ਚੰਡੀਗੜ੍ਹ ਇੰਸਟੀਟਿਊਟ ਫੌਰ ਟ੍ਰਾਂਸਫਾਰਮੇਸ਼ਨ (ਸੀਆਈਟੀ), ਨੀਤੀ ਆਯੋਗ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਦਿੱਵਯਾਂਗਜਨਾਂ ਲਈ ਕਿਫ਼ਾਇਤੀ ਅਤੇ ਸੁਲਭ ਤਕਨੀਕੀ ਸੁਵਿਧਾਵਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ 3 ਦਸੰਬਰ,2026 ਨੂੰ ਨੈਸ਼ਨਲ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ।
ਇਸ ਕਾਨਫਰੰਸ ਦਾ ਪੋਸਟਰ ਅੱਜ ਸੈਕਟਰ 9-ਡੀ ਸਥਿਤ ਚੰਡੀਗੜ੍ਹ ਸਕੱਤਰੇਤ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਸਕੱਤਰ ਸ਼੍ਰੀ ਦਿਪ੍ਰਵਾ ਲਾਕੜਾ ਅਤੇ ਸਮਾਜ ਭਲਾਈ ਵਿਭਾਗ ਦੇ ਸਕੱਤਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਜਾਰੀ ਕੀਤਾ। ਇਹ ਕਾਨਫਰੰਸ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਟੈਕਨੋਲੋਜੀ ਇਨੇਬਲਿੰਗ ਸੈਂਟਰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਦਿੱਵਯਾਂਗਜਨਾਂ ਲਈ ਸਮਾਨ ਅਵਸਰ ਸੈੱਲ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾਵੇਗੀ।
ਇਸ ਅਵਸਰ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਸਕੱਤਰ ਸ਼੍ਰੀ ਦਿਪ੍ਰਵਾ ਲਾਕੜਾ ਨੇ ਕਿਹਾ ਕਿ ਇਹ ਕਾਨਫਰੰਸ ਦਿੱਵਯਾਂਗਜਨਾਂ ਲਈ ਟੈਕਨੋਲੋਜੀ ਅਧਾਰਿਤ ਸੁਵਿਧਾਵਾਂ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੈ। ਉਨ੍ਹਾਂ ਨੇ ਤਕਨੀਕ ਉਪਲਬਧ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਕਾਨਫਰੰਸ ਵਿੱਚ ਹਿੱਸਾ ਲੈਣ, ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਅਤੇ ਇਹ ਦੱਸਣ ਦੀ ਤਾਕੀਦ ਕੀਤੀ ਕਿ ਇਨ੍ਹਾਂ ਸੁਵਿਧਾਵਾਂ ਨੂੰ ਘੱਟ ਲਾਗਤ ‘ਤੇ ਅਧਿਕ ਤੋਂ ਅਧਿਕ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾ ਸਕਦਾ ਹੈ।
ਸਮਾਜ ਭਲਾਈ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਸਮਾਜ ਭਲਾਈ ਵਿਭਾਗ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਵਿਭਾਗ ਇਸ ਕਾਨਫਰੰਸ ਨੂੰ ਉਪਯੋਗੀ ਬਣਾਉਣ ਅਤੇ ਇਸ ਨਾਲ ਦਿੱਵਯਾਂਗਜਨਾਂ ਨੂੰ ਵਿਵਹਾਰਿਕ ਲਾਭ ਪਹੁੰਚਾਉਣ ਲਈ ਹਰ ਸੰਭਵ ਪ੍ਰਯਾਸ ਕਰੇਗਾ।
ਇਸ ਅਵਸਰ ‘ਤੇ ਸੀਆਈਟੀ ਦੇ ਸਮਾਜਿਕ ਸੁਰੱਖਿਆ ਅਤੇ ਸੰਭਾਲ਼ ਮਾਹਰ ਸ਼੍ਰੀ ਐੱਮ.ਐੱਸ. ਕੰਗ; ਚੇਅਰਮੈਨ ਪ੍ਰੋਫੈਸਰ ਸੀ. ਆਰ. ਸੂਰੀ; ਮੈਂਟਰ ਪ੍ਰੋਫੈਸਰ ਰੁਪਿੰਦਰ ਤਿਵਾਰੀ; ਪ੍ਰੋਫੈਸਰ ਮਨੂ ਸ਼ਰਮਾ; ਡੀਐੱਸਟੀ ਟੈਕਨੋਲੋਜੀ ਇਨੇਬਲਿੰਗ ਸੈਂਟਰ ਦੇ ਡਾ. ਵਰਿੰਦਰ ਸਿੰਘ; ਕੋਆਰਡੀਨੇਟਰ ਡਾ. ਨੀਲਿਮਾ ਢੀਂਗਰਾ ਅਤੇ ਪੰਜਾਬ ਯੂਨੀਵਰਸਿਟੀ ਦੇ ‘ਦਿੱਵਯਾਂਗਜਨਾਂ ਲਈ ਸਮਾਨ ਅਵਸਰ ਸੈੱਲ’ ਦੇ ਸੁਪਰਡੈਂਟ ਸ਼੍ਰੀ ਨਰੇਂਦਰ ਲੂਥਰਾ ਸਹਿਤ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ।


