ਅੱਜ ਜ਼ਿਲ੍ਹਾ ਮੈਜਿਸਟ੍ਰੇਟ, ਯੂ.ਟੀ. ਚੰਡੀਗੜ੍ਹ ਦੇ ਦਫ਼ਤਰ ਵੱਲੋਂ ਪਿੰਡ ਕੈਂਬਵਾਲਾ ਵਿੱਚ ਅਣਅਧਿਕਾਰਿਤ ਉਸਾਰੀਆਂ ਅਤੇ ਕਬਜ਼ੇ ਹਟਾਉਣ ਲਈ ਇੱਕ ਢਾਹੁਣ ਦੀ ਮੁਹਿੰਮ ਚਲਾਈ ਗਈ।

ਇਹ ਕਾਰਵਾਈ ਜ਼ਿਲ੍ਹਾ ਮੈਜਿਸਟ੍ਰੇਟ, ਯੂ.ਟੀ. ਚੰਡੀਗੜ੍ਹ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ ਦੇ ਨਿਰਦੇਸ਼ਾਂ ‘ਤੇ ਕੀਤੀ ਗਈ। ਇਹ ਕਾਰਵਾਈ ਸਵੇਰੇ 9:00 ਵਜੇ ਸ਼ੁਰੂ ਹੋਈ ਅਤੇ ਐੱਸਡੀਐੱਮ (ਸੈਂਟਰਲ), ਯੂ.ਟੀ. ਚੰਡੀਗੜ੍ਹ ਦੀ ਨਿਗਰਾਨੀ ਵਿੱਚ ਚਲਾਈ ਗਈ। ਇਸ ਵਿੱਚ ਮਾਲ, ਇਨਫੋਰਸਮੈਂਟ, ਚੰਡੀਗੜ੍ਹ ਪੁਲਿਸ ਅਤੇ ਸਿਵਲ ਡਿਫੈਂਸ ਕਰਮੀਆਂ ਨੇ ਸਰਗਰਮ ਤੌਰ ‘ਤੇ ਹਿੱਸਾ ਲਿਆ।

ਮੁਹਿੰਮ ਦੇ ਦੌਰਾਨ ਲਗਭਗ 118 ਕਨਾਲ (ਲਗਭਗ 15 ਏਕੜ) ਭੂਮੀ ਤੋਂ ਕਬਜ਼ੇ ਹਟਾਏ ਗਏ। ਇਸ ਕਾਰਵਾਈ ਦੇ ਤਹਿਤ ਮੁੱਖ ਤੌਰ ‘ਤੇ ਫਾਰਮ ਹਾਊਸਾਂ ਦੇ ਨਾਲ ਲਗਦੇ ਖੁੱਲ੍ਹੇ ਖੇਤਰਾਂ ਵਿੱਚ ਚਾਰਦੀਵਾਰੀਆਂ ਅਤੇ ਹੋਰ ਕਬਜ਼ਿਆਂ ਨੂੰ ਹਟਾਇਆ ਗਿਆ। ਅਣਅਧਿਕਾਰਿਤ ਨਿਰਮਾਣ ਢਾਹੁਣ ਲਈ ਤਿਨ ਜੇਸੀਬੀ ਮਸ਼ੀਨਾਂ ਲਗਾਈਆਂ ਗਈਆਂ ਸਨ। ਇਸ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਚੰਡੀਗੜ੍ਹ ਪੁਲਿਸ ਅਤੇ ਸਿਵਲ ਡਿਫੈਂਸ ਵਿਚਕਾਰ ਨੇੜਲੇ ਤਾਲਮੇਲ ਨਾਲ ਇਹ ਕਾਰਵਾਈ ਕ੍ਰਮਬੱਧ ਅਤੇ ਪ੍ਰਭਾਵੀ ਢੰਗ ਨਾਲ ਕੀਤੀ ਗਈ।

ਡੀਐੱਸਪੀ ਰੈਂਕ ਦੇ ਅਧਿਕਾਰੀ ਦੀ ਮੌਜੂਦਗੀ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਲਾਗੂਕਰਨ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਚਿਤ ਸੰਖਿਆ ਵਿੱਚ ਪੁਲਿਸ ਕਰਮਚਾਰੀ, ਜਿਨ੍ਹਾਂ ਵਿੱਚ ਮਹਿਲਾ ਕਾਂਸਟੇਬਲ ਵੀ ਸ਼ਾਮਲ ਸਨ, ਤੈਨਾਤ ਕੀਤੇ ਗਏ ਸਨ।

ਐੱਸਡੀਐੱਮ (ਸੈਂਟਰਲ) ਨੇ ਪੂਰੇ ਅਪ੍ਰੇਸ਼ਨ ਦੀ ਨਿਗਰਾਨੀ ਕੀਤੀ ਅਤੇ ਢਾਹੁਣ ਦੀ ਮੁਹਿੰਮ ਦੇ ਪ੍ਰਭਾਵਸ਼ਾਲੀ ਤਾਲਮੇਲ ਅਤੇ ਨਿਰਵਿਘਨ ਅਮਲ ਸੁਨਿਸ਼ਚਿਤ ਕਰਨ ਲਈ ਪੁਲਿਸ ਅਤੇ ਫੀਲਡ-ਪੱਧਰੀ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਿਆ।

ਇਸ ਅਪ੍ਰੇਸ਼ਨ ਲਈ ਮਾਲੀਆ ਅਤੇ ਲਾਗੂਕਰਨ ਵਾਲੀ ਮਸ਼ੀਨਰੀ ਨੂੰ ਬੜੇ ਪੱਧਰ ‘ਤੇ ਤੈਨਾਤ ਕੀਤਾ ਗਿਆ ਸੀ। ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ (ਪੈਰੀਫੇਰੀ), ਕਾਨੂੰਨਗੋ, ਪਟਵਾਰੀਆਂ ਅਤੇ ਲਾਗੂਕਰਨ ਸਟਾਫ਼ ਨੇ ਮੌਕੇ ‘ਤੇ ਕਾਰਵਾਈ ਨੂੰ ਅੰਜਾਮ ਦਿੱਤਾ। ਅਣਅਧਿਕਾਰਿਤ ਢਾਂਚਿਆਂ ਨੂੰ ਢਾਹੁਣ ਅਤੇ ਕਬਜ਼ੇ ਹਟਾਉਣ ਲਈ ਤਿੰਨ ਜੇਸੀਬੀ ਮਸ਼ੀਨਾਂ ਤੈਨਾਤ ਕੀਤੀਆਂ ਗਈਆਂ ਸਨ।

ਸਿਵਲ ਡਿਫੈਂਸ, ਯੂ.ਟੀ. ਚੰਡੀਗੜ੍ਹ ਦੇ ਕਰਮਚਾਰੀਆਂ ਨੇ ਵੀ ਅਪ੍ਰੇਸ਼ਨ ਦੇ ਦੌਰਾਨ ਪ੍ਰਸ਼ਾਸਨ ਦੀ ਸਹਾਇਤਾ ਕੀਤੀ ਅਤੇ ਫੀਲਡ ਟੀਮਾਂ ਨੂੰ ਜ਼ਰੂਰੀ ਸਹਾਇਤਾ ਦਿੱਤੀ।

ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਨੇ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਖੇਤਰਾਂ ਵਿੱਚ ਨਿਯਮਾਂ ਦੇ ਉਲੰਘਣ ਦੇ ਵਿਰੁੱਧ ਸਖ਼ਤ ਅਤੇ ਨਿਰੰਤਰ ਕਾਰਵਾਈ ਕਰਨ ਅਤੇ ਸੁਖਨਾ ਕੈਚਮੈਂਟ ਏਰੀਆ ਨੂੰ ਅਣਅਧਿਕਾਰਿਤ ਨਿਰਮਾਣ ਅਤੇ ਕਬਜ਼ੇ ਤੋਂ ਸੁਰੱਖਿਅਤ ਰੱਖਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ।