ਯੂ.ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਜਲ ਪ੍ਰਬੰਧਨ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਰਕੁਲਰ ਇਕੌਨਮੀ ‘ਤੇ ਕੇਂਦ੍ਰਿਤ ਪੰਜ ਦਿਨਾਂ ਦੇ ਮਿਸ਼ਨ ਲਈ ਚੈੱਕ ਗਣਰਾਜ ਗਏ ਉੱਚ-ਪੱਧਰੀ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ।
21 ਤੋਂ 25 ਸਤੰਬਰ ਤੱਕ ਆਯੋਜਿਤ ਇਸ ਮਿਸ਼ਨ ਦਾ ਉਦੇਸ਼ ਟਿਕਾਊ ਜਲ ਪ੍ਰਬੰਧਨ, ਵੇਸਟਵਾਟਰ ਟ੍ਰੀਟਮੈਂਟ, ਰੀਸਾਇਕਲਿੰਗ, ਸੰਸਾਧਨਾਂ ਦਾ ਕੁਸ਼ਲ ਉਪਯੋਗ ਅਤੇ ਵਾਤਾਵਰਣ ਅਨੁਕੂਲ ਤਕਨੀਕਾਂ ਦੇ ਖੇਤਰ ਵਿੱਚ ਭਾਰਤ ਅਤੇ ਚੈੱਕ ਗਣਰਾਜ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।
ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਵਿਸ਼ੇਸ਼ ਤੌਰ ‘ਤੇ ਭਾਰਤੀ ਸੰਦਰਭ ਵਿੱਚ ‘ਵਾਟਰ ਇਕੌਨਮੀ’ ਨੂੰ ਵਿਕਸਿਤ ਅਤੇ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਲ ਨੂੰ ਇੱਕ ਮਹੱਤਵਪੂਰਨ ਸੰਸਾਧਨ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਇਸ ਦੀ ਸੰਭਾਲ਼, ਕੁਸ਼ਲ ਉਪਯੋਗ, ਵੇਸਟਵਾਟਰ ਟ੍ਰੀਟਮੈਂਟ, ਦੁਬਾਰਾ ਉਪਯੋਗ, ਰੀਸਾਇਕਲਿੰਗ ਅਤੇ ਟਿਕਾਊ ਪ੍ਰਬੰਧਨ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਜਲ ਅਤੇ ਵਾਤਾਵਰਣ ਸਬੰਧੀ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਰਕਾਰੀ ਨੀਤੀਆਂ, ਤਕਨੀਕ, ਅਕਾਦਮਿਕ ਖੋਜ ਅਤੇ ਉਦਯੋਗਾਂ ਦੇ ਜ਼ਰੀਏ ਵਿਵਹਾਰਿਕ ਲਾਗੂਕਰਨ ਨੂੰ ਆਪਸ ਵਿੱਚ ਜੋੜਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਨਾਲ ਅਜਿਹੇ ਨਵੇਂ ਸਮਾਧਾਨ ਤਲਾਸ਼ਣ ਵਿੱਚ ਮਦਦ ਮਿਲ ਸਕਦੀ ਹੈ, ਜਿਨ੍ਹਾਂ ਨੂੰ ਭਾਰਤ ਦੀਆਂ ਸ਼ਹਿਰੀ, ਉਦਯੋਗਿਕ ਅਤੇ ਖੇਤੀਬਾੜੀ ਸਬੰਧੀ ਜ਼ਰੂਰਤਾਂ ਦੇ ਅਨੁਸਾਰ ਬੜੇ ਪੱਧਰ ‘ਤੇ ਅਪਣਾਇਆ ਜਾ ਸਕੇ।
ਵਫ਼ਦ ਦਾ ਸੁਆਗਤ ਕਰਦੇ ਹੋਏ ਚੈੱਕ ਗਣਰਾਜ ਦੇ ਵਾਤਾਵਰਣ ਉਪ-ਮੰਤਰੀ ਸ਼੍ਰੀ ਇਵੋ ਮਾਰਸਿਨ ਨੇ ਸਾਂਝੀਆਂ ਵਾਤਾਵਰਣਕ ਚੁਣੌਤੀਆਂ ਨਾਲ ਨਜਿੱਠਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਰਹਿੰਦ-ਖੂੰਹਦ ਨੂੰ ਕੇਵਲ ਨਿਪਟਾਰੇ ਦੀ ਵਸਤੂ ਮੰਨਣ ਦੀ ਬਜਾਏ ਉਸ ਦੇ ਦੁਬਾਰਾ ਉਪਯੋਗ, ਰੀਸਾਇਕਲਿੰਗ, ਪੁਨਰਪ੍ਰਾਪਤੀ ਅਤੇ ਸੰਸਾਧਨਾਂ ਦੇ ਕੁਸ਼ਲ ਇਸਤੇਮਾਲ ‘ਤੇ ਧਿਆਨ ਦੇਣਾ ਜ਼ਰੂਰੀ ਹੈ।
ਇਸ ਵਫ਼ਦ ਵਿੱਚ ਲੋਕ ਪ੍ਰਸ਼ਾਸਨ, ਨੀਤੀ ਨਿਰਮਾਣ, ਸਿੱਖਿਆ, ਖੋਜ ਸੰਸਥਾਵਾਂ ਅਤੇ ਪ੍ਰਮੁੱਖ ਕੰਪਨੀਆਂ ਦੇ ਪ੍ਰਤੀਨਿਧੀ ਸ਼ਾਮਲ ਹਨ। ਆਈਆਈਟੀ ਰੋਪੜ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸਿੱਖਿਆ ਸ਼ਾਸਤਰੀ ਵੀ ਮਿਸ਼ਨ ਵਿੱਚ ਹਿੱਸਾ ਲੈ ਰਹੇ ਹਨ, ਜਿਸ ਨਾਲ ਇਸ ਨੂੰ ਰਿਸਰਚ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਮਜ਼ਬੂਤੀ ਮਿਲੀ ਹੈ।
ਇਹ ਪਹਿਲ ਚੈੱਕ ਗਣਰਾਜ ਦੇ ਮਾਣਯੋਗ ਵਣਜ ਦੂਤ ਮੇਜਰ ਗੁਨੀਤ ਚੌਧਰੀ ਦੁਆਰਾ ਕੀਤੀ ਗਈ ਹੈ। ਇਹ ਮਿਸ਼ਨ ਭਾਰਤ ਵਿੱਚ ਚੈੱਕ ਗਣਰਾਜ ਦੇ ਦੂਤਾਵਾਸ ਅਤੇ ਚੈੱਕ ਗਣਰਾਜ ਦੇ ਵਾਤਾਵਰਣ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਵਫ਼ਦ ਪ੍ਰਾਗ, ਜ਼ਲੀਨ ਅਤੇ ਓਸਟ੍ਰਾਵਾ ਦਾ ਦੌਰਾ ਕਰੇਗਾ ਅਤੇ ਚੈੱਕ ਸਰਕਾਰੀ ਅਧਿਕਾਰੀਆਂ, ਕੰਪਨੀਆਂ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨਾਲ ਵਿਚਾਰ-ਵਟਾਂਦਰਾ ਕਰੇਗਾ। ਵਿਚਾਰ-ਵਟਾਂਦਰੇ ਤਕਨੀਕੀ ਸਹਿਯੋਗ, ਸੰਯੁਕਤ ਖੋਜ, ਪਾਇਲਟ ਪ੍ਰੋਜੈਕਟਾਂ, ਸੰਸਥਾਗਤ ਭਾਈਵਾਲੀ, ਨਿਵੇਸ਼ ਅਤੇ ਵਪਾਰਕ ਸਹਿਯੋਗ ‘ਤੇ ਕੇਂਦ੍ਰਿਤ ਹੋਣਗੇ।
ਇਸ ਮਿਸ਼ਨ ਤੋਂ ਭਾਰਤ ਅਤੇ ਚੈੱਕ ਗਣਰਾਜ ਦੇ ਹਿੱਸੇਦਾਰਾਂ ਵਿਚਕਾਰ ਪਾਣੀ ਪ੍ਰਬੰਧਨ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਰਕੂਲਰ ਅਰਥਵਿਵਸਥਾ ਦੇ ਖੇਤਰਾਂ ਵਿੱਚ ਵਿਵਹਾਰਕ ਅਤੇ ਆਪਸੀ ਲਾਭਦਾਇਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ।


