ਚੰਡੀਗੜ੍ਹ ਨਗਰ ਨਿਗਮ ਦੇ ਸਾਰੇ 35 ਵਾਰਡਾਂ ਲਈ ਆਮ ਚੋਣਾਂ ਮੌਜੂਦਾ ਸਦਨ ਦਾ ਕਾਰਜਕਾਲ 7 ਜਨਵਰੀ, 2027 ਨੂੰ ਸਮਾਪਤ ਹੋਣ ਤੋਂ ਪਹਿਲਾਂ ਕਰਵਾਈਆਂ ਜਾਣੀਆਂ ਜ਼ਰੂਰੀ ਹਨ।
ਇਸ ਸਬੰਧ ਵਿੱਚ ਯੂ.ਟੀ. ਚੰਡੀਗੜ੍ਹ ਦੇ ਰਾਜ ਚੋਣ ਕਮਿਸ਼ਨਰ ਨੇ ਸਬੰਧਿਤ ਕਾਨੂੰਨ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਨਿਰਧਾਰਿਤ ਪ੍ਰਕਿਰਿਆ ਅਨੁਸਾਰ, ਨਗਰ ਨਿਗਮ ਚੰਡੀਗੜ੍ਹ ਦੀਆਂ ਆਗਾਮੀ ਆਮ ਚੋਣਾਂ ਲਈ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ, ਅਨੁਸੂਚਿਤ ਜਾਤੀਆਂ ਦੀਆਂ ਮਹਿਲਾਵਾਂ ਅਤੇ ਮਹਿਲਾਵਾਂ (ਜਨਰਲ) ਲਈ ਰਾਖਵੇਂ ਕੀਤੇ ਜਾਣ ਵਾਲੇ ਵਾਰਡਾਂ ਦਾ ਨਿਰਧਾਰਣ ਕੀਤਾ।
ਰਾਖਵੇਂਕਰਣ ਸਬੰਧੀ ਕਾਰਵਾਈ ਅੱਜ ਯੂ.ਟੀ. ਸਟੇਟ ਗੈਸਟ ਹਾਊਸ, ਸੈਕਟਰ 6, ਚੰਡੀਗੜ੍ਹ ਵਿਖੇ ਆਯੋਜਿਤ ਮੀਟਿੰਗ ਦੌਰਾਨ ਕੀਤੀ ਗਈ। ਮੀਟਿੰਗ ਵਿੱਚ ਮਾਨਤਾ ਪ੍ਰਾਪਤ ਰਾਸ਼ਟਰੀ ਰਾਜਨੀਤਕ ਦਲਾਂ ਦੇ ਪ੍ਰਤੀਨਿਧੀ, ਆਮ ਨਾਗਰਿਕ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ।
ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੇਂ ਵਾਰਡਾਂ ਦਾ ਨਿਰਧਾਰਣ, ਪ੍ਰਕਾਸ਼ਿਤ ਜਨਗਣਨਾ 2011 ਦੇ ਅੰਕੜਿਆਂ ਅਨੁਸਾਰ ਹਰੇਕ ਵਾਰਡ ਵਿੱਚ ਅਨੁਸੂਚਿਤ ਜਾਤੀ ਦੀ ਆਬਾਦੀ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ ਦੇ ਅਧਾਰ ‘ਤੇ ਘਟਦੇ ਕ੍ਰਮ ਵਿੱਚ ਕੀਤਾ ਗਿਆ। ਦਸੰਬਰ 2021 ਵਿੱਚ ਹੋਈਆਂ ਚੰਡੀਗੜ੍ਹ ਨਗਰ ਨਿਗਮ ਦੀਆਂ ਆਮ ਚੋਣਾਂ ਦੌਰਾਨ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੇਂ ਰੱਖੇ ਗਏ ਸੱਤ ਵਾਰਡਾਂ ਨੂੰ ਇਸ ਪ੍ਰਕਿਰਿਆ ਵਿੱਚੋਂ ਬਾਹਰ ਰੱਖਿਆ ਗਿਆ ਸੀ।
ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੇਂ ਸੱਤ ਵਾਰਡਾਂ ਵਿੱਚੋਂ, ਤਿੰਨ ਵਾਰਡਾਂ ਨੂੰ ਲਾਟਰੀ ਦੇ ਜ਼ਰੀਏ ਅਨੁਸੂਚਿਤ ਜਾਤੀਆਂ ਦੀਆਂ ਮਹਿਲਾਵਾਂ ਲਈ ਰਾਖਵਾਂ ਕੀਤਾ ਗਿਆ। ਇਸੇ ਤਰ੍ਹਾਂ, 2026 ਦੀਆਂ ਚੋਣਾਂ ਲਈ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਵਾਸਤੇ ਰਾਖਵੇਂ ਵਾਰਡਾਂ ਅਤੇ 2021 ਦੀਆਂ ਨਗਰ ਨਿਗਮ ਚੋਣਾਂ ਦੌਰਾਨ ਮਹਿਲਾਵਾਂ (ਜਨਰਲ) ਉਮੀਦਵਾਰਾਂ ਦੇ ਲਈ ਰਾਖਵੇਂ ਰਹੇ ਵਾਰਡਾਂ ਨੂੰ ਛੱਡ ਕੇ, ਲਾਟਰੀ ਦੇ ਜ਼ਰੀਏ ਨੌਂ ਵਾਰਡ ਮਹਿਲਾਵਾਂ (ਜਨਰਲ) ਉਮੀਦਵਾਰਾਂ ਦੇ ਲਈ ਰਾਖਵੇਂ ਕੀਤੇ ਗਏ।
ਰਾਖਵੇਂਕਰਣ ਸਬੰਧੀ ਕਾਰਵਾਈ ਯੂ.ਟੀ. ਚੰਡੀਗੜ੍ਹ ਦੇ ਰਾਜ ਚੋਣ ਕਮਿਸ਼ਨਰ, ਡਾ. ਵਿਜੈ ਦੇਵ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ। ਇਸ ਮੌਕੇ ‘ਤੇ ਨਗਰ ਨਿਗਮ ਦੇ ਸਪੈਸ਼ਲ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਏਡੀਸੀ ਸ਼੍ਰੀ ਅਮਨਦੀਪ ਸਿੰਘ ਭੱਟੀ, ਸਥਾਨਕ ਸਰਕਾਰਾਂ ਵਿਭਾਗ ਦੇ ਸੰਯੁਕਤ ਸਕੱਤਰ ਸੁਸ਼੍ਰੀ ਈਸ਼ਾ ਕੰਬੋਜ ਅਤੇ ਵਿਭਿੰਨ ਰਾਜਨੀਤਕ ਦਲਾਂ ਦੇ ਪ੍ਰਤੀਨਿਧੀ ਹਾਜ਼ਰ ਸਨ।
ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ ਵਾਰਡ ਨੰਬਰ 1, 3, 4, 9, 15, 29 ਅਤੇ 32 ਨੂੰ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਦੇ ਲਈ ਰਾਖਵਾਂ ਕੀਤਾ ਗਿਆ ਹੈ। ਇਨ੍ਹਾਂ ਵਿੱਚ ਵਾਰਡ ਨੰਬਰ 3, 29 ਅਤੇ 32 ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਮਹਿਲਾਵਾਂ ਲਈ ਰਾਖਵੇਂ ਕੀਤੇ ਗਏ ਹਨ।
ਵਾਰਡ ਨੰਬਰ 2, 8, 11, 13, 17, 21, 25, 26 ਅਤੇ 30 ਮਹਿਲਾਵਾਂ (ਜਨਰਲ) ਲਈ ਰਾਖਵੇਂ ਕੀਤੇ ਗਏ ਹਨ।
ਬਾਕੀ ਰਹਿੰਦੇ 19 ਵਾਰਡ—ਵਾਰਡ ਨੰਬਰ 5, 6, 7, 10, 12, 14, 16, 18, 19, 20, 22, 23, 24, 27, 28, 31, 33, 34 ਅਤੇ 35—ਜਨਰਲ ਵਾਰਡ ਐਲਾਨੇ ਗਏ ਹਨ।


