ਚੈੱਕ ਨੈਸ਼ਨਲ ਟੂਰਿਜ਼ਮ ਬੋਰਡ ਦੀ ਇੰਟਰਨੈਸ਼ਨਲ ਮਾਰਕਿਟਿੰਗ – ਮੱਧ ਪੂਰਬ ਅਤੇ ਭਾਰਤ ਦੀ ਪ੍ਰਤੀਨਿਧੀ ਸੁਸ਼੍ਰੀ ਬਾਰਬਰਾ ਅੰਦੇਲੋਵਾ ਦੀ ਅਗਵਾਈ ਵਿੱਚ ਇੱਕ ਚੈੱਕ ਵਫ਼ਦ ਨੇ ਟੂਰਿਜ਼ਮ ਅਤੇ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ‘ਤੇ ਚਰਚਾ ਲਈ ਯੂ.ਟੀ.ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਚੈੱਕ ਗਣਰਾਜ ਦੀ ਸਰਕਾਰੀ ਮਲਕੀਅਤ ਵਾਲੀ ਬਰੂਅਰੀ ਬੁਦੇਯੋਵਿਤਸਕੀ ਬੁਦਵਾਰ ਦੇ ਪ੍ਰਤੀਨਿਧੀ ਅਤੇ ਚੈੱਕ ਗਣਰਾਜ ਦੇ ਆਨਰੇਰੀ ਕੌਂਸਲ ਮੇਜਰ ਗੁਨੀਤ ਚੌਧਰੀ ਵੀ ਉਪਸਥਿਤ ਸਨ।
ਗੱਲਬਾਤ ਦੇ ਦੌਰਾਨ ਵਫ਼ਦ ਨੇ ਚੰਡੀਗੜ੍ਹ ਦੇ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਚੈੱਕ ਵਿਅੰਜਨਾਂ ਅਤੇ ਸਿਨੇਮਾ ਤੋਂ ਜਾਣੂ ਕਰਵਾਉਣ ਲਈ ਸ਼ਹਿਰ ਵਿੱਚ ਚੈੱਕ ਫੂਡ ਫੈਸਟੀਵਲ ਅਤੇ ਇੱਕ ਚੈੱਕ ਫਿਲਮ ਫੈਸਟੀਵਲ ਦਾ ਆਯੋਜਿਤ ਕਰਨ ਦਾ ਪ੍ਰਸਤਾਵ ਰੱਖਿਆ।
ਇਨ੍ਹਾਂ ਪਹਿਲਾਂ ਦਾ ਸੁਆਗਤ ਕਰਦੇ ਹੋਏ ਮੁੱਖ ਸਕੱਤਰ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਤਰਫ਼ੋਂ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਦੁਆਰਾ ਸੰਚਾਲਿਤ ਹੋਟਲਾਂ ਵਿੱਚ ਇਨ੍ਹਾਂ ਆਯੋਜਨਾਂ ਲਈ ਜ਼ਰੂਰੀ ਸੁਵਿਧਾਵਾਂ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕੀਤੀ।
ਵਫ਼ਦ ਨੇ ਗੋਲਫ ਟੂਰਿਜ਼ਮ ਨੂੰ ਹੁਲਾਰਾ ਦੇਣ ਦੀਆਂ ਸੰਭਾਵਨਾਵਾਂ ‘ਤੇ ਵੀ ਪ੍ਰਕਾਸ਼ ਪਾਇਆ ਅਤੇ ਦੱਸਿਆ ਕਿ ਚੈੱਕ ਗਣਰਾਜ ਵਿੱਚ 100 ਤੋਂ ਅਧਿਕ ਗੋਲਫ ਕੋਰਸ ਹਨ। ਹੋਰ ਪ੍ਰਸਤਾਵਾਂ ਵਿੱਚ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਵਿੱਚ ਚੈੱਕ ਦੌੜਾਕਾਂ ਦੀ ਭਾਗੀਦਾਰੀ ਅਤੇ ਚੰਡੀਗੜ੍ਹ ਕਾਰਨੀਵਲ ਵਿੱਚ ਚੈੱਕ ਗਣਰਾਜ ਦੀ ਸਹਿਭਾਗਿਤਾ ਸ਼ਾਮਲ ਸੀ।
ਚੰਡੀਗੜ੍ਹ ਦੀ ਵਿਲੱਖਣ ਨਗਰ ਯੋਜਨਾ ਅਤੇ ਵਾਸਤੂਸ਼ਿਲਪ ਵਿਰਾਸਤ ਦੀ ਸ਼ਲਾਘਾ ਕਰਦੇ ਹੋਏ ਵਫ਼ਦ ਨੇ ਲੀ ਕਾਰਬੁਜ਼ੀਅਰ ਨਾਲ ਸ਼ਹਿਰ ਦੇ ਜੁੜਾਅ ਦਾ ਵਿਸ਼ੇਸ਼ ਉਲੇਖ ਕੀਤਾ। ਗੱਲਬਾਤ ਵਿੱਚ ਚੈੱਕ ਗਣਰਾਜ ਜ਼ਲੀਨ ਸ਼ਹਿਰ
ਨਾਲ ਉਨ੍ਹਾਂ ਦੇ ਇਤਿਹਾਸਿਕ ਸਬੰਧ ‘ਤੇ ਵੀ ਚਰਚਾ ਹੋਈ।
ਸੁਸ਼੍ਰੀ ਅੰਦੇਲੋਵਾ ਨੇ ਭਾਰਤ ਨੂੰ ਚੈੱਕ ਗਣਰਾਜ ਲਈ ਇੱਕ ਮਹੱਤਵਪੂਰਨ ਅਤੇ ਉੱਭਰਦਾ ਹੋਇਆ ਟੂਰਿਜ਼ਮ ਬਜ਼ਾਰ ਦੱਸਿਆ। ਉਨ੍ਹਾਂ ਨੇ ਲੋਕਾਂ, ਸੱਭਿਆਚਾਰਾਂ ਅਤੇ ਭਾਈਚਾਰਿਆਂ ਨੂੰ ਜੋੜਨ ਵਾਲੇ ਖਾਣਪੀਣ, ਸਿਨੇਮਾ ਅਤੇ ਖੇਡਾਂ ਸਬੰਧੀ ਅਦਾਨ-ਪ੍ਰਦਾਨ ਦੇ ਜ਼ਰੀਏ ਚੰਡੀਗੜ੍ਹ ਨਾਲ ਸਬੰਧਾਂ ਨੂੰ ਹੋਰ ਗੂੜ੍ਹੇ ਕਰਨ ਵਿੱਚ ਰੁਚੀ ਵਿਅਕਤ ਕੀਤੀ।
ਵਫ਼ਦ ਨੇ ਸਹਿਯੋਗ ਦੀਆਂ ਹੋਰ ਸੰਭਾਵਨਾਵਾਂ ਤਲਾਸ਼ਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਚੈੱਕ ਗਣਰਾਜ ਆਉਣ ਦਾ ਸੱਦਾ ਦਿੱਤਾ। ਮੇਜਰ ਗੁਨੀਤ ਚੌਧਰੀ ਨੇ ਦੁਵੱਲੀਆਂ ਪਹਿਲਾਂ ਨੂੰ ਸੁਗਮ ਬਣਾਉਣ ਵਿੱਚ ਆਨਰੇਰੀ ਕੌਂਸਲੇਟ ਦੀ ਤਰਫ਼ੋਂ ਨਿਰੰਤਰ ਸਹਿਯੋਗ ਦੀ ਪ੍ਰਤੀਬੱਧਤਾ ਦੁਹਰਾਈ।


