ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੋਣ ਦੇ ਬਾਵਜੂਦ ਭਾਜਪਾ ਨੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਯਕੀਨੀ ਬਣਾਈ: ਢਿੱਲੋਂ

‘ਆਪ’ ਦੇ ਬਹੁ-ਪ੍ਰਚਾਰਿਤ ਚੋਣ ਵਾਅਦੇ ਤੇ ਕਿਸਾਨਾਂ ਨੂੰ ਦਿੱਤੀਆਂ ਗਾਰੰਟੀਆਂ ਅਧੂਰੀਆਂ: ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤਹਿਤ ਕਿਸਾਨਾਂ ਨੂੰ ਸਿੱਧੀ ਮਿਲ ਰਹੀ ਲਗਾਤਾਰ ਵਿੱਤੀ ਸਹਾਇਤਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਾਨ ਭਲਾਈ ਪ੍ਰਤੀ ਵਚਨਬੱਧਤਾ ਸਾਫ਼ ਨਜ਼ਰ ਆਉਂਦੀ ਹੈ, ਜਦਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਰਹੀ ਹੈ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੀ 24ਵੀਂ ਕਿਸ਼ਤ ਜਾਰੀ ਹੋਣ ਦਾ ਸਵਾਗਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਇਸ ਤਹਿਤ ਦੇਸ਼ ਭਰ ਦੇ 9.34 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 18,690 ਕਰੋੜ ਤੋਂ ਵੱਧ ਦੀ ਰਕਮ ਭੇਜੀ ਗਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬਿਨਾਂ ਵਿਚੋਲਿਆਂ ਦੇ ਕਿਸਾਨਾਂ ਤੱਕ ਸਹਾਇਤਾ ਪਹੁੰਚਾਉਣੀ ਯਕੀਨੀ ਬਣਾਈ। ਉਨ੍ਹਾਂ ਦੱਸਿਆ ਕਿ 2025 ਤੱਕ ਯੋਜਨਾ ਦੀ ਸ਼ੁਰੂਆਤ ਤੋਂ ਪੰਜਾਬ ਦੇ ਕਿਸਾਨਾਂ ਨੂੰ ਪੀਐੱਮ-ਕਿਸਾਨ ਤਹਿਤ 6,553 ਕਰੋੜ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇਕੱਲੀ 21ਵੀਂ ਕਿਸ਼ਤ ਵਿੱਚ 221.98 ਕਰੋੜ ਜਾਰੀ ਕੀਤੇ ਗਏ।

ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ ‘ਆਪ’ ਦੀ ਸਰਕਾਰ ਹੋਣ ਦੇ ਬਾਵਜੂਦ ਸਿੱਧੀ ਵਿੱਤੀ ਸਹਾਇਤਾ ਅਤੇ ਵੱਖ-ਵੱਖ ਭਲਾਈ ਪਹਿਲਕਦਮੀਆਂ ਰਾਹੀਂ ਕਿਸਾਨਾਂ ਦੀ ਭਲਾਈ ਪ੍ਰਤੀ ਲਗਾਤਾਰ ਆਪਣੀ ਵਚਨਬੱਧਤਾ ਦਿਖਾਈ ਹੈ। ਦੂਜੇ ਪਾਸੇ, ਅਰਵਿੰਦ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਵੱਡੇ-ਵੱਡੇ ਵਾਅਦਿਆਂ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਠੋਸ ਤੌਰ ‘ਤੇ ਕਿਹੜੀ ਵਿੱਤੀ ਸਹਾਇਤਾ ਦਿੱਤੀ ਹੈ।”

ਢਿੱਲੋਂ ਨੇ ਅੱਗੇ ਕਿਹਾ ਕਿ ਹੜ੍ਹਾਂ ਦੌਰਾਨ ਵੀ ‘ਆਪ’ ਸਰਕਾਰ ਨੇ ਕੇਂਦਰ ਵੱਲੋਂ ਦਿੱਤੀ ਵਿੱਤੀ ਸਹਾਇਤਾ ਨੂੰ ਆਪਣਾ ਯੋਗਦਾਨ ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਫੰਡਾਂ ਦਾ ਸਿਹਰਾ ਲੈ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ।

ਉਨ੍ਹਾਂ ਕਿਹਾ, “‘ਆਪ’ ਸਰਕਾਰ ਫ਼ਸਲਾਂ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਲਈ ਨਿੱਜੀ ਤੌਰ ‘ਤੇ ਐਲਾਨੇ ਮੁਆਵਜ਼ੇ ਦੇ ਵਾਅਦੇ ਵੀ ਪੂਰੇ ਨਹੀਂ ਕਰ ਸਕੀ। ਕਿਸਾਨਾਂ ਨਾਲ ਕੀਤੇ ਸਰਕਾਰ ਦੇ ਬਹੁ-ਪ੍ਰਚਾਰਿਤ ਚੋਣ ਵਾਅਦੇ ਅਤੇ ਗਾਰੰਟੀਆਂ ਵੀ ਅਧੂਰੀਆਂ ਰਹੀਆਂ।” ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਪੰਜਾਬ ਦੇ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਉਠਾਉਂਦੀ ਰਹੇਗੀ।