਼ ਦਿੱਤਾ ਕਿ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਨਾਲ ਜੁੜੀਆਂ ਨਾਗਰਿਕ-ਕੇਂਦ੍ਰਿਤ ਅਤੇ ਮਾਲੀਆ ਪੈਦਾ ਕਰਨ ਵਾਲੀਆਂ ਸੇਵਾਵਾਂ ਦੀ ਵਿਭਾਗ-ਵਾਰ ਸਮੀਖਿਆ ਕੀਤੀ ਜਾਵੇ। ਸਬੰਧਿਤ ਵਿਭਾਗਾਂ ਨੂੰ ਨਿਗਰਾਨੀ ਕੀਤੀਆਂ ਜਾ ਰਹੀਆਂ ਸੇਵਾਵਾਂ, ਉਨ੍ਹਾਂ ਦੀ ਮਾਲੀਆ ਸਮਰੱਥਾ, ਵਰਤਮਾਨ ਮਾਲੀਆ ਇਕੱਠਾ ਕਰਨ ਅਤੇ ਪ੍ਰਸਤਾਵਿਤ ਮਾਲੀਆ-ਸਿਰਜਣਾ ਮਾਡਲ ਦਾ ਵਿਵਰਣ ਪ੍ਰਸਤੁਤ ਕਰਨ ਲਈ ਕਿਹਾ ਗਿਆ ਹੈ।
ਵਾਤਾਵਰਣ ਸਬੰਧੀ ਕਾਰਜਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਗ੍ਰਹਿ ਸਕੱਤਰ ਨੇ ਡੱਡੂਮਾਜਰਾ ਵਿਖੇ ਪੌਦੇ ਲਗਾਉਣ ਅਤੇ ਲੈਂਡਸਕੇਪਿੰਗ ਗਤੀਵਿਧੀਆਂ ਦੀ ਨੇੜਿਓਂ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੂੰ ਮਸ਼ੀਨਰੀ ਦਾ ਅਧਿਕਤਮ ਉਪਯੋਗ ਸੁਨਿਸ਼ਚਿਤ ਕਰਨ, ਪੌਦੇ ਲਗਾਉਣ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ, ਪੌਦਿਆਂ ਦੇ ਬਚਾਅ ਅਤੇ ਉਚਿਤ ਰੱਖ-ਰਖਾਅ, ਨਿਯਮਿਤ ਫੀਲਡ ਨਿਰੀਖਣ ਅਤੇ ਵਿਵਸਥਿਤ ਦਸਤਾਵੇਜ਼ੀਕਰਣ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ।
