ਚੰਡੀਗੜ੍ਹ : ਪੀ.ਜੀ.ਆਈ.ਐੱਮ.ਈ.ਆਰ., ਟਾਟਾ ਮੈਮੋਰੀਅਲ ਹਸਪਤਾਲ, ਐਮਸ ਬਿਲਾਸਪੁਰ ਦੇ ਆਨਕੋਲੋਜਿਸਟਾਂ ਨੇ ਪਾਰਕ ਹਸਪਤਾਲ ਵੱਲੋਂ ਆਯੋਜਿਤ ਕੈਂਸਰ ਕੌਨਕਲੇਵ ਵਿੱਚ ਕੈਂਸਰ ਇਲਾਜ ਦੇ ਬਦਲਦੇ ਦ੍ਰਿਸ਼, ਪ੍ਰਮਾਣ-ਆਧਾਰਿਤ ਅਤੇ ਮਰੀਜ਼-ਕੇਂਦਰਿਤ ਦੇਖਭਾਲ ਪ੍ਰਦਾਨ ਕਰਨ ‘ਤੇ ਗੰਭੀਰ ਚਰਚਾ ਕੀਤੀ।

ਆਨਕੋਲੋਜੀ ਡਾਇਰੈਕਟਰ, ਡਾ. ਸੰਦੀਪ ਕੁੱਕੜ ਦੀ ਅਗਵਾਈ ਹੇਠ ਆਯੋਜਿਤ ਇਸ ਕੌਨਕਲੇਵ ਨੇ ਆਨਕੋਲੋਜਿਸਟਾਂ ਨੂੰ ਗਿਆਨ ਦਾ ਆਦਾਨ-ਪ੍ਰਦਾਨ ਕਰਨ, ਨਵੇਂ ਸਬੂਤਾਂ ‘ਤੇ ਚਰਚਾ ਕਰਨ ਅਤੇ ਜਟਿਲ ਕੈਂਸਰ ਪ੍ਰਬੰਧਨ ‘ਤੇ ਮੰਥਨ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ।

ਇਸ ਵਿੱਚ ਕੈਂਸਰ ਦੇਖਭਾਲ ਦੇ ਸਭ ਤੋਂ ਉੱਭਰਦੇ ਖੇਤਰਾਂ ‘ਤੇ ਮਾਹਰਾਂ ਦੀਆਂ ਪ੍ਰਸਤੁਤੀਆਂ ਅਤੇ ਸੰਵਾਦਪੂਰਨ ਪੈਨਲ ਚਰਚਾਵਾਂ ਸ਼ਾਮਲ ਸਨ। ਇਸ ਨੇ ਵੱਖ-ਵੱਖ ਸੰਸਥਾਵਾਂ ਦੇ ਕੈਂਸਰ ਮਾਹਰਾਂ ਨੂੰ ਇੱਕਠੇ ਹੋਣ, ਕਲੀਨਿਕਲ ਤਜ਼ਰਬਿਆਂ ਨੂੰ ਸਾਂਝਾ ਕਰਨ ਅਤੇ ਇਸ ਗੱਲ ‘ਤੇ ਚਰਚਾ ਕਰਨ ਦਾ ਮੌਕਾ ਦਿੱਤਾ ਕਿ ਕਿਵੇਂ ਇਹਨਾਂ ਉੱਨਤ ਤਕਨੀਕਾਂ ਨੂੰ ਬਿਹਤਰ ਇਲਾਜ ਦੇ ਨਤੀਜਿਆਂ ਅਤੇ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਦੇ ਰੂਪ ਵਿੱਚ ਲਾਗੂ ਕੀਤਾ ਜਾ ਸਕਦਾ ਹੈ।

ਕੌਨਕਲੇਵ ਦਾ ਇੱਕ ਮੁੱਖ ਬਿੰਦੂ ਕੈਂਸਰ ਥੈਰੇਪੀ ਵਿੱਚ ਆ ਰਹੇ ਬਦਲਾਅ, ਵਿਸ਼ੇਸ਼ ਤੌਰ ‘ਤੇ ਇਮਿਊਨੋਥੈਰੇਪੀ, ਮੌਲੀਕਿਊਲਰ ਪ੍ਰੋਫਾਈਲਿੰਗ, ਬਾਇਓਮਾਰਕਰਸ, ਟਾਰਗੇਟਿਡ ਥੈਰੇਪੀ ਅਤੇ ਨਵੀਂਆਂ ਸਿਸਟਮਿਕ ਇਲਾਜ ਪ੍ਰਣਾਲੀਆਂ ਦੀ ਵਧਦੀ ਭੂਮਿਕਾ ਸਨ।

ਆਨਕੋਲੋਜਿਸਟਾਂ ਨੇ ਵੱਖ-ਵੱਖ ਕੈਂਸਰ ਕਿਸਮਾਂ ਵਿੱਚ ਜੀਨੋਮਿਕ ਬਦਲਾਵਾਂ ਦੀ ਪਛਾਣ ਕਰਨ ਅਤੇ ਵਧੇਰੇ ਸਟੀਕ ਤੇ ਵਿਅਕਤੀਗਤ ਕੈਂਸਰ ਪ੍ਰਬੰਧਨ ਨੂੰ ਸਮਰੱਥ ਬਣਾਉਣ ਵਿੱਚ ਨੈਕਸਟ ਜਨਰੇਸ਼ਨ ਸੀਕਵੈਂਸਿੰਗ, ਲਿਕਵਿਡ ਬਾਇਓਪਸੀ ਅਤੇ ਆਣਵਿਕ ਟੈਸਟਿੰਗ ਦੀ ਉੱਭਰਦੀ ਭੂਮਿਕਾ ‘ਤੇ ਵੀ ਚਰਚਾ ਕੀਤੀ।

ਇਸ ਮੌਕੇ ‘ਤੇ ਡਾ. ਕੁੱਕੜ ਨੇ ਭਾਰਤ ਵਿੱਚ ਵਧ ਰਹੇ ਕੈਂਸਰ ਦੇ ਬੋਝ ਅਤੇ ਸ਼ੁਰੂਆਤੀ ਪਛਾਣ, ਸਮੇਂ ਸਿਰ ਇਲਾਜ ਅਤੇ ਰੋਕਥਾਮ ਦੇ ਉਪਾਵਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ।