ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਚੰਡੀਗੜ੍ਹ ਦੇ ਵਿਭਿੰਨ ਸਥਾਨਾਂ ‘ਤੇ ਪੋਸ਼ਣ ਅਤੇ ਸਿਹਤ ਸਬੰਧੀ ਅਨੇਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਤੰਦਰੁਸਤ ਖਾਣ-ਪੀਣ ਦੀਆਂ ਆਦਤਾਂ, ਮਾਤਾਵਾਂ ਦੀ ਸਿਹਤ, ਮਾਨਸਿਕ ਸਿਹਤ ਅਤੇ ਅਨੀਮੀਆ ਪ੍ਰਤੀ ਜਾਗਰੂਕਤਾ ਨੂੰ ਹੁਲਾਰਾ ਦੇਣਾ ਸੀ।
ਬਾਪੂਧਾਮ ਕਲੋਨੀ ਸਰਕਲ ਸਥਿਤ ਆਂਗਣਵਾੜੀ ਕੇਂਦਰ ਵਿੱਚ ਪੋਸ਼ਣ ਸਬੰਧੀ ਬਿਹਤਰੀਨ ਪਿਰਤਾਂ ਦੀ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ। ਇਸ ਦੌਰਾਨ ਪੋਸ਼ਣ ਨਾਲ ਜੁੜੇ ਸੰਦੇਸ਼ਾਂ ਅਤੇ ਪੋਸ਼ਣ ਮਾਹ ਦੇ ਦੌਰਾਨ ਆਯੋਜਿਤ ਵਿਭਿੰਨ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਅਤੇ ਆਂਗਣਵਾੜੀ ਕੇਂਦਰ ਵਿੱਚ ਰਜਿਸਟ੍ਰਡ ਬੱਚਿਆਂ ਦੇ ਮਾਪਿਆਂ ਨਾਲ ਸਾਂਝਾ ਕੀਤਾ ਗਿਆ। ਏਰੀਆ ਸੁਪਰਵਾਇਜ਼ਰ ਅਤੇ ਆਂਗਣਵਾੜੀ ਵਰਕਰ (ਏਡਬਲਿਊਡਬਲਿਊ) ਵੱਲੋਂ ਪੋਸ਼ਣ ਵਿਸ਼ੇ ‘ਤੇ ਇੱਕ ਜਾਗਰੂਕਤਾ ਲੈਕਚਰ ਵੀ ਦਿੱਤਾ ਗਿਆ, ਜਿਸ ਵਿੱਚ ਬੱਚਿਆਂ ਲਈ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਗਿਆ। ਮਾਪਿਆਂ ਨੇ ਇਸ ਸਮਾਗਮ ਵਿੱਚ ਸਰਗਰਮ ਭਾਗੀਦਾਰੀ ਕੀਤੀ ਅਤੇ ਤੰਦਰੁਸਤ ਪੋਸ਼ਣ ਤੇ ਬੱਚਿਆਂ ਦੀ ਉਚਿਤ ਦੇਖਭਾਲ਼ ਬਾਰੇ ਜਾਣਨ ਵਿੱਚ ਵਿਸ਼ੇਸ਼ ਰੁਚੀ ਦਿਖਾਈ।
ਪਲਸੌਰਾ ਬਿਲਡਿੰਗ ਨੰਬਰ 1 ਵਿੱਚ ਵੀ ਇੱਕ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ਼ (ਏਐੱਨਸੀ), ਮਾਨਸਿਕ ਸਿਹਤ, ਪੋਸ਼ਣ ਅਤੇ ਸਿਹਤ ਤੇ ਸਵੱਛਤਾ ਜਿਹੇ ਮਹੱਤਵਪੂਰਨ ਵਿਸ਼ਿਆਂ ‘ਤੇ ਜਾਣਕਾਰੀ ਦਿੱਤੀ ਗਈ। ਡਾ. ਪੂਜਾ ਨੇ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ਼ ਬਾਰੇ ਲੈਕਚਰ ਦਿੰਦੇ ਹੋਏ ਗਰਭ ਅਵਸਥਾ ਦੇ ਦੌਰਾਨ ਨਿਯਮਿਤ ਜਾਂਚ ਅਤੇ ਉਚਿਤ ਦੇਖਭਾਲ਼ ਦੇ ਮਹੱਤਵ ਬਾਰੇ ਦੱਸਿਆ। ਸੈਕਟਰ 56, ਪਲਸੌਰਾ ਦੀ ਡਿਸਪੈਂਸਰੀ ਦੇ ਮਨੋਵਿਗਿਆਨੀ, ਸੁਸ਼੍ਰੀ ਬਬਲ ਵੱਲੋਂ ਮਾਨਸਿਕ ਸਿਹਤ ਬਾਰੇ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਾਭਾਰਥੀਆਂ ਨੂੰ ਮਾਨਸਿਕ ਸਿਹਤ ਤੇ ਕਲਿਆਣ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, ਐੱਫਐੱਸਐੱਸਏਆਈ, ਸੈਕਟਰ 16 ਦੇ ਇੱਕ ਡਾਕਟਰ ਵੱਲੋਂ ਮੋਟੇ ਅਨਾਜ (ਮਿਲੇਟਸ), ਉਨ੍ਹਾਂ ਦੇ ਪੋਸ਼ਣ ਸਬੰਧੀ ਮਹੱਤਵ ਅਤੇ ਤੰਦਰੁਸਤ ਤੇ ਸੰਤੁਲਿਤ ਆਹਾਰ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ, ਪੋਸ਼ਣ ਮਾਹ ਦੇ ਤਹਿਤ ਰਾਮਦਰਬਾਰ ਵਿਖੇ ਅਨੀਮੀਆ ਜਾਂਚ ਅਤੇ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ 78 ਗਰਭਵਤੀ ਮਹਿਲਾਵਾਂ ਦੀ ਹੀਮੋਗਲੋਬਿਨ (ਐੱਚਬੀ) ਜਾਂਚ ਅਤੇ ਸਿਹਤ ਜਾਂਚ ਕੀਤੀ ਗਈ। ਇਸ ਦਾ ਉਦੇਸ਼ ਗਰਭਵਤੀ ਮਹਿਲਾਵਾਂ ਵਿੱਚ ਅਨੀਮੀਆ ਦੀ ਸਮਾਂ ਰਹਿੰਦੇ ਪਹਿਚਾਣ ਸੁਨਿਸ਼ਚਿਤ ਕਰਨਾ ਅਤੇ ਉਨ੍ਹਾਂ ਨੂੰ ਸਮੇਂ ‘ਤੇ ਸਿਹਤ ਸੇਵਾਵਾਂ ਲੈਣ ਅਤੇ ਉਚਿਤ ਪੋਸ਼ਣ ਸਬੰਧੀ ਆਦਤਾਂ ਅਪਣਾਉਣ ਲਈ ਪ੍ਰੋਤਸਾਹਿਤ ਕਰਨਾ ਸੀ।
ਇਨ੍ਹਾਂ ਗਤੀਵਿਧੀਆਂ ਦੇ ਜ਼ਰੀਏ ਭਾਈਚਾਰੇ ਦੇ ਮੈਂਬਰਾਂ, ਮਾਪਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਪੋਸ਼ਣ, ਮਾਤਾਵਾਂ ਦੀ ਦੇਖਭਾਲ਼, ਮਾਨਸਿਕ ਸਿਹਤ, ਸਵੱਛਤਾ ਅਤੇ ਅਨੀਮੀਆ ਦੀ ਰੋਕਥਾਮ ਬਾਰੇ ਵਿਵਹਾਰਿਕ ਅਤੇ ਉਪਯੋਗੀ ਜਾਣਕਾਰੀ ਪ੍ਰਾਪਤ ਹੋਈ। ਇਨ੍ਹਾਂ ਪ੍ਰਯਾਸਾਂ ਨੇ ‘ਰਾਸ਼ਟਰੀਯ ਪੋਸ਼ਣ ਮਾਹ 2026’ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ
ਸਮੁਦਾਇਕ ਭਾਗੀਦਾਰੀ ਨੂੰ ਵੀ ਮਜ਼ਬੂਤ ਕੀਤਾ।


