ਜਿੰਨੇ ਨਿਰਦੋਸ਼ 1984 ਵਿੱਚ ਮਾਰੇ ਗਏ ਉਸ ਤੋਂ ਕਈ ਗੁਣਾਂ ਲੋਕ ਨਸ਼ਿਆਂ ਨਾਲ ਮਰੇ ਹਨ- ਢਿੱਲੋਂ
ਮੁੱਖ ਮੰਤਰੀ ਮਾਨ ਗੈਂਗਸਟਰਾਂ ਨੂੰ ਪਾ ਰਹੇ ਜੱਫ਼ੀਆ, ਸੀਐਮ ਤੁਰੰਤ ਅਹੁਦਾ ਛੱਡਣ- ਜਾਖੜ
“ਨਾ ਮੈਨੂੰ ਮੁਫ਼ਤ ਆਟਾ-ਦਾਲ ਸਕੀਮ ਚਾਹੀਦੀ ਹੈ, ਨਾ ਮੁਫ਼ਤ ਯਾਤਰਾ ਤੇ ਨਾ ਹੀ ਮਫ਼ਤ ਦੀ ਬਿਜਲੀ । ਅਸੀਂ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਪਾਲਦੇ ਸੀ। ਸਾਨੂੰ ਮੁਫ਼ਤ ਸਕੀਮਾਂ ਨਹੀਂ, ਚਿੱਟੇ ਤੋਂ ਛੁਟਕਾਰਾ ਚਾਹੀਦਾ।’’ ਇਹ ਸ਼ਬਦ ਨਸ਼ੇ ਦੀ ਭੇਂਟ ਚੜ੍ਹੇ ਅਬੋਹਰ ਦੇ ਨੌਜਵਾਨ ਦੀ ਮਾਂ ਦੇ ਹਨ। ਜੋ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋੰ ‘ਮਾਵਾਂ ਮੰਗਦੀਆਂ ਜਵਾਬ’ ਦੇ ਬੈਨਰ ਹੇਠ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਦੇ ਰੂਬਰੂ ਕੀਤੇ ਗਏ 50 ਪਰਿਵਾਰਾਂ ਵਿੱਚੋਂ ਇੱਕ ਸੀ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਪਰਿਵਾਰਾਂ ਨੇ ਆਪਣੀਆਂ ਕਹਾਣੀਆਂ ਸੁਣਾਉਂਦਿਆਂ ਸਰਕਾਰ ਤੋਂ ਮੁਫ਼ਤ ਸਹੂਲਤਾਂ ਦੀ ਥਾਂ ਨਸ਼ੇ ਦੇ ਖ਼ਿਲਾਫ਼ ਠੋਸ ਕਾਰਵਾਈ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮੌਤਾਂ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਕੀਤੀ।
ਮੁੱਖ ਮੰਤਰੀ ਮਾਨ ਅਸਤੀਫ਼ਾ ਦੇਣ- ਢਿੱਲੋਂ
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਸ਼ੇ ਦੀ ਭੇਟ ਚੜ੍ਹੇ ਲੋਕਾਂ ਦੇ ਪਰਿਵਾਰਾਂ ਨੂੰ ਮੀਡੀਆ ਅੱਗੇ ਪੇਸ਼ ਕਰਦਿਆਂ ਕਿਹਾ, ਪੰਜਾਬ ਵਿੱਚ ਜਿੰਨੇ ਨਿਰਦੋਸ਼ ਲੋਕ 1984 ਵਿੱਚ ਮਾਰੇ ਗਏ, ਉਸ ਤੋਂ ਕਈ ਗੁਣਾ ਨਸ਼ਿਆਂ ਦੀ ਭੇਂਟ ਚੜ੍ਹ ਗਏ ਹਨ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਇਸ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਸ ਸਰਕਾਰ ਨੂੰ ਤੁਰੰਤ ਚਲਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਮੁੱਖ ਮੰਤਰੀ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਜੋ ਦਰਦ ਇਨ੍ਹਾਂ ਪਰਿਵਾਰਾਂ ਦਾ ਹੈ, ਉਹ ਪੰਜਾਬ ਦੇ ਘਰ-ਘਰ ਦੀ ਕਹਾਣੀ ਹੈ। ਭਾਜਪਾ ਇਸ ਦਰਦ ਨੂੰ ਵੰਡਾਏਗੀ ਅਤੇ ਇਸ ਮਸਲੇ ਉੱਤੇ ਲੋਕ ਅੰਦੋਲਨ ਖੜ੍ਹਾ ਕੀਤਾ ਜਾਵੇਗਾ। ਜਿਸ ਦੀ ਸ਼ੁਰੂਆਤ 18 ਸਿੰਤਬਰ ਤੋਂ ਸ਼ੁਰੂ ਹੋ ਰਹੀਆਂ 4 ਨਸ਼ਾ ਮੁਕਤ ਪੰਜਾਬ ਯਾਤਰਾਵਾਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ‘ਤੇ ਦੋ ਸਾਲ ਵਿੱਚ ਨਸ਼ੇ ਨੂੰ ਜੜ੍ਹੋਂ ਪੁੱਟਿਆ ਜਾਵੇਗਾ, ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ 22 ਸੂਬਿਆਂ ਵਿੱਚ ਸਰਕਾਰ ਹੈ, ਅਤੇ ਅਸੀਂ ਨਕਸਲਵਾਦ, ਯੂਪੀ ਵਿੱਚ ਗੈਂਗਸਟਰਵਾਦ ਅਤੇ ਕਸ਼ਮੀਰ ਵਿੱਚ ਹਿੰਸਾ ਨੂੰ ਖ਼ਤਮ ਕਰ ਕੇ ਆਪਣਾ ਟਰੈਕ ਰਿਕਾਰਡ ਬਣਾਇਆ ਹੈ। ਇਸੇ ਅਧਾਰ ਉੱਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰ ਦੇਵਾਂਗੇ।
ਮੁੱਖ ਮੰਤਰੀ ਗੈਂਗਸਟਰਾਂ ਨੂੰ ਜੱਫ਼ੀਆ ਪਾ ਰਹੇ- ਜਾਖੜ
ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਨਸ਼ੇ ਨਾਲ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ ਸਾਂਝਾ ਕਰਨਾ ਜ਼ਰੂਰੀ ਹੈ। ਨਸ਼ੇ ਨਾਲ ਮਰਨ ਵਾਲੇ ਲੋਕਾਂ ਲਈ ਪ੍ਰੈਸ ਕਾਨਫਰੰਸ ਵਿੱਚ ਰੱਖੀਆਂ ਖਾਲੀ ਕੁਰਸੀਆਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮਾਵਾਂ ਅਤੇ ਧੀਆਂ ਦਾ ਦੁੱਖ ਵੰਡਣ ਨਾਲ ਹੀ ਘਟ ਸਕਦਾ ਹੈ ਅਤੇ ਉਨ੍ਹਾਂ ਦਾ ਮਕਸਦ ਇਹ ਹੈ ਕਿ “ਕਿਸੇ ਹੋਰ ਮਾਂ ਦਾ ਪੁੱਤ ਨਾ ਜਾਵੇ।”
ਪੰਜਾਬ ਸਰਕਾਰ ਦੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਉੱਤੇ ਤੰਜ਼ ਕੱਸਦਿਆਂ ਜਾਖੜ ਨੇ ਕਿਹਾ ਕਿ ਮਾਰਚ 2025 ਨੂੰ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪਹਿਲੇ ਤਿੰਨ ਮਹੀਨੇ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ 8344 ਐੱਫ਼ਆਈਆਰ ਦਰਜ ਹੋਈਆਂ ਅਤੇ 13 ਹਜ਼ਾਰ ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ। ਹੁਣ ਸਤੰਬਰ 2026 ਵਿੱਚ ਡੀਪੀਜੀ ਦਾਅਵਾ ਕਰ ਰਹੇ ਹਨ ਕਿ 79000 ਗ੍ਰਿਫ਼ਾਤਰੀਆਂ ਹੋਈਆਂ ਹਨ।
ਉਨ੍ਹਾਂ ਸਵਾਲ ਕੀਤਾ ਜੇਕਰ ਡੀਜੀਪੀ ਦੇ ਅੰਕੜੇ ਸਹੀ ਹਨ ਤਾਂ ਇਨ੍ਹਾਂ ਲੋਕਾਂ ਨਾਲ ਜੋ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਉਨ੍ਹਾਂ ਡੀਜੀਪੀ ਨੂੰ ਪੁੱਛਿਆ ਕਿ ਮਈ 2025 ਵਿੱਚ ਜਦੋਂ ਉਨ੍ਹਾਂ ਕਿਹਾ ਸੀ ਕਿ ਜਿੱਥੇ ਨਸ਼ਾ ਫੜਿਆ ਗਿਆ, ਉੱਥੋਂ ਦੇ ਪੁਲਿਸ ਅਫ਼ਸਰ ਦੀ ਜ਼ਿਮੇਵਾਰੀ ਤੈਅ ਹੋਵੇਗੀ। ਜਾਖੜ ਨੇ ਕਿਹਾ ਨੇ ਡੀਜੀਪੀ ਦੱਸਣ ਕਿੰਨੇ ਪੁਲਿਸ ਅਫ਼ਸਰਾਂ ਦੀ ਜਿੰਮੇਵਾਰੀ ਤੈਅ ਕੀਤੀ ਗਈ। ਉਨ੍ਹਾਂ ਇਲਜ਼ਾਮ ਲਾਇਆ ਕਿ ਜੇਲ੍ਹਾਂ ਨਸ਼ਾ ਤਸਕਰਾਂ ਲ਼ਈ ਸੁਰੱਖਿਅਤ ਥਾਂ ਬਣੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਗੈਂਗਸਟਰਾਂ ਨੂੰ ਜੱਫ਼ੀਆਂ ਪਾ ਕੇ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ।
ਕੇਸ ਸਟੱਡੀਜ਼ :
( ਗੁਲਜ਼ਾਰ ਅਤੇ ਮੋਹਨਜੀਤ ਦੀਆਂ ਘਟਨਾਵਾਂ ਤੋਂ ਬਾਅਦ ਪੈਦਾ ਹਾਲਾਤ ਕਾਰਨ ਪ੍ਰੈਸ ਕਾਨਫਰੰਸ ਦੌਰਾਨ ਪਹੁੰਚੇ ਪਰਿਵਾਰਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ)
ਪੁਲਿਸ ਕਹਿੰਦੀ ਤੁਸੀਂ ਨਸ਼ਾ ਖਰੀਦੋ, ਤਾਂ ਫੜਾਂਗੇ
ਅਬੋਹਰ ਤੋਂ ਪਹੁੰਚੀ ਇੱਕ ਭੈਣ ਨੇ ਆਪਣੇ ਭਰਾ ਨਾਲ ਵਾਪਰੀ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਸ ਨੂੰ ਪਤਾ ਸੀ ਕਿ ਉਸ ਦਾ ਭਰਾ ਨਸ਼ਾ ਕਰਦਾ ਸੀ। ਉਸ ਨੇ ਪੁਲਿਸ ਦੇ 100 ਨੰਬਰ ’ਤੇ ਫੋਨ ਕੀਤਾ ਅਤੇ ਨਸ਼ੇ ਦੀ ਵਿਕਰੀ ਸਬੰਧੀ ਜਾਣਕਾਰੀ ਵੀ ਦਿੱਤੀ, ਉਨ੍ਹਾਂ ਨੂੰ ਅੱਗੋਂ ਹੈਲਲਾਇਨ ਉੱਤੇ ਗੱਲ ਕਰਨ ਲਈ ਕਿਹਾ ਗਿਆ।
ਉਸ ਲੜਕੀ ਮੁਤਾਬਕ ਪੁਲਿਸ ਵੱਲੋਂ ਕਿਹਾ ਗਿਆ ਕਿ “ਤੁਸੀਂ ਨਸ਼ਾ ਖਰੀਦੋ, ਅਸੀਂ ਮੌਕੇ ’ਤੇ ਜਾ ਕੇ ਫੜਾਂਗੇ।” ਉਸ ਨੇ ਕਿਹਾ ਕਿ ਉਹ ਕੁੜੀ ਹੋਣ ਕਾਰਨ ਨਸ਼ਾ ਖਰੀਦਣ ਕਿਵੇਂ ਜਾ ਸਕਦੀ ਸੀ। ਉਸ ਨੇ ਸਵਾਲ ਕੀਤਾ ਕਿ “ਜਦੋਂ ਅਸੀਂ ਪੁਲਿਸ ਨੂੰ ਹਰ ਜਾਣਕਾਰੀ ਦਿੱਤੀ ਸੀ ਕਿ ਨਸ਼ਾ ਕਿੱਥੇ ਵਿਕਦਾ ਹੈ, ਤਾਂ ਫਿਰ ਕਾਰਵਾਈ ਕਿਉਂ ਨਹੀਂ ਹੋਈ?”
ਉਸ ਲੜਕੀ ਦੀ ਮਾਂ ਨੇ ਆਪਣੇ ਪੁੱਤ ਦੀ ਮੌਤ ਦਾ ਜ਼ਿਕਰ ਕਰਦਿਆਂ ਕਿਹਾ, “ਮੇਰਾ ਇਕਲੌਤਾ ਪੁੱਤਰ ਸੀ। ਮਾਰ ਕੇ ਸੁੱਟ ਦਿੱਤਾ, ਪੁਲਿਸ ਵਾਲੇ ਕਹਿੰਦੇ ਲਾਸ਼ ਨੂੰ 4 ਘੰਟੇ ਨਹੀਂ ਚੁੱਕ ਸਕਦੇ, ਉਨ੍ਹਾਂ ਕੋਲ਼ ਗੱਡੀ ਨਹੀਂ ਹੈ।’’
ਇੱਕ ਮਹਿਲਾ ਨੇ ਦੱਸਿਆ ਕਿ ਉਸ ਦੇ ਦੋਵੇਂ ਪੁੱਤਰ ਨਸ਼ੇ ਦੀ ਲਪੇਟ ਵਿੱਚ ਆ ਕੇ ਜਾਨ ਗੁਆ ਬੈਠੇ। ਉਸ ਨੇ ਕਿਹਾ ਕਿ ਹੁਣ ਉਹ ਝਾੜੂ-ਪੋਚਾ ਲਾ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਇਸ ਮਹਿਲਾ ਦੀ ਕਹਾਣੀ ਨਸ਼ਿਆਂ ਦੀ ਭੇਟ ਚੜ੍ਹੇ ਹਜ਼ਾਰਾਂ ਪਰਿਵਾਰਾਂ ਦੇ ਦਰਦ ਦਾ ਝਲਕਾਰਾ ਪੇਸ਼ ਕਰਦੀ ਹੈ।
ਮੋਰਿੰਡਾ ਤੋਂ ਪਹੁੰਚੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਪੁੱਤਰ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪਰਿਵਾਰ ਨੂੰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਸ ਦਾ ਪੁੱਤਰ ਕਦੋਂ ਨਸ਼ੇ ਦੀ ਦਲਦਲ ਵਿੱਚ ਫਸ ਗਿਆ। ਉਸ ਨੇ ਸਰਕਾਰ ਤੋਂ ਨਸ਼ੇ ਦੀ ਲਪੇਟ ਵਿੱਚ ਆਏ ਨੌਜਵਾਨਾਂ ਨੂੰ ਬਚਾਉਣ ਲਈ ਮਦਦ ਦੀ ਮੰਗ ਕੀਤੀ।
ਖਰੜ ਦੇ ਘੰੜੂਆਂ ਤੋਂ ਪਹੁੰਚੇ ਇੱਕ ਨੌਜਵਾਨ ਨੇ ਵੀ ਕਿਹਾ ਕਿ ਉਹ ਖੁਦ ਨਸ਼ਾ ਕਰਦਾ ਹੈ ਅਤੇ ਸਰਕਾਰ ਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ। ਜਦਕਿ ਨਵਾਂਸ਼ਹਿਰ ਤੋਂ ਆਏ ਨੌਜਵਾਨ ਨੇ ਕਿਹਾ ਕਿ ਉਹ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹਨ, ਪਰ ਪੁਲਿਸ ਕਹਿੰਦੀ ਹੈ ਕਿ ਸਾਡੇ ਸਾਹਮਣੇ ਨਸ਼ਾ ਖਰੀਦੋ, ਅਸੀਂ ਉਦੋਂ ਫੜ੍ਹਾਂਗੇ।


