ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਹਿਮ ਯੋਜਨਾ ‘ਮੇਰਾ ਘਰ, ਮੇਰੇ ਨਾਮ’ ਤਹਿਤ ਅੱਜ ਹਲਕਾ ਅਮਲੋਹ ਦੇ ਵਿਧਾਇਕ ਸ. ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਆਉਂਦੇ ਘਰਾਂ ਦੇ ਮਾਲਕਾਂ ਨੂੰ ‘ਪ੍ਰਾਪਰਟੀ ਕਾਰਡ’ ਵੰਡੇ ਗਏ। ਇਸ ਸਮਾਗਮ ਦੌਰਾਨ ਪਿੰਡ ਬਡਗੁਜਰਾਂ, ਕੁੰਭ, ਕੁੰਭੜਾ, ਚਤਰਪੁਰਾ ਅਤੇ ਮਾਜਰੀ ਮਿਸ਼ਰੀ ਵਾਲੀ ਦੇ ਵਾਸੀਆਂ ਨੂੰ ਉਹਨਾਂ ਦੇ ਘਰਾਂ ਦੇ ਕਾਨੂੰਨੀ ਮਾਲਕੀ ਹੱਕ ਸੌਂਪੇ ਗਏ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਪਿਛਲੀਆਂ ਰਵਾਇਤੀ ਸਰਕਾਰਾਂ ਨੇ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਦੀ ਕਦੇ ਸਾਰ ਨਹੀਂ ਲਈ, ਜਿਸ ਕਾਰਨ ਦਹਾਕਿਆਂ ਤੋਂ ਲੋਕ ਆਪਣੇ ਹੀ ਘਰਾਂ ਦੇ ਕਾਨੂੰਨੀ ਮਾਲਕੀ ਹੱਕ ਤੋਂ ਵਾਂਝੇ ਸਨ। ਪਰ ‘ਆਮ ਆਦਮੀ ਪਾਰਟੀ’ ਦੀ ਮਾਨ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਹੈ।

ਵਿਧਾਇਕ ਬੜਿੰਗ ਨੇ ਦੱਸਿਆ ਕਿ ਇਹਨਾਂ ਪ੍ਰਾਪਰਟੀ ਕਾਰਡਾਂ ਦੇ ਬਣਨ ਨਾਲ ਹੁਣ ਪਿੰਡ ਵਾਸੀ ਆਪਣੀ ਜਾਇਦਾਦ ਦੇ ਪੱਕੇ ਮਾਲਕ ਬਣ ਗਏ ਹਨ। ਇਸ ਨਾਲ ਉਹ ਜਾਇਦਾਦ ਨਾਲ ਸਬੰਧਤ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਵੀ ਉਠਾ ਸਕਣਗੇ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਹਲਕਾ ਅਮਲੋਹ ਦੇ ਹਰ ਪਿੰਡ ਅਤੇ ਸ਼ਹਿਰ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਅਤੇ ਵਿਕਾਸ ਪੱਖੋਂ ਮੋਹਰੀ ਬਣਾਉਣਾ ਹੀ ਸਾਡਾ ਮੁੱਖ ਟੀਚਾ ਹੈ।

ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਮੋਹਤਬਰ, ‘ਆਮ ਆਦਮੀ ਪਾਰਟੀ’ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਗੈਰੀ ਬੜਿੰਗ ਦੇ ਇਸ ਲੋਕ-ਪੱਖੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।