ਪੰਜਾਬ ਪੁਲਿਸ ਨੂੰ ਪਹਿਲੀ ਵਾਰ ਕਿਸੇ ਔਰਤ ਅਧਿਕਾਰੀ ਨੂੰ ਖੇਡ ਸਕੱਤਰ ਦਾ ਅਹੁਦਾ ਸੌਂਪਿਆ ਗਿਆ ਹੈ। ਪੀ.ਪੀ.ਐਸ. ਅਧਿਕਾਰੀ ਗੁਰਮੀਤ ਕੌਰ ਨੇ 3 ਸਤੰਬਰ 2026 ਨੂੰ ਪੀ.ਏ.ਪੀ. ਹੈੱਡਕੁਆਰਟਰ ਜਲੰਧਰ ਵਿਖੇ ਸਥਿਤ ਕੇਂਦਰੀ ਖੇਡ ਦਫ਼ਤਰ, ਪੀ.ਏ.ਪੀ. ਦੇ ਖੇਡ ਸਕੱਤਰ ਵਜੋਂ ਅਧਿਕਾਰਤ ਤੌਰ ‘ਤੇ ਅਹੁਦਾ ਸੰਭਾਲ ਲਿਆ।
ਪਿੰਡ ਬੁੱਟਹਾਰੀ, ਜ਼ਿਲ੍ਹਾ ਲੁਧਿਆਣਾ ਨਾਲ ਸਬੰਧ ਰੱਖਣ ਵਾਲੀ ਗੁਰਮੀਤ ਕੌਰ, ਜੋ ਹੁਣ ਤੱਕ 27ਵੀਂ ਬਟਾਲੀਅਨ ਪੀ.ਏ.ਪੀ. ਦੀ ਕਮਾਂਡੈਂਟ ਦੇ ਅਹੁਦੇ ‘ਤੇ ਤਾਇਨਾਤ ਸਨ, ਆਪਣੇ ਸਮੇਂ ਅੰਤਰਰਾਸ਼ਟਰੀ ਪੱਧਰ ਦੇ ਫੁਟਬਾਲ ਦੀ ਵਧੀਆ ਖਿਡਾਰਣ ਸਨ। ਹੁਣ ਪੰਜਾਬ ਪੁਲਿਸ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਬਣ ਗਏ ਹਨ। ਜਿਨ੍ਹਾਂ ਨੂੰ ਸੈਂਟਰ ਸਪੋਰਟਸ ਖੇਡ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਿੰਡ ਬੁੱਟਹਾਰੀ ਦੀ ਇਸ ਹੋਣਹਾਰ ਧੀ ਨੇ ਪੁਲਿਸ ਸੇਵਾ ਦੇ ਨਾਲ-ਨਾਲ ਖੇਡ ਜਗਤ ਵਿੱਚ ਵੀ ਆਪਣੇ ਪਿੰਡ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।
ਗੁਰਮੀਤ ਕੌਰ ਖ਼ੁਦ ਇੱਕ ਅੰਤਰਰਾਸ਼ਟਰੀ ਫੁੱਟਬਾਲ ਖਿਡਾਰਨ ਹੁੰਦੇ ਹੋਏ 1997 ਵਿੱਚ ਜਰਮਨੀ ਵਿਖੇ ਹੋਈ ਅੰਤਰਰਾਸ਼ਟਰੀ ਫੁੱਟਬਾਲ ਪ੍ਰਤੀਯੋਗਿਤਾ ਵਿੱਚ ਉਨ੍ਹਾਂ ਨੇ ਭਾਰਤ ਦੀ ਟੀਮ ਵੱਲੋਂ ਖੇਡਦਿਆਂ ਅਹਿਮ ਯੋਗਦਾਨ ਦਿੱਤਾ ਸੀ। ਇਸ ਤੋਂ ਬਾਅਦ 1997 ਵਿੱਚ ਚੀਨ ਵਿੱਚ ਹੋਈ 11ਵੀਂ ਏਸ਼ੀਆਈ ਮਹਿਲਾ ਚੈਂਪੀਅਨਸ਼ਿਪ, 1998 ਵਿੱਚ ਬੈਂਕਾਕ ਵਿਖੇ ਹੋਈ 13ਵੀਂ ਏਸ਼ੀਆਈ ਖੇਡਾਂ, 1999 ਵਿੱਚ ਫਿਲੀਪੀਨਜ਼ ਵਿੱਚ ਹੋਈ 12ਵੀਂ ਏਸ਼ੀਆਈ ਮਹਿਲਾ ਚੈਂਪੀਅਨਸ਼ਿਪ ਅਤੇ 2001 ਵਿੱਚ ਚਾਈਨੀਜ਼ ਤਾਈਪੇ ਵਿਖੇ 13ਵੀਂ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ।
ਅਹੁਦਾ ਸੰਭਾਲਣ ਮੌਕੇ ਗੁਰਮੀਤ ਕੌਰ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਖਿਡਾਰੀਆਂ ਲਈ ਬਿਹਤਰ ਸਿਖਲਾਈ ਅਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ ਅਤੇ ਖਾਸ ਤੌਰ ‘ਤੇ ਔਰਤ ਖਿਡਾਰਣਾਂ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਸਾਬਕਾ ਏਆਈ ਜੀ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਖੇਡ ਪ੍ਰਮੋਟਰ ਮੋਹਨਾ ਜੋਧਾਂ ਸਿਆਟਲ, ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ, ਚੇਅਰਮੈਂਨ ਸੁਖਵਿੰਦਰ ਸਿੰਘ ਨੇ ਗੁਰਮੀਤ ਕੌਰ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਵਧਾਈ ਦਿੰਦਿਆਂ ਅੱਗੇ ਭਵਿੱਖ ਵਿੱਚ ਕਾਮਯਾਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਗੁਰਮੀਤ ਕੌਰ – ਖੇਡ ਪ੍ਰਾਪਤੀਆਂ:
– 1997 – ਜਰਮਨੀ: ਅੰਤਰਰਾਸ਼ਟਰੀ ਫੁੱਟਬਾਲ ਪ੍ਰਤੀਯੋਗਿਤਾ
– 1997 – 11ਵੀਂ ਏਸ਼ੀਆਈ ਮਹਿਲਾ ਚੈਂਪੀਅਨਸ਼ਿਪ, ਚੀਨ
– 1998 – 13ਵੀਂ ਏਸ਼ੀਆਈ ਖੇਡਾਂ, ਬੈਂਕਾਕ
– 1999 – 12ਵੀਂ ਏਸ਼ੀਆਈ ਮਹਿਲਾ ਚੈਂਪੀਅਨਸ਼ਿਪ, ਫਿਲੀਪੀਨਜ਼
– 2001 – 13ਵੀਂ ਏਸ਼ੀਆਈ ਚੈਂਪੀਅਨਸ਼ਿਪ, ਚਾਈਨੀਜ਼ ਤਾਈਪੇ

