ਮੌੜ ਤੇ ਰਾਮਪੁਰਾ ਫੂਲ ਵਿਖੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੀਟਿੰਗ ਨੂੰ ਮਿਲਿਆ ਭਰਵਾਂ ਹੁੰਗਾਰਾ

ਕਿਹਾ ਕਿ ਮੌੜ ਨੂੰ ਕਪੜਾ ਹੱਬ ਵਿਚ ਤਬਦੀਲ ਕੀਤਾ ਜਾਵੇਗਾ, ਛੋਟੇ ਵਪਾਰੀਆਂ ਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਜੀਵਨ, ਅਗਜ਼ਨੀ ਤੇ ਮੈਡੀਕਲ ਬੀਮਾ ਕਵਰ ਮੁਫਤ ਮਿਲੇਗਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਵਪਾਰੀਆਂ ਵਾਸਤੇ ਟੈਕਸ ਪ੍ਰਣਾਲੀ ਲਈ ਸਵੈ ਘੋਸ਼ਣਾ ਪੱਤਰ ਪ੍ਰਣਾਲੀ ਲਾਗੂ ਕਰੇਗੀ ਅਤੇ ਉਦਯੋਗਾਂ ਲਈ ਬਿਜਲੀ ਦਰਾਂ ਵਿਚ ਕਟੌਤੀ ਕਰ ਕੇ 5 ਰੁਪਏ ਪ੍ਰਤੀ ਯੂਨਿਟ ਕੀਤੀ ਜਾਵੇਗੀ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੂੰ ਮੌੜ ਤੇ ਰਾਮਪੁਰਾ ਫੂਲ ਵਿਖੇ ਵਪਾਰੀਆਂ ਤੇ ਉਦਯੋਗਪਤੀਆਂ ਦੀ ਮੀਟਿੰਗ ਦੌਰਾਨ ਭਰਵਾਂ ਹੁੰਗਾਰਾ ਮਿਲਿਆ, ਨੇ ਕਿਹਾ ਕਿ ਮੈਂ ਵਿਸ਼ਵਾਸ ਦਾ ਮਾਹੌਲ ਸਿਰਜਣਾ ਚਾਹੁੰਦਾ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਵਪਾਰੀਆਂ ’ਤੇ ਵਿਸ਼ਵਾਸ ਹੋਵੇ। ਉਹਨਾਂ ਕਿਹਾ ਕਿ ਰਾਹਤ ਸਕੀਮ ਜਿਸ ਤਹਿਤ ਅਸੀਂ ਛੋਟੇ ਵਪਾਰੀਆਂ ਵਾਸਤੇ 1000 ਰੁਪਏ ਪ੍ਰਤੀ ਸਾਲ ਜਮ੍ਹਾਂ ਕਰਨ ਦੀ ਸ਼ੁਰੂਆਤ ਕੀਤੀ ਸੀ, ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਅਸੀਂ ਟੈਕਸ ਇੰਸਪੈਕਟਰਾਂ ਨੂੰ ਛੋਟੀਆਂ ਮੰਡੀਆਂ ਦੇ ਦੌਰੇ ਕਰਨ ਤੋਂ ਰੋਕਾਂਗੇ। ਉਹਨਾਂ ਕਿਹਾ ਕਿ ਇਸੇ ਤਰੀਕੇ ਛੋਟੇ ਉਦਯੋਗਾਂ ਨੂੰ ਵੀ ਚੈਕਿੰਗ ਤੋਂ ਛੋਟ ਦਿੱਤੀ ਜਾਵੇਗੀ ਅਤੇ ਉਹ ਸਰਕਾਰ ਨਾਲ ਆਨਲਾਈਨ ਗੱਲਬਾਤ ਕਰ ਸਕਣਗੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਜੀ ਐਸ ਟੀ ਦੀ ਅਸਲ ਵਸੂਲੀ ਵੱਡੇ ਉਦਯੋਗਾਂ ਤੋਂ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਵੀ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਨਾ ਤਾਂ ਪਿਛਲੀ ਕਾਂਗਰਸ ਤੇ ਨਾ ਹੀ ਮੌਜੂਦਾ ਆਪ ਸਰਕਾਰ ਨੇ ਨਿਵੇਸ਼ ਆਕਰਸ਼ਤ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਕੈਪਟਨ ਅਮਰਿੰਦਰ ਸਿੰਘ ਵਰਗਾ ਮੁੱਖ ਮੰਤਰੀ ਹੋਵੇ ਜੋ ਆਪਣੇ ਘਰ ਵਿਚੋਂ ਹੀ ਬਾਹਰ ਨਾ ਨਿਕਲਦਾ ਹੋਵੇ ਜਾਂ ਫਿਰ ਭਗਵੰਤ ਮਾਨ ਜਿਸਨੂੰ ਵਪਾਰ ਤੇ ਉਦਯੋਗ ਬਾਰੇ ਪਤਾ ਹੀ ਕੱਖ ਨਹੀਂ ਤਾਂ ਤੁਸੀਂ ਕੀ ਆਸ ਕਰੋਗੇ ? ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਨਿਵੇਸ਼ ਸੰਮੇਲਨਾਂ ਵਿਚ ਮੁਕੇਸ਼ ਅੰਬਾਨੀ, ਗੌਤਮ ਅਡਾਨੀ ਤੇ ਟਾਟਾ ਗਰੁੱਪਾਂ ਵਰਗੇ ਸਿਖ਼ਰਲੇ ਗਰੁੱਪਾਂ ਦੇ ਮੁਖੀ ਭਾਗ ਲੈਂਦੇ ਰਹੇ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਕਪਿਲ ਸ਼ਰਮਾ ਵਰਗੇ ਹਾਸਰਸ ਕਲਾਕਾਰ ਨਿਵੇਸ਼ ਸੰਮੇਲਨ ਦੇ ਮੁਖ ਮਹਿਮਾਨ ਬਣਾ ਗਏ।

ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਮੌੜ ਦੇ ਹਾਲਾਤਾਂ ਦੀ ਪੂਰੀ ਜਾਣਕਾਰੀ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਕਸਬੇ ਵਿਚ ਬੁਨਿਆਦੀ ਢਾਂਚੇ ਦਾ ਸੁਧਾਰ ਕੀਤਾ। ਅਸੀਂ ਇਸਨੂੰ ਕਪੜਾ ਵਪਾਰ ਦਾ ਕੇਂਦਰ ਬਣਾਉਣਾ ਚਾਹੁੰਦੇ ਹਾਂ ਤੇ ਇਸ ਵਾਸਤੇ ਨਵੀਂ ਜਾਮਨਗਰ ਸੜਕ ਦਾ ਲਾਹਾ ਲਵਾਂਗੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਬਣਨ ’ਤੇ ਅਸੀਂ ਇਹ ਪਹਿਲਕਦਮੀ ਦੁਬਾਰਾ ਸ਼ੁਰੂ ਕਰਾਂਗੇ।

ਇਸ ਮੌਕੇ ਵਪਾਰੀ ਐਸੋਸੀਏਸ਼ਨ ਦੇ ਗੁਰਪ੍ਰੀਤ ਸਿੰਘ ਗੋਰਾ ਨੇ ਕਿਹਾ ਕਿ ਵਪਾਰੀਆਂ ਨੂੰ ਵੀ ਬੁਢਾਪਾ ਪੈਨਸ਼ਨ ਤੇ ਬੀਮਾ ਯੋਜਨਾ ਮਿਲਣੀ ਚਾਹੀਦੀ ਹੈ ਜਿਸ ’ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹ ਯੋਜਨਾ ਲਾਗੂ ਕੀਤੀ ਜਾਵੇਗੀ। ਵਪਾਰੀਆਂ ਨੂੰ 10 ਲੱਖ ਰੁਪਏ ਦਾ ਜੀਵਨ ਬੀਮਾ ਕਵਰ ਮਿਲੇਗਾ, 10 ਲੱਖ ਰੁਪਏ ਦਾ ਅਗਜ਼ਨੀ ਤੇ 10 ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰ ਜੀ ਐਸ ਟੀ ਵਿਭਾਗ ਤੋਂ ਮਿਲੇਗਾ।

ਇਸ ਮੌਕੇ ਵੱਖ-ਵੱਖ ਐਸੋਸੀਏਸ਼ਨਾਂ ਦੇ ਮੁਖੀਆਂ ਨੇ ਮੌੜ ਤੇ ਰਾਮਪੁਰਾ ਫੂਲ ਵਿਖੇ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ। ਇੰਡਸਟਰੀ ਐਸੋਸੀਏਸ਼ਨ ਦੇ ਮੰਗਤ ਰਾਏ ਨੇ ਛੋਟੇ ਉਦਯੋਗਾਂ ਵਾਸਤੇ ਜੀ ਐਸ ਟੀ ਤੋਂ 40 ਲੱਖ ਰੁਪਏ ਦੀ ਛੋਟ ਬਹੁਤ ਘੱਟ ਹੈ ਜੋ ਵਧਾ ਕੇ 1 ਕਰੋੜ ਰੁਪਏ ਕੀਤੀ ਜਾਣੀ ਚਾਹੀਦੀ ਹੈ। ਟਰਾਂਸਪੋਰਟ ਯੂਨੀਅਨ ਦੇ ਪ੍ਰਿਤਪਾਲ ਪਾਲੀ ਨੇ ਦੱਸਿਆ ਕਿ ਕਿਵੇਂ ਕਮਰਸ਼ੀਅਲ ਵਾਹਨਾਂ ’ਤੇ ਚਾਰ ਸਾਲਾਂ ਦਾ ਟੈਕਸ ਵਸੂਲਿਆ ਜਾ ਰਿਹਾ ਹੈ ਜਿਸ ਕਾਰਨ ਬਿਜ਼ਨਸ ਪ੍ਰਭਾਵਤ ਹੋ ਰਿਹਾ ਹੈ।

ਮੈਰਿਜ ਪੈਲੇਸ ਐਸੋਸੀਏਸ਼ਨ ਨੇ ਦੱਸਿਆ ਕਿ ਲੋਕਾਂ ਨੂੰ ਸਥਾਨਕ ਠੇਕੇਦਾਰਾਂ ਤੋਂ ਮਹਿੰਗੇ ਭਾਅ ਸ਼ਰਾਬ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਤਰੁੱਟੀ ਦੇ ਮਾਮਲੇ ਵਿਚ ਮੈਰਿਜ ਪੈਲੇਸ ਮਾਲਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।ਭੱਠਾ ਮਾਲਕ ਐਸੋਸੀਏਸ਼ਨ ਦੇ ਸੁਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਕਿਵੇਂ ਉਹਨਾਂ ਦੀ ਲਾਇਸੰਸ ਫੀਸ 30 ਹਜ਼ਾਰ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਮਾਇਨਿੰਗ ਵਿਭਾਗ ਦੇ ਅਫਸਰ ਭੱਠਾ ਮਾਲਕਾਂ ਨੂੰ ਬੇਲੋੜੀਂਦਾ ਤੰਗ ਪ੍ਰੇਸ਼ਾਨ ਕਰ ਰਹੇ ਹਨ।

ਸਰਦਾਰ ਬਾਦਲ ਨੇ ਸ਼ੈਲਕ ਮਾਲਕਾਂ ਨੂੰ ਵੀ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹ ਗੋਦਾਮਾਂ ਤੋਂ ਸਮੇਂ ਸਿਰ ਅਨਾਜ ਦੀ ਚੁਕਾਈ ਯਕੀਨੀ ਬਣਾਉਣਗੇ ਤੇ ਅਕਾਲੀ ਦਲ ਦੀ ਸਰਕਾਰ ਆੜ੍ਹਤੀਆਂ ਨੂੰ 2.5 ਫੀਸਦੀ ਕਮਿਸ਼ਨ ਦੇਣੀ ਯਕੀਨੀ ਬਣਾਵੇਗੀ ਜਿਵੇਂ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਮਿਲਦੀ ਸੀ। ਉਹਨਾਂ ਨੇ ਕੀਟਨਾਸ਼ਕਾਂ ਤੇ ਸੁਨਿਆਰਾ ਐਸੋਸੀਏਸ਼ਨ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਯਕੀਨੀ ਬਣਾਏਗੀ ਕਿ ਉਹਨਾਂ ਦੇ ਮੈਂਬਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਇਸ ਮੌਕੇ ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਮੋਹਿਤ ਗੁਪਤਾ ਤੇ ਅਮਿਤ ਕਪੂਰ ਵੀ ਹਾਜ਼ਰ ਸਨ।