ਜੇਤੂ ਵਾਰਡਾਂ ਨੂੰ 2 ਅਕਤੂਬਰ 2026 ਨੂੰ ਸਨਮਾਨਿਤ ਕੀਤਾ ਜਾਵੇਗਾ
ਚੰਡੀਗੜ੍ਹ ਨੂੰ ਸਵੱਛਤਾ ਦਾ ਰਾਸ਼ਟਰੀ ਮਾਡਲ ਬਣਾਉਣ ਲਈ ਜਨਭਾਗੀਦਾਰੀ, ਵਿਗਿਆਨਿਕ ਕਚਰਾ ਪ੍ਰਬੰਧਨ ਅਤੇ ਵਾਰਡ ਪੱਧਰ ‘ਤੇ ਜਵਾਬਦੇਹੀ ਦਾ ਸੱਦਾ
ਚੰਡੀਗੜ੍ਹ, 3 ਸਤੰਬਰ:-
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਨਗਰ ਨਿਗਮ ਚੰਡੀਗੜ੍ਹ ਦੀ “ਸਵੱਛ ਵਾਰਡ ਰੈਂਕਿੰਗ 2026” ਪਹਿਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਵੱਛਤਾ ਨੂੰ ਇੱਕ ਸਥਾਈ ਜਨ ਅੰਦੋਲਨ ਬਣਾਉਣ ਲਈ ਨਾਗਰਿਕਾਂ, ਜਨ
ਪ੍ਰਤੀਨਿਧੀਆਂ, ਅਧਿਕਾਰੀਆਂ, ਸਫ਼ਾਈ ਕਰਮਚਾਰੀਆਂ, ਆਰਡਬਲਿਊਏਜ਼, ਮਾਰਕਿਟ ਐਸੋਸੀਏਸ਼ਨਾਂ, ਵਿੱਦਿਅਕ ਸੰਸਥਾਵਾਂ ਅਤੇ ਹੋਰ ਹਿਤਧਾਰਕਾਂ ਨੂੰ ਮਿਲ ਕੇ ਪ੍ਰਯਾਸ ਕਰਨ ਦਾ ਸੱਦਾ ਦਿੱਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਵੱਛ ਵਾਰਡ ਰੈਂਕਿੰਗ 2026 ਕੇਵਲ ਵਾਰਡਾਂ ਵਿੱਚ ਇੱਕ ਮੁਕਾਬਲਾ ਨਹੀਂ ਹੈ, ਬਲਕਿ ਚੰਡੀਗੜ੍ਹ ਵਿੱਚ ਜਵਾਬਦੇਹੀ, ਜਨਭਾਗੀਦਾਰੀ, ਤੰਦਰੁਸਤ ਮੁਕਾਬਲੇ ਅਤੇ ਵਿਗਿਆਨਿਕ ਕਚਰਾ ਪ੍ਰਬੰਧਨ ਦੀ ਇੱਕ ਨਵੀਂ ਸੰਸਕ੍ਰਿਤੀ ਵਿਕਸਿਤ ਕਰਨ ਦੀ ਇੱਕ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ “ਸਿਟੀ ਬਿਊਟੀਫੁੱਲ” ਦੀ ਪਹਿਚਾਣ ਕੇਵਲ ਇਸ ਦੀ ਵਾਸਤੂਕਲਾ, ਹਰਿਆਲੀ, ਚੌੜੀਆਂ ਸੜਕਾਂ ਅਤੇ ਸੁਨਿਯੋਜਿਤ ਸੈਕਟਰਾਂ ਨਾਲ ਹੀ ਨਹੀਂ, ਬਲਕਿ ਉਤਨੀ ਹੀ ਸਵੱਛਤਾ, ਨਾਗਰਿਕ ਅਨੁਸ਼ਾਸਨ ਅਤੇ ਜਨਤਕ ਥਾਵਾਂ ਪ੍ਰਤੀ ਜ਼ਿੰਮੇਦਾਰ ਵਿਵਹਾਰ ਨਾਲ ਵੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਚੰਡੀਗੜ੍ਹ ਦੀ ਸੁੰਦਰਤਾ ਇੱਕ ਵਿਰਾਸਤ ਹੈ, ਅਤੇ ਇਸ ਨੂੰ ਸੰਵਾਰਨਾ ਅਤੇ ਅੱਗੇ ਵਧਾਉਣਾ ਵਰਤਮਾਨ ਪੀੜ੍ਹੀ ਦੀ ਜ਼ਿੰਮੇਦਾਰੀ ਹੈ।
ਰਾਜਪਾਲ ਨੇ ਕਿਹਾ ਕਿ ਕੋਈ ਵੀ ਸ਼ਹਿਰ ਆਪਣੇ ਆਪ ਸਾਫ਼ ਨਹੀਂ ਹੁੰਦਾ; ਅਤੇ ਲਗਾਤਾਰ ਸਾਫ਼-ਸਫ਼ਾਈ ਬਣਾਈ ਰੱਖਣ ਲਈ ਨਗਰ ਨਿਗਮ, ਸਫ਼ਾਈ ਕਰਮਚਾਰੀਆਂ ਅਤੇ ਨਾਗਰਿਕਾਂ ਦੇ ਸਾਂਝੇ ਪ੍ਰਯਾਸ ਜ਼ਰੂਰੀ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰ ‘ਤੇ ਹੀ ਸੁੱਕਾ ਅਤੇ ਗਿੱਲਾ ਕਚਰਾ ਅਲੱਗ ਕਰਨ (ਸੋਰਸ ਸੈਗ੍ਰੀਗੇਸ਼ਨ), ਜ਼ਿੰਮੇਦਾਰੀ ਨਾਲ ਕਚਰਾ ਸੁੱਟਣ ਅਤੇ ਜਨਤਕ ਥਾਵਾਂ ਨੂੰ ਸਾਫ਼ ਰੱਖਣ ਨੂੰ ਆਪਣੀ ਰੋਜ਼ਮੱਰਾ ਦੀ ਆਦਤ ਬਣਾਉਣ।
ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਵੱਛਤਾ ਨੂੰ ਸਿਰਫ਼ ਇੱਕ ਸਰਕਾਰੀ ਪ੍ਰੋਗਰਾਮ ਬਣ ਕੇ ਨਹੀਂ ਰਹਿਣਾ ਚਾਹੀਦਾ, ਬਲਕਿ ਇਸ ਨੂੰ ਨਿਜੀ ਸੰਸਕਾਰ ਅਤੇ ਸਮਾਜਿਕ ਆਦਤ ਬਣਨਾ ਹੋਵੇਗਾ। ਉਨ੍ਹਾਂ ਨੇ ਕਚਰਾ ਘੱਟ ਕਰਨ (ਰਿਡਿਊਸ), ਦੁਬਾਰਾ ਉਪਯੋਗ ਕਰਨ (ਰੀਯੂਜ਼) ਅਤੇ ਰੀਸਾਇਕਲ ਕਰਨ ਦੇ ਸਿਧਾਂਤਾਂ ਨੂੰ ਬੜੇ ਪੈਮਾਨੇ ‘ਤੇ ਅਪਣਾਉਣ, ਖਾਦ ਬਣਾਉਣ,’ਕਚਰੇ ਸੇ ਕੰਚਨ’ (ਵੇਸਟ ਟੂ ਵੈਲਥ) ਐਂਡ ਸਰਕੂਲਰ ਇਕੌਨਮੀ ਦੀ ਸੋਚ ਨੂੰ ਹੁਲਾਰਾ ਦੇਣ ਦੀ ਗੱਲ ਵੀ ਕਹੀ, ਤਾਕਿ ਡੰਪਿੰਗ ਗਰਾਊਂਡ ਤੱਕ ਘੱਟ ਤੋਂ ਘੱਟ ਕਚਰਾ ਪਹੁੰਚੇ।
ਸ਼੍ਰੀ ਕਟਾਰੀਆ ਨੇ ਦੱਸਿਆ ਕਿ ‘ਸਵੱਛ ਵਾਰਡ ਰੈਂਕਿੰਗ’ ਸਵੱਛਤਾ ਦੇ ਮੁੱਲਾਂਕਣ ਨੂੰ ਸਿੱਧੇ ਵਾਰਡ, ਮੁਹੱਲੇ, ਬਜ਼ਾਰ, ਪਾਰਕ, ਗਲੀ ਅਤੇ ਘਰ ਦੇ ਪੱਧਰ ਤੱਕ ਲੈ ਜਾਵੇਗੀ। ਉਨ੍ਹਾਂ ਨੇ ਇਸ ਦੇ ਪਾਰਦਰਸ਼ੀ ਅਤੇ ਨਿਰਪੱਖ ਮੁੱਲਾਂਕਣ ਢਾਂਚੇ ਦੀ ਸ਼ਲਾਘਾ ਕੀਤੀ, ਜਿਸ ਵਿੱਚ ਘਰ-ਘਰ ਤੋਂ ਕਚਰਾ ਉਠਾਉਣਾ, ਕਚਰੇ ਦਾ ਅਲੱਗ-ਅਲੱਗ ਕੀਤਾ ਜਾਣਾ, ਜਨਤਕ ਸਥਾਨਾਂ ਦੀ ਸਫ਼ਾਈ, ਬੜੇ ਪੈਮਾਨੇ ‘ਤੇ ਕਚਰਾ ਪੈਦਾ ਕਰਨ ਵਾਲਿਆਂ ਦਾ ਪ੍ਰਬੰਧਨ, ਸਿੰਗਲ-ਯੂਜ਼ ਪਲਾਸਟਿਕ ‘ਤੇ ਰੋਕ, ਜਨਤਕ ਪਖਾਨੇ, ਜ਼ੀਰੋ-ਵੇਸਟ ਪਹਿਲ, ਵਿਗਿਆਨਿਕ ਕਚਰਾ ਪ੍ਰਬੰਧਨ ਅਤੇ ਜਨਭਾਗੀਦਾਰੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਰੈਂਕਿੰਗ ਵਿੱਚ ਕਚਰਾ ਪੈਦਾ ਹੋਣ ਤੋਂ ਲੈਕੇ ਉਸ ਦੇ ਉਠਾਉਣ, ਛੰਟਾਈ, ਢੁਆਈ, ਰੀਸਾਇਕਲਿੰਗ ਅਤੇ ਅੰਤਿਮ ਨਿਪਟਾਰੇ ਤੱਕ ਦੀ ਪੂਰੀ ਪ੍ਰਕਿਰਿਆ ਦਾ ਮੁੱਲਾਂਕਣ ਹੋਣਾ ਚਾਹੀਦਾ ਹੈ, ਅਤੇ ਇਹ ਸਿਰਫ਼ ਕਾਗਜ਼ਾਂ ਜਾਂ ਤਸਵੀਰਾਂ ਤੱਕ ਸੀਮਿਤ ਨਾ ਰਹਿ ਕੇ ਜ਼ਮੀਨੀ ਨਤੀਜਿਆਂ ‘ਤੇ ਅਧਾਰਿਤ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਨਗਰ ਨਿਗਮ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਸੰਭਵ ਨਾ ਹੋਵੇ ਤਾਂ ਸਵੱਛ ਵਾਰਡ ਰੈਂਕਿੰਗ ਨੂੰ ਹਰ ਮਹੀਨੇ ਕਰਵਾਉਣ ਲਈ ਸਾਲ ਵਿੱਚ ਦੋ ਵਾਰ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ।
ਰਾਜਪਾਲ ਨੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਵਾਰਡਾਂ ਵਿੱਚ ਇਸ ਮੁਹਿੰਮ ਦੀ “ਮੁੱਖ ਧੁਰੀ” ਬਣਨ ਅਤੇ ਅਧਿਕਾਰੀਆਂ, ਸਫ਼ਾਈ ਕਰਮਚਾਰੀਆਂ, ਆਰਡਬਲਿਊਏਜ਼, ਮਾਰਕਿਟ ਐਸੋਸੀਏਸ਼ਨਾਂ, ਸਕੂਲਾਂ, ਯੁਵਾ ਸੰਗਠਨਾਂ ਅਤੇ ਨਾਗਰਿਕਾਂ ਨੂੰ ਇਕੱਠੇ ਕਰਨ। ਉਨ੍ਹਾਂ ਨੇ ਸਕੂਲਾਂ ਅਤੇ ਕਾਲਜਾਂ ਨੂੰ ਵਿਦਿਆਰਥੀਆਂ ਨੂੰ “ਸਵੱਛਤਾ ਅੰਬੈਸਡਰ” ਬਣਾਉਣ ਦਾ ਸੱਦਾ ਵੀ ਦਿੱਤਾ ਜੋ ਸਹੀ ਕਚਰਾ ਪ੍ਰਬੰਧਨ ਦਾ ਸੰਦੇਸ਼ ਆਪਣੇ ਘਰਾਂ ਅਤੇ ਭਾਈਚਾਰਿਆਂ ਤੱਕ ਪਹੁੰਚਾ ਸਕਣ। ਸਫ਼ਾਈ ਕਰਮਚਾਰੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇੱਜ਼ਤ, ਸੁਰੱਖਿਆ, ਟ੍ਰੇਨਿੰਗ, ਸੁਰੱਖਿਆ ਉਪਕਰਣ ਅਤੇ ਸਿਹਤ ਸੁਰੱਖਿਆ ਨੂੰ ਹਰ ਹਾਲ ਵਿੱਚ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ, ਨਾਲ ਹੀ ਜੋਖਮ ਭਰੇ ਸਫ਼ਾਈ ਕਾਰਜਾਂ ਲਈ ਮਸ਼ੀਨਾਂ ਅਤੇ ਆਧੁਨਿਕ ਤਕਨੀਕ ਦਾ ਇਸਤੇਮਾਲ ਵਧਣਾ ਚਾਹੀਦਾ ਹੈ।
ਜਨ ਸਿਹਤ ਦੇ ਮਹੱਤਵ ‘ਤੇ ਗੱਲ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਸਵੱਛਤਾ, ਵਾਤਾਵਰਣ ਅਤੇ ਸਿਹਤ ਇੱਕ-ਦੂਸਰੇ ਨਾਲ ਜੁੜੇ ਹਨ। ਉਨ੍ਹਾਂ ਨੇ ਸਾਫ਼-ਸੁਥਰੇ ਅਤੇ ਸੁਲਭ ਜਨਤਕ ਪਖਾਨਿਆਂ, ਜ਼ੀਰੋ-ਵੇਸਟ ਸਮਾਗਮਾਂ, ਭੋਜਨ ਦੀ ਬਰਬਾਦੀ ਰੋਕਣ ਅਤੇ ਬਜ਼ਾਰਾਂ, ਸੰਸਥਾਵਾਂ, ਰਿਹਾਇਸ਼ੀ ਸਮੂਹਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਥੋਕ ਕਚਰਾ ਪੈਦਾ ਕਰਨ ਵਾਲਿਆਂ ਨੂੰ ਅਧਿਕ ਜ਼ਿੰਮੇਦਾਰੀ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇੱਕ ਸਾਫ਼ ਵਾਰਡ ਦਾ ਅਸਲੀ ਪੁਰਸਕਾਰ ਸਿਰਫ਼ ਕੋਈ ਰੈਂਕਿੰਗ ਜਾਂ ਇਨਾਮ ਨਹੀਂ ਹੈ, ਬਲਕਿ ਸਾਫ਼ ਸੜਕਾਂ, ਖੂਬਸੂਰਤ ਪਾਰਕ, ਸਵੱਛ ਬਜ਼ਾਰ, ਬਿਹਤਰ ਵਾਤਾਵਰਣ ਅਤੇ ਐਸਾ ਵਾਰਡ ਹੈ ਜਿਸ ‘ਤੇ ਹਰ ਨਾਗਰਿਕ ਮਾਣ ਕਰ ਸਕੇ।
ਰਾਜਪਾਲ ਨੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ‘ਪਲੈਟੀਨਮ ਵਾਰਡਾਂ’ ਲਈ ਪ੍ਰਸਤਾਵਿਤ ਪ੍ਰੋਤਸਾਹਨ ਰਾਸ਼ੀ ਦੀ ਵੀ ਸ਼ਲਾਘਾ ਕੀਤੀ, ਜਿਸ ਦੇ ਤਹਿਤ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਵਾਰਡਾਂ ਨੂੰ ਕ੍ਰਮਵਾਰ ₹50 ਲੱਖ, ₹30 ਲੱਖ ਅਤੇ ₹20 ਲੱਖ ਦੀਆਂ ਪ੍ਰਸਤਾਵਿਤ ਵਿਕਾਸ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਾਰਡਾਂ ਵਿੱਚ ਤੰਦਰੁਸਤ ਮੁਕਾਬਲਾ ਵਧੇਗਾ ਅਤੇ ਚੰਗੇ ਕਾਰਜਾਂ ਨੂੰ ਹੋਰ ਵਾਰਡਾਂ ਵਿੱਚ ਵੀ ਲਾਗੂ ਕੀਤਾ ਜਾ ਸਕੇਗਾ।
ਸ਼ਹਿਰ ਦੇ ਮੇਅਰ ਸ਼੍ਰੀ ਸੌਰਭ ਜੋਸ਼ੀ ਨੇ ਕਿਹਾ ਕਿ ‘ਸਵੱਛ ਵਾਰਡ ਰੈਂਕਿੰਗ 2026’ ਦੀ ਸ਼ੁਰੂਆਤ ਸਵੱਛਤਾ ਨੂੰ ਵਾਰਡ ਪੱਧਰ ‘ਤੇ ਜਨ-ਅੰਦੋਲਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਾਰਡ ਦੀਆਂ ਆਪਣੀਆਂ ਚੁਣੌਤੀਆਂ ਹੁੰਦੀਆਂ ਹਨ ਅਤੇ ਨਵੀਂ ਰੈਂਕਿੰਗ ਪ੍ਰਣਾਲੀ ਕੌਂਸਲਰਾਂ, ਨਿਵਾਸੀਆਂ, ਆਰਡਬਲਿਊਏਜ਼, ਮਾਰਕਿਟ ਐਸੋਸੀਏਸ਼ਨਾਂ ਅਤੇ ਸਥਾਨਕ ਹਿਤਧਾਰਕਾਂ ਨੂੰ ਸਮੱਸਿਆਵਾਂ ਦੀ ਪਹਿਚਾਣ ਕਰਨ ਅਤੇ ਵਿਵਹਾਰਿਕ ਸਮਾਧਾਨ ਲਾਗੂ ਕਰਨ ਲਈ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗਲੀਆਂ, ਪਾਰਕਾਂ, ਬਜ਼ਾਰਾਂ ਅਤੇ ਜਨਤਕ ਥਾਵਾਂ ਨੂੰ ਆਪਣੇ ਘਰਾਂ ਦੀ ਤਰ੍ਹਾਂ ਹੀ ਸਮਝਣ ਅਤੇ ਸਵੱਛਤਾ ਨੂੰ ਆਤਮਸਨਮਾਨ ਦਾ ਵਿਸ਼ਾ ਬਣਾਉਣ।
ਉਨ੍ਹਾਂ ਨੇ ਦੱਸਿਆ ਕਿ ਇੱਕ ਮਹੀਨੇ ਦਾ ਮੁਕਾਬਲਾ ਅੱਜ ਤੋਂ ਸ਼ੁਰੂ ਹੋਇਆ ਹੈ ਅਤੇ 2 ਅਕਤੂਬਰ, 2026 ਨੂੰ ਜੇਤੂਆਂ ਦੇ ਐਲਾਨ ਅਤੇ ਪੁਰਸਕਾਰ ਵੰਡ ਸਮਾਰੋਹ ਨਾਲ ਸੰਪੰਨ ਹੋਵੇਗਾ।
ਮੇਅਰ ਨੇ ਕਿਹਾ ਕਿ ਚੰਡੀਗੜ੍ਹ ਆਪਣੇ ਯੋਜਨਾਬੱਧ ਵਿਕਾਸ, ਹਰਿਆਲੀ ਅਤੇ ਨਾਗਰਿਕ ਬੁਨਿਆਦੀ ਢਾਂਚੇ ਲਈ ਜਾਣਿਆ ਜਾਂਦਾ ਹੈ, ਅਤੇ ਹੁਣ ਸਮੂਹਿਕ ਜ਼ਿੰਮੇਦਾਰੀ ਵਿਗਿਆਨਿਕ ਕਚਰਾ ਪ੍ਰਬੰਧਨ ਅਤੇ ਸਰਗਰਮ ਜਨਭਾਗੀਦਾਰੀ ਦੇ ਜ਼ਰੀਏ ਇਸ ਪਹਿਚਾਣ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਨੇ ਪਾਰਦਰਸ਼ੀ ਅਤੇ ਨਤੀਜਾ-ਮੁਖੀ ਰੈਂਕਿੰਗ ਤੰਤਰ ਪੇਸ਼ ਕਰਨ ਵਿੱਚ ਨਗਰ ਨਿਗਮ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਪਹਿਲ ਦੀ ਸਫ਼ਲਤਾ ਅੰਤ ਵਿੱਚ ਹਰ ਨਾਗਰਿਕ ਦੀ ਸਰਗਰਮ ਭਾਗੀਦਾਰੀ ‘ਤੇ ਨਿਰਭਰ ਕਰੇਗੀ। ਉਨ੍ਹਾਂ ਨੇ ਸਾਰੇ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡਾਂ ਵਿੱਚ ਸਫ਼ਾਈ ਯਤਨਾਂ ਦੀ ਅਗਵਾਈ ਕਰਨ ਅਤੇ ਸਫ਼ਾਈ ਕਰਮਚਾਰੀਆਂ ਅਤੇ ਭਾਈਚਾਰਕ ਸੰਗਠਨਾਂ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ, ਆਈਏਐੱਸ ਨੇ ਮੁੱਖ ਮਹਿਮਾਨ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਹੋਰ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਸਵੱਛਤਾ ਨੂੰ ਮਾਪਣਯੋਗ, ਪਾਰਦਰਸ਼ੀ, ਸਹਿਭਾਗੀ ਅਤੇ ਪਰਿਣਾਮ-ਅਧਾਰਿਤ ਬਣਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ‘ਸਵੱਛ ਵਾਰਡ ਰੈਂਕਿੰਗ 2026’ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਰੇ ਵਾਰਡਾਂ ਦਾ ਮੁੱਲਾਂਕਣ 1,000 ਅੰਕਾਂ ਅਤੇ 55 ਮਾਪਦੰਡਾਂ ਦੇ ਇੱਕ ਤੈਅ ਢਾਂਚੇ ਦੁਆਰਾ ਕੀਤਾ ਜਾਵੇਗਾ, ਜਿਸ ਵਿੱਚ ਸਵੱਛਤਾ ਅਤੇ ਠੋਸ ਕਚਰਾ ਪ੍ਰਬੰਧਨ ਦੇ ਸਾਰੇ ਪਹਿਲੂ ਸ਼ਾਮਲ ਹਨ। ਇਸ ਨਾਲ ਵਾਰਡ ਪੱਧਰ ‘ਤੇ ਕਮੀਆਂ ਨੂੰ ਪਹਿਚਾਣਨ ਕਰਨ, ਤੰਦਰੁਸਤ ਮੁਕਾਬਲੇ ਨੂੰ ਹੁਲਾਰਾ ਦੇਣ ਅਤੇ ਇੱਕ-ਦੂਸਰੇ ਦੇ ਬਿਹਤਰੀਨ ਤੌਰ-ਤਰੀਕਿਆਂ ਨੂੰ ਅਪਣਾਉਣ ਵਿੱਚ ਮਦਦ ਮਿਲੇਗੀ।
ਕਮਿਸ਼ਨਰ ਨੇ ‘ਸਕੂਲ ਸਟਾਰ ਅਵਾਰਡਸ’ ਪਹਿਲ ਬਾਰੇ ਵੀ ਦੱਸਿਆ, ਜਿਸ ਦਾ ਮਕਸਦ ਸਵੱਛਤਾ, ਕਚਰਾ ਅਲੱਗ ਕਰਨ, ਵਾਤਾਵਰਣ ਸੰਭਾਲ਼ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਵਿੱਚ ਉਤਕ੍ਰਿਸ਼ਟ ਯੋਗਦਾਨ ਦੇਣ ਵਾਲੇ ਸਕੂਲਾਂ ਨੂੰ ਸਨਮਾਨਿਤ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਸਥਾਨ ‘ਤੇ ਰਹਿਣ ਵਾਲੇ ਸਕੂਲਾਂ ਨੂੰ 51000 ਰੁਪਏ, ਦੂਸਰੇ ਸਥਾਨ ਲਈ 31000 ਰੁਪਏ ਅਤੇ ਤੀਸਰੇ ਸਥਾਨ ਲਈ 21000 ਰੁਪਏ ਦਾ ਨਕਦ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਅਤੇ ਨੌਜਵਾਨ ਵਿਵਹਾਰਿਕ ਬਦਲਾਅ ਦੇ ਸਭ ਤੋਂ ਬੜੇ ਮਾਧਿਅਮ ਹਨ ਅਤੇ ਕਾਰਪੋਰੇਸ਼ਨ ਵਿੱਦਿਅਕ ਸੰਸਥਾਵਾਂ ਨਾਲ ਮਿਲ ਕੇ ਅਜਿਹੀ ਪੀੜ੍ਹੀ ਤਿਆਰ ਕਰਨਾ ਚਾਹੁੰਦੀ ਹੈ ਜੋ ਸਵੱਛਤਾ ਨੂੰ ਸਿਰਫ਼ ਕਰਤੱਵ ਨਹੀਂ, ਬਲਕਿ ਆਪਣੀ ਜੀਵਨਸ਼ੈਲੀ ਸਮਝੇ। ਉਨ੍ਹਾਂ ਸਾਰੇ ਹਿਤਧਾਰਕਾਂ ਦਾ ਆਭਾਰ ਜਤਾਇਆ ਅਤੇ ਦੁਹਰਾਇਆ ਕਿ ਨਗਰ ਨਿਗਮ ਚੰਡੀਗੜ੍ਹ ਨੂੰ ਵਿਗਿਆਨਿਕ ਅਤੇ ਟਿਕਾਊ ਸ਼ਹਿਰੀ ਕਚਰਾ ਪ੍ਰਬੰਧਨ ਦਾ ਇੱਕ ਮਾਡਲ ਬਣਾਉਣ ਲਈ ਕੰਮ ਕਰਦਾ ਰਹੇਗਾ।
ਏਰੀਆ ਕੌਂਸਲਰ ਸ਼੍ਰੀ ਯੋਗੇਸ਼ ਢੀਂਗਰਾ ਨੇ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਮੁੱਖ ਮਹਿਮਾਨ, ਰਾਜਪਾਲ ਅਤੇ ਪ੍ਰਸ਼ਾਸਕ, ਯੂਟੀ ਚੰਡੀਗੜ੍ਹ, ਸ਼੍ਰੀ ਗੁਲਾਬ ਚੰਦ ਕਟਾਰੀਆ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ‘ਸਵੱਛ ਵਾਰਡ ਰੈਂਕਿੰਗ 2026’ ਅਤੇ ‘ਸਕੂਲ ਸਟਾਰ ਅਵਾਰਡਸ’ ਸ਼ੁਰੂ ਕਰਨ ਲਈ ਨਗਰ ਨਿਗਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਵਾਰਡ, ਸਕੂਲ ਅਤੇ ਆਮ ਨਾਗਰਿਕ ਬਿਹਤਰ ਸਫ਼ਾਈ ਅਪਣਾਉਣ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਨੇ ਸਾਰੇ ਜਨਪ੍ਰਤੀਨਿਧੀਆਂ, ਅਧਿਕਾਰੀਆਂ, ਸਫ਼ਾਈ ਕਰਮਚਾਰੀਆਂ, ਆਰਡਬਲਿਊਏਜ਼, ਮਾਰਕਿਟ ਐਸੋਸੀਏਸ਼ਨਾਂ, ਸਕੂਲਾਂ ਅਤੇ ਭਾਈਚਾਰਕ ਸੰਗਠਨਾਂ ਦਾ ਵੀ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਸਮਰਥਨ ਲਈ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਵਿੱਚ ਯੂਟੀ ਚੰਡੀਗੜ੍ਹ ਦੇ ਗ੍ਰਹਿ ਸਕੱਤਰ-ਅਤੇ-
ਸਕੱਤਰ, ਸਥਾਨਕ ਸਰਕਾਰ, ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ; ਡਿਪਟੀ ਮੇਅਰ ਸ਼੍ਰੀਮਤੀ ਸੁਮਨ ਸ਼ਰਮਾ, ਹੋਰ ਨਗਰ ਕੌਂਸਲਰ; ਨਗਰ ਨਿਗਮ ਦੇ ਸੀਨੀਅਰ ਅਧਿਕਾਰੀ; ਸਥਾਨਕ ਸਵੈ-ਸਹਾਇਤਾ ਸਮੂਹਾਂ ਦੇ ਪ੍ਰਤੀਨਿਧੀ; ਆਰਡਬਲਿਊਏ ਅਤੇ ਮਾਰਕਿਟ ਐਸੋਸੀਏਸ਼ਨਾਂ ਦੇ ਅਹੁਦੇਦਾਰ; ਸਕੂਲ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਰਹੇ।
