ਅਬੋਹਰ ਵਿੱਚ ਹਫ਼ਤੇ ਭਰ ਤੋਂ ਲਾਸ਼ ਰੱਖ ਕੇ ਧਰਨਾ ਦੇ ਰਹੇ ਅਜੇ ਦੇ ਪਰਿਵਾਰ ਦੀ ਮਦਦ ਲਈ ਪਹੁੰਚੇ ਭਾਜਪਾ ਆਗੂ
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਅਬੋਹਰ ਦੇ ਅਜੇ ਅਟਵਾਲ ਕਤਲ ਕਾਂਡ ਦੀ ਐੱਫ਼ਈਆਰ ਵਿੱਚ ਐੱਸਸੀ/ ਐੱਸਟੀ ਐਕਟ ਦੀਆਂ ਧਾਰਾਵਾਂ ਜੋੜਨ ਅਤੇ ਸ਼ਿਵ ਲਾਲ ਡੋਡਾ ਦਾ ਨਾਂ ਐੱਫਆਈਆਰ ਵਿੱਚ ਦਰਜ ਦੀ ਮੰਗ ਕੀਤੀ ਹੈ। ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਵਾਂਗ ਨਿਆਂ ਦੀ ਲੜਾਈ ਲੜ ਰਹੇ ਅਜੇ ਅਟਵਾਲ ਦਾ ਪਰਿਵਾਰ ਵੀ ਇੱਕ ਹਫ਼ਤੇ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰੀ ਹੈ।
ਅਬੋਹਰ ਵਿੱਚ ਚੱਲ ਰਹੇ ਧਰਨੇ ਦੌਰਾਨ ਪਹੁੰਚੇ ਵਿਜੇ ਸਾਂਪਲਾ ਨਾਲ ਵਿਧਾਇਕ ਸੰਦੀਪ ਜਾਖੜ, ਸਾਬਕਾ ਵਿਧਾਇਕ ਅਤੇ ਐਸਸਿ ਮੋਰਚਾ ਦੇ ਸੂਬਾ ਪ੍ਰਧਾਨ ਸ਼ੀਤਲ ਅਨੁਰਾਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਅਤੇ ਮੁਕਤਸਰ ਭਾਜਪਾ ਦੇ ਜਿਲਾ ਪ੍ਰਧਾਨ ਕੁਲਦੀਪ ਸਿੰਘ ਹਾਜ਼ਰ ਸਨ।
ਇਸ ਮੌਕੇ ਧਰਨੇ ਦੌਰਾਨ ਵਿਜੇ ਸਾਂਪਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਿਆ ਕਿਹਾ, ‘‘ ਅਬੋਹਰ ਵਿੱਚ ਅਜੇ ਅਟਵਾਲ ਕਾਂਡ ਵਿੱਚ ਸਰਕਾਰ ਅਸਲ ਦੋਸ਼ੀਆਂ ਨੂੰ ਬਚਾਉਣਾ ਬੰਦ ਕਰੇ ਅਤੇ ਸ਼ਿਵ ਲਾਲ ਡੋਡਾ ਖਿਲਾਫ਼ ਵੀ ਬਣਦੀ ਕਾਰਵਾਈ ਕਰੇ। ਉਨ੍ਹਾਂ ਕਿਹਾ ਜਿਵੇਂ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਲਈ ਅਤੇ ਅਬੋਹਰ ਅਜੇ ਅਟਵਾਲ ਲਈ ਲੋਕ ਅੰਦੋਲਨ ਕਰ ਰਹੇ ਹਨ, ਜੇਕਰ ਸਰਕਾਰ ਨੇ ਨਿਆਂ ਨਾ ਕੀਤਾ ਤਾਂ ਇਹ ਅੰਦੋਲਨ ਪੂਰੇ ਪੰਜਾਬ ਵਿੱਚ ਫੈਲ ਜਾਵੇਗਾ।’’
ਉਨ੍ਹਾਂ ਕਿਹਾ ਕਿ ਇਹ ਤੱਥ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕਿ ਅਜੇ ਅਟਵਾਲ 2015 ਦੇ ਭੀਮ ਟਾਂਕ ਕਤਲ ਕੇਸ ਦਾ ਗਵਾਹ ਸੀ, ਜਿਸ ਕਾਰਨ ਸ਼ਿਵ ਲਾਲ ਡੋਡਾ ਉਮਰ ਕੈਦ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਦੋਂ ਵੀ ਪੀੜ੍ਹਤ ਭੀਮ ਟਾਂਕ ਦੇ ਪਰਿਵਾਰ ਨੂੰ ਇਨਸਾਫ਼ ਦੁਆਇਆ ਸੀ, ਹੁਣ ਵੀ ਅਸੀਂ ਅਜੇ ਅਟਵਾਲ ਦੇ ਪਰਿਵਾਰ ਨਾਲ ਧੱਕਾ ਨਹੀਂ ਹੋਣ ਦਿਆਂਗੇ।
ਵਿਜੇ ਸਾਂਪਲਾ ਨੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਯਾਦ ਕਰਵਾਇਆ ਕਿ ਉਦੋਂ ਤੁਸੀਂ ਭੀਮ ਟਾਂਕ ਦੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਸੀ, ਦਿੱਲੀ ਸਰਕਾਰ ਵਿੱਚ ਉਸ ਦੇ ਪਰਿਵਾਰ ਨੂੰ ਨੌਕਰੀ ਦਾ ਵਾਅਦਾ ਕੀਤਾ ਸੀ। ਤੁਸੀਂ ਉਸ ਦੇ ਪਰਿਵਾਰ ਦੀ ਬਾਂਹ ਤਾਂ ਕੀ ਫੜਨੀ ਸੀ, ਤੁਸੀਂ ਭੀਮ ਦੇ ਕਾਤਲ ਸ਼ਿਵ ਲਾਲ ਡੋਡਾ ਨਾਲ ਹੀ ਯਾਰੀ ਪਾ ਲਈ। ਹੁਣ ਤੁਸੀਂ ਉਸੇ ਜ਼ਾਬਰ ਦਾ ਪੱਖ਼ ਪੂਰ ਰਹੇ ਹੋ।
ਵਿਜੇਂ ਸਾਂਪਲਾ ਨੇ ਕਿਹਾ ਕਿ ਦਲਿਤਾਂ ਦਾ ਸਬਰ ਨਾ ਪਰਖਿਆ ਜਾਵੇ, ਜੇਕਰ ਅਜੇ ਦੇ ਪਰਿਵਾਰ ਨੂੰ ਇਨਸਾਫ਼ ਨਾਲ ਮਿਲਿਆ ਤਾਂ ਇਹ ਅੰਦੋਲਨ ਪੂਰੇ ਪੰਜਾਬ ਦਾ ਅੰਦੋਲਨ ਬਣ ਜਾਵੇਗਾ।


