ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਕੇਵਲ ਸਿੰਘ ਢਿੱਲੋਂ ਦਾ ‘ਰਾਜਾ ਪੋਰਸ ਐਵਾਰਡ’ ਨਾਲ ਸਨਮਾਨ
ਪੰਜਾਬ ਬਚਾਉਣ ਲਈ ਭਾਜਪਾ ਸਰਕਾਰ ਜ਼ਰੂਰੀ: ਕੇਵਲ ਸਿੰਘ ਢਿੱਲੋਂ
ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਅੱਜ ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਰੂਪਨਗਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ‘ਰਾਜਾ ਪੋਰਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਭਾਜਪਾ ਦੀ ਸਰਕਾਰ ਜ਼ਰੂਰੀ ਹੈ।
ਸਮਾਗਮ ਵਿੱਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਡਾ. ਕੁਲਵੰਤ ਸਿੰਘ ਧਾਲੀਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਐਸੋਸੀਏਸ਼ਨ ਵੱਲੋਂ ਕ੍ਰਮਵਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਭਾਈ ਘਨ੍ਹੱਈਆ ਜੀ ਪੁਰਸਕਾਰ ਨਾਲ ਸਨਮਾਨ ਦਿੱਤੇ ਗਏ।
ਐਵਾਰਡ ਪ੍ਰਾਪਤ ਕਰਨ ਮਗਰੋਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਨੂੰ ਵੱਡੀ ਜ਼ਿੰਮੇਵਾਰੀ ਦੱਸਦਿਆਂ ਨਿਮਰਤਾ ਨਾਲ ਕਬੂਲ ਕਰਦਿਆਂ ਕਿਹਾ ਕਿ ਰਾਜਾ ਪੋਰਸ ਪੰਜਾਬ ਦੀ ਉਸ ਬਹਾਦਰ ਮਿੱਟੀ ਦੇ ਜਾਏ ਸਨ, ਜਿਨ੍ਹਾਂ ਨੇ ਸਿਕੰਦਰ ਵਰਗੇ ਤਾਕਤਵਰ ਹਮਲਾਵਰ ਦਾ ਜੇਹਲਮ ਦੇ ਕੰਢੇ ਡਟ ਕੇ ਮੁਕਾਬਲਾ ਕੀਤਾ ਅਤੇ ਕੈਦ ਹੋਣ ਮਗਰੋਂ ਵੀ ਪੂਰੀ ਅਣਖ ਨਾਲ ਕਿਹਾ ਕਿ ਉਨ੍ਹਾਂ ਨਾਲ ਉਹੋ ਜਿਹਾ ਸਲੂਕ ਕੀਤਾ ਜਾਵੇ ਜਿਹੋ ਜਿਹਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ ਹੈ। ਅਜਿਹੇ ਅਣਖੀ ਰਾਜੇ ਦੇ ਨਾਮ ‘ਤੇ ਪੁਰਸਕਾਰ ਮਿਲਣਾ ਉਹਨਾਂ ਲਈ ਮਾਣ ਵਾਲੀ ਗੱਲ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਖ਼ਾਲਸਾ ਰਾਜ ਵਰਗਾ ਸਾਂਝਾ ਰਾਜ ਦੁਨੀਆ ਵਿੱਚ ਕਿਤੇ ਨਹੀਂ ਰਿਹਾ, ਜਿੱਥੇ ਸਿੱਖ, ਹਿੰਦੂ ਤੇ ਮੁਸਲਮਾਨ ਰਲ-ਮਿਲ ਕੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸੁਪਨਾ ਵੀ ਪੰਜਾਬ ਵਿੱਚ ਉਸੇ ਤਰ੍ਹਾਂ ਦਾ ਖ਼ੁਸ਼ਹਾਲ, ਸੁਰੱਖਿਅਤ ਤੇ ਭਾਈਚਾਰਕ ਸਾਂਝ ਵਾਲਾ ਰਾਜ ਮੁੜ ਲਿਆਉਣਾ ਹੈ। ਉਨ੍ਹਾਂ ਭਾਈ ਘਨ੍ਹੱਈਆ ਜੀ ਦੀ ਨਿਰਪੱਖ ਸੇਵਾ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਸਾਂਝੀਵਾਲਤਾ, ਅਣਖ-ਬਹਾਦਰੀ ਅਤੇ ਸੇਵਾ ਹੀ ਪੰਜਾਬੀਅਤ ਦੀ ਅਸਲ ਪਛਾਣ ਹਨ।
ਸ੍ਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਮੁੱਢ ਤੋਂ ਸਰਹੱਦੀ ਸੂਬਾ ਰਿਹਾ ਹੈ ਅਤੇ ਔਖੇ ਸਮੇਂ ਪੰਜਾਬੀ ਸਾਰੇ ਫ਼ਰਕ ਭੁਲਾ ਕੇ ਇੱਕਜੁੱਟ ਹੋ ਜਾਂਦੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਸਰਕਾਰ ਨੂੰ ਇਨ੍ਹਾਂ ਮੁੱਦਿਆਂ ‘ਤੇ ਘੇਰਦਿਆਂ ਕਿਹਾ ਕਿ ਨਸ਼ਿਆਂ ਦਾ ਵਧਦਾ ਪ੍ਰਕੋਪ ਅਤੇ ਵਧਦਾ ਕ੍ਰਾਈਮ, ਵਿਗੜਦੀ ਕਾਨੂੰਨ-ਵਿਵਸਥਾ, ਗੈਂਗਸਟਰਵਾਦ, ਫ਼ਿਰੌਤੀਆਂ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਸਰਕਾਰ ਨਾਕਾਮ ਰਹੀ ਹੈ। ਇਸਦੇ ਨਾਲ ਹੀ ਸੂਬੇ ‘ਤੇ ਕਰਜ਼ਾ ਲਗਭਗ ਦੋ ਲੱਖ 82 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ ਪੰਜ ਲੱਖ ਕਰੋੜ ਰੁਪਏ ਤੱਕ ਪਹੁੰਚਾ ਦਿੱਤਾ। ਹੈ।
ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਸਰਕਾਰ ਤੋਂ ਦੁਖੀ ਹੈ, ਚਾਹੇ ਉਹ ਨੌਜਵਾਨ ਹੋਣ, ਕਿਸਾਨ, ਮਜ਼ਦੂਰ ਜਾਂ ਮੁਲਾਜ਼ਮ। ਮੁਲਾਜ਼ਮਾਂ ਦੇ ਡੀਏ ਦੇ ਮਾਮਲੇ ਵਿੱਚ ਹਾਈਕੋਰਟ ਵੱਲੋਂ ਸਰਕਾਰ ਨੂੰ ਜੁਰਮਾਨੇ ਪਏ ਹਨ, ਜਦਕਿ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ 60 ਫ਼ੀਸਦੀ ਡੀਏ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਜ਼ਰੂਰੀ ਹੈ।
ਉਨ੍ਹਾਂ ਗਲੋਬਲ ਪੰਜਾਬੀ ਐਸੋਸੀਏਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ, ਮਾਂ-ਬੋਲੀ, ਵਿਰਸੇ ਅਤੇ ਹਿੰਦੂ-ਸਿੱਖ ਏਕਤਾ ਨਾਲ ਜੋੜਨ ਦਾ ਨੇਕ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਆਪਣੇ ਇਤਿਹਾਸ ‘ਤੇ ਮਾਣ ਕਰਦਿਆਂ ਇੱਕਜੁੱਟ ਹੋਵੇਗਾ, ਤਾਂ ਇਹ ਮੁੜ ਸਾਰੀ ਦੁਨੀਆ ਲਈ ਅਮਨ-ਸ਼ਾਂਤੀ ਤੇ ਖ਼ੁਸ਼ਹਾਲੀ ਦਾ ਚਾਨਣ ਬਣੇਗਾ।
ਸੂਬਾ ਪ੍ਰਧਾਨ ਢਿੱਲੋਂ ਨੇ ਮੇਘਵਾਲ ਅਤੇ ਡਾ. ਧਾਲੀਵਾਲ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਉਹਨਾਂ ਇਕਬਾਲ ਸਿੰਘ ਲਾਲਪੁਰਾ ਮੈਂਬਰ ਪਾਰਲੀਮੈਂਟਰੀ ਬੋਰਡ ਬੀਜੇਪੀ, ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਅਜੈਵੀਰ ਸਿੰਘ ਲਾਲਪੁਰਾ ਅਤੇ ਸਮੁੱਚੀ ਐਸੋਸੀਏਸ਼ਨ ਦੲ ਧੰਨਵਾਦ ਕੀਤਾ।


