ਸੰਤ ਸਮਾਜ ਨੇ ਡੱਡੂਮਾਜਰਾ ਦੇ ਮੁੜ ਵਿਕਸਿਤ ਕੀਤੇ ਡੰਪਿੰਗ ਗਰਾਊਂਡ ਨੂੰ ਹਰਾ-ਭਰਾ ਔਸ਼ਧੀ ਬਾਗ਼ ਬਣਾਉਣ ਲਈ ਗੋਦ ਲਿਆ

ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੈਗਾ ਪੌਦੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼; ਵਾਤਾਵਰਣ ਸੰਭਾਲ, ਆਯੁਰਵੇਦ ਅਤੇ ਨਸ਼ਾ-ਮੁਕਤ ਸਮਾਜ ਦਾ ਦਿੱਤਾ ਸੰਦੇਸ਼

ਮੇਅਰ ਸੌਰਭ ਜੋਸ਼ੀ ਦਾ ਸੰਕਲਪ – ‘ਕੂੜੇ ਤੋਂ ਹਰਿਆਲੀ ਦੀ ਦੌਲਤ ਤੱਕ, ਆਉਣ ਵਾਲੀਆਂ ਪੀੜ੍ਹੀਆਂ ਲਈ ਸਿਰਜਾਂਗੇ ਹਰਿਆ-ਭਰਿਆ ਵਿਰਸਾ’

ਵਾਤਾਵਰਣ ਦੀ ਸੰਭਾਲ, ਸ਼ਹਿਰ ਦੀ ਹਰਿਆਵਲ ਵਿੱਚ ਵਾਧਾ ਅਤੇ ਕੁਦਰਤੀ ਵਿਰਾਸਤ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਪਹਿਲਕਦਮੀ ਕਰਦਿਆਂ ਨਗਰ ਨਿਗਮ ਚੰਡੀਗੜ੍ਹ ਵੱਲੋਂ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਟਰੱਸਟ ਅਤੇ ਸੰਤ ਸਮਾਜ ਦੇ ਸਹਿਯੋਗ ਨਾਲ ਅੱਜ ਵਿਸ਼ਾਲ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਤਹਿਤ ਪੂਰੇ ਸ਼ਹਿਰ ਵਿੱਚ 3.50 ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦਾ ਉਦੇਸ਼ ਚੰਡੀਗੜ੍ਹ ਨੂੰ ‘ਹਰਬਲ ਗਾਰਡਨ ਸਿਟੀ’ ਵਜੋਂ ਵਿਕਸਿਤ ਕਰਨਾ ਹੈ।

ਇਸ ਪਹਿਲਕਦਮੀ ਦਾ ਸਭ ਤੋਂ ਅਹਿਮ ਪਹਿਲੂ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਵੱਲੋਂ ਡੱਡੂਮਾਜਰਾ ਦੇ ਮੁੜ ਵਿਕਸਿਤ ਕੀਤੇ ਗਏ ਡੰਪਿੰਗ ਗਰਾਊਂਡ ਨੂੰ ਸੰਤ ਸਮਾਜ ਵੱਲੋਂ ਗੋਦ ਲੈਣ ਦਾ ਐਲਾਨ ਕਰਨਾ ਰਿਹਾ। ਸੰਤ ਸਮਾਜ ਵੱਲੋਂ ਇਸ ਸਥਾਨ ਨੂੰ ਔਸ਼ਧੀ ਪੌਦਿਆਂ, ਦੇਸੀ ਰੁੱਖਾਂ ਅਤੇ ਸੁੰਦਰ ਹਰਿਆਲੀ ਨਾਲ ਭਰਪੂਰ ਇੱਕ ਵਿਸ਼ਾਲ ਹਰਾ-ਭਰਾ ਬਾਗ਼ ਬਣਾਉਣ ਦਾ ਸੰਕਲਪ ਲਿਆ ਗਿਆ ਹੈ। ਇਸ ਨਾਲ ਕਦੇ ਕੂੜੇ ਦੇ ਢੇਰ ਵਜੋਂ ਜਾਣਿਆ ਜਾਂਦਾ ਇਹ ਸਥਾਨ ਭਵਿੱਖ ਵਿੱਚ ਕੁਦਰਤੀ ਸੁੰਦਰਤਾ ਅਤੇ ਔਸ਼ਧੀ ਵਨਸਪਤੀ ਦਾ ਕੇਂਦਰ ਬਣੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਗਰ ਨਿਗਮ ਅਤੇ ਸੰਤ ਸਮਾਜ ਦੀ ਇਸ ਸਾਂਝੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦਾ ਸਾਂਝਾ ਫ਼ਰਜ਼ ਹੈ। ਉਨ੍ਹਾਂ ਆਯੁਰਵੇਦ ਅਤੇ ਔਸ਼ਧੀ ਪੌਦਿਆਂ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ ਸੰਤ ਸਮਾਜ ਅਤੇ ਸ਼ਹਿਰ ਵਾਸੀਆਂ ਨੂੰ ਕੁਦਰਤ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬ ਅਤੇ ਚੰਡੀਗੜ੍ਹ ਨੂੰ ਨਸ਼ਾ-ਮੁਕਤ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਨੌਜਵਾਨਾਂ ਨੂੰ ਉਸਾਰੂ, ਰਚਨਾਤਮਕ ਅਤੇ ਸਮਾਜ ਭਲਾਈ ਦੇ ਕਾਰਜਾਂ ਨਾਲ ਜੋੜਨ ਦੀ ਅਪੀਲ ਵੀ ਕੀਤੀ।

ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਨੇ ਭਾਰਤ ਦੀ ਪ੍ਰਾਚੀਨ ਆਯੁਰਵੈਦਿਕ ਪਰੰਪਰਾ ਅਤੇ ਔਸ਼ਧੀ ਪੌਦਿਆਂ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕਰਦਿਆਂ ਚੰਡੀਗੜ੍ਹ ਨੂੰ ‘ਹਰਬਲ ਗਾਰਡਨ ਸਿਟੀ’ ਬਣਾਉਣ ਦੇ ਉਦੇਸ਼ ਲਈ ਸੰਤ ਸਮਾਜ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪੌਦੇ ਲਗਾਉਣਾ, ਔਸ਼ਧੀ ਬਗੀਚਿਆਂ ਦਾ ਵਿਕਾਸ ਅਤੇ ਵਾਤਾਵਰਣ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ।

ਇਸ ਮੌਕੇ ਸੰਤ ਸਮਾਜ ਅਤੇ ਧਾਰਮਿਕ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਮੇਅਰ ਸ੍ਰੀ ਸੌਰਭ ਜੋਸ਼ੀ ਨੇ ਸਵਾਮੀ ਜੀ ਮਹਾਰਾਜ ਅਤੇ ਸਮੂਹ ਸੰਤ ਸਮਾਜ ਦਾ ਇਸ ਨੇਕ ਕਾਰਜ ਲਈ ਅੱਗੇ ਆਉਣ ਅਤੇ ਚੰਡੀਗੜ੍ਹ ਨੂੰ ਹੋਰ ਹਰਿਆ-ਭਰਿਆ ਬਣਾਉਣ ਵਿੱਚ ਸਹਿਯੋਗ ਦੇਣ ਲਈ ਦਿਲੋਂ ਧੰਨਵਾਦ ਕੀਤਾ।

ਮੇਅਰ ਨੇ ਕਿਹਾ, “ਸਾਡਾ ਉਦੇਸ਼ ਸਿਰਫ਼ 3.50 ਲੱਖ ਪੌਦੇ ਲਗਾਉਣਾ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਹਰਾ-ਭਰਿਆ ਵਿਰਸਾ ਸਿਰਜਣਾ ਹੈ। ਸਾਡਾ ਸੰਕਲਪ ਹੈ ਕਿ ਕੂੜੇ ਅਤੇ ਵਾਤਾਵਰਣ ਦੀਆਂ ਚੁਣੌਤੀਆਂ ਵਾਲੀਆਂ ਥਾਵਾਂ ਨੂੰ ਹਰਿਆਲੀ ਦੀ ਅਨਮੋਲ ਦੌਲਤ ਵਿੱਚ ਬਦਲਿਆ ਜਾਵੇ। ਡੱਡੂਮਾਜਰਾ ਦੇ ਮੁੜ ਵਿਕਸਿਤ ਕੀਤੇ ਡੰਪਿੰਗ ਗਰਾਊਂਡ ਨੂੰ ਔਸ਼ਧੀ ਬਾਗ਼ ਵਜੋਂ ਵਿਕਸਿਤ ਕਰਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਾਫ਼-ਸੁਥਰਾ, ਸਿਹਤਮੰਦ ਅਤੇ ਹਰਿਆ-ਭਰਿਆ ਚੰਡੀਗੜ੍ਹ ਦੇਣਾ ਚਾਹੁੰਦੇ ਹਾਂ।”

ਉਨ੍ਹਾਂ ਭਰੋਸਾ ਦਿਵਾਇਆ ਕਿ ਨਗਰ ਨਿਗਮ ਵੱਲੋਂ ਔਸ਼ਧੀ ਬਗੀਚਿਆਂ ਦੇ ਵਿਕਾਸ ਅਤੇ ਸ਼ਹਿਰ ਭਰ ਵਿੱਚ ਪੌਦੇ ਲਗਾਉਣ ਦੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਪ੍ਰਸ਼ਾਸਕ, ਮੇਅਰ ਅਤੇ ਸੰਤ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸਾਂਝੇ ਤੌਰ ‘ਤੇ ਪੌਦਿਆਂ ਨਾਲ ਭਰੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਪੌਦੇ ਸੰਤ ਸਮਾਜ ਵੱਲੋਂ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਬਾਅਦ ਸੈਕਟਰ 24-ਸੀ ਦੀ ਗ੍ਰੀਨ ਬੈਲਟ ਵਿੱਚ ਔਸ਼ਧੀ ਪੌਦੇ ਲਗਾ ਕੇ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਡੱਡੂਮਾਜਰਾ ਦੇ ਮੁੜ ਵਿਕਸਿਤ ਕੀਤੇ ਡੰਪਿੰਗ ਗਰਾਊਂਡ ਵਿੱਚ ਵੀ ਪੌਦੇ ਲਗਾਏ ਗਏ।

ਇਸ ਵਿਸ਼ਾਲ ਮੁਹਿੰਮ ਤਹਿਤ ਸ਼ਹਿਰ ਦੇ ਕਈ ਪ੍ਰਮੁੱਖ ਹਰੇ-ਭਰੇ ਸਥਾਨਾਂ ਵਿੱਚ ਪੌਦੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਰਾਮਲੀਲਾ ਗਰਾਊਂਡ, ਸੈਕਟਰ 24, ਬਾਂਸ ਵੈਲੀ ਸੈਕਟਰ 23, ਲੀਜ਼ਰ ਵੈਲੀ, ਸ਼ਾਂਤੀ ਕੁੰਜ, ਰਾਜਿੰਦਰਾ ਗਾਰਡਨ, ਜਾਪਾਨੀ ਗਾਰਡਨ, ਸ਼ਿਵਾਲਿਕ ਗਾਰਡਨ ਮਨੀਮਾਜਰਾ ਅਤੇ ਹੋਰ ਵੱਖ-ਵੱਖ ਗ੍ਰੀਨ ਬੈਲਟਾਂ ਸ਼ਾਮਲ ਹਨ। ਇਸ ਦੌਰਾਨ ਨਿੰਮ, ਆਂਵਲਾ, ਬਾਂਸ, ਵੱਖ-ਵੱਖ ਔਸ਼ਧੀ ਬੂਟੇ ਅਤੇ ਦੇਸੀ ਕਿਸਮਾਂ ਦੇ ਰੁੱਖ ਲਗਾਏ ਜਾਣਗੇ, ਜਿਸ ਨਾਲ ਸ਼ਹਿਰ ਦੇ ਹਰੇ-ਭਰੇ ਖੇਤਰ ਵਿੱਚ ਵਾਧਾ ਹੋਣ ਦੇ ਨਾਲ-ਨਾਲ ਜੈਵਿਕ ਵਿਭਿੰਨਤਾ ਨੂੰ ਵੀ ਹੁਲਾਰਾ ਮਿਲੇਗਾ।

ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਖ-ਵੱਖ ਧਾਰਮਿਕ ਸੰਪਰਦਾਵਾਂ, ਸੰਸਥਾਵਾਂ ਅਤੇ ਅਖਾੜਿਆਂ ਨਾਲ ਸਬੰਧਤ ਸੈਂਕੜੇ ਸੰਤਾਂ-ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਸਮਾਜ ਦੀ ਵਾਤਾਵਰਣ ਸੰਭਾਲ ਅਤੇ ਸਮਾਜ ਭਲਾਈ ਪ੍ਰਤੀ ਸਾਂਝੀ ਵਚਨਬੱਧਤਾ ਵੀ ਪ੍ਰਗਟ ਹੋਈ।

ਸਮਾਗਮ ਵਿੱਚ ਪ੍ਰਮੁੱਖ ਤੌਰ ‘ਤੇ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ (ਨਿਰਮਲ ਅਖਾੜਾ), ਸੰਤ ਬਾਬਾ ਗੁਰਪ੍ਰੀਤ ਸਿੰਘ ਜੀ (ਬਰਨ ਵਾਲੇ), ਸੰਤ ਬਾਬਾ ਲੱਖਾ ਸਿੰਘ ਜੀ (ਨਾਨਕਸਰ), ਸੰਤ ਬਾਬਾ ਜੋਗਾ ਸਿੰਘ ਜੀ (ਨਾਮਧਾਰੀ), ਸੰਤ ਬਾਬਾ ਸ਼ੇਰ ਸਿੰਘ ਜੀ (ਬੁੱਢਾ ਦਲ), ਬਾਬਾ ਪਰਮਜੀਤ ਸਿੰਘ ਜੀ (ਨਿਹੰਗ ਸਿੰਘ ਜਥੇਬੰਦੀ), ਸੰਤ ਬਾਬਾ ਸੁਖਪਾਲ ਸਿੰਘ ਜੀ (ਤਰਨਾ ਦਲ), ਸੰਤ ਬਾਬਾ ਸੁਖਦੇਵ ਸਿੰਘ ਜੀ (ਮਸਤੂਆਣਾ), ਸੰਤ ਬਾਬਾ ਸਤਪਾਲ ਸਿੰਘ ਜੀ (ਸੰਗਰੂਰ ਵਾਲੇ), ਸੰਤ ਬਾਬਾ ਹਕਮ ਸਿੰਘ ਜੀ ਅਤੇ ਸੰਤ ਬਾਬਾ ਰਣਪ੍ਰੀਤ ਸਿੰਘ ਜੀ (ਨਿਰਮਲ ਅਖਾੜਾ), ਸੰਤ ਬਾਬਾ ਹਰਮਨ ਸਿੰਘ ਜੀ (ਸਿਖੋਵਾਲੇ), ਸਾਈਂ ਨਾਥ ਜੀ (ਖੰਨਾ), ਮਹੰਤ ਜਸਵੀਰ ਦਾਸ ਜੀ (ਫਰੀਦਕੋਟ ਵਾਲੇ) ਅਤੇ ਸਵਾਮੀ ਕੇਸ਼ਵਾਨੰਦ ਜੀ ਸਮੇਤ ਹੋਰ ਸੰਤ-ਮਹਾਂਪੁਰਸ਼ ਮੌਜੂਦ ਸਨ।

ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸ੍ਰੀ ਅਮਿਤ ਕੁਮਾਰ, ਆਈ.ਏ.ਐੱਸ., ਮੁੱਖ ਇੰਜੀਨੀਅਰ ਸ੍ਰੀ ਸੰਜੇ ਅਰੋੜਾ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ, ਪਤਵੰਤੇ ਨਾਗਰਿਕ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਇਹ ਸਾਂਝੀ ਪਹਿਲਕਦਮੀ ਸੰਤ ਸਮਾਜ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਸਹਿਯੋਗ ਦੀ ਇੱਕ ਮਿਸਾਲ ਹੈ, ਜੋ ਅਧਿਆਤਮਿਕਤਾ, ਵਾਤਾਵਰਣ ਸੰਭਾਲ ਅਤੇ ਲੋਕ ਭਾਗੀਦਾਰੀ ਨੂੰ ਇੱਕ ਮੰਚ ‘ਤੇ ਲਿਆਉਂਦੀ ਹੈ। 3.50 ਲੱਖ ਪੌਦੇ ਲਗਾਉਣ ਦਾ ਟੀਚਾ ਅਤੇ ਡੱਡੂਮਾਜਰਾ ਦੇ ਮੁੜ ਵਿਕਸਿਤ ਡੰਪਿੰਗ ਗਰਾਊਂਡ ਨੂੰ ਔਸ਼ਧੀ ਬਾਗ਼ ਵਿੱਚ ਤਬਦੀਲ ਕਰਨ ਦੀ ਯੋਜਨਾ ਚੰਡੀਗੜ੍ਹ ਨੂੰ ਹੋਰ ਸਾਫ਼, ਸੁੰਦਰ, ਸਿਹਤਮੰਦ ਅਤੇ ਵਾਤਾਵਰਣ ਪੱਖੋਂ ਖੁਸ਼ਹਾਲ ਬਣਾਉਣ ਵੱਲ ਇੱਕ ਅਹਿਮ ਕਦਮ ਹੈ।

***