ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੰਜਾਬ ਨੂੰ ਕੇਂਦਰ ਨਾਲ ਗੱਲ ਗੱਲ ਤੇ ਵਿਵਾਦ ਖੜੇ ਕਰਨ ਵਾਲੀ ਨਹੀਂ ਸਗੋਂ ਭਾਰਤ ਸਰਕਾਰ ਨਾਲ ਸਹਿਚਾਰ ਨਾਲ ਚੱਲਣ ਵਾਲੀ ਸਰਕਾਰ ਚਾਹੀਦੀ ਹੈ।

ਖੇਤ ਬਚਾਓ ਅਭਿਆਨ ਤਹਿਤ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਦੌਰੇ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਕੇਂਦਰ ਤੱਕ ਕਿਸੇ ਪ੍ਰੋਜੈਕਟ ਲਈ ਪਹੁੰਚ ਕਰਦੀ ਹੈ ਤਾਂ ਬਿਨਾਂ ਸ਼ੱਕ ਕੇਂਦਰ ਸਰਕਾਰ ਵੱਲੋਂ ਮਦਦ ਕੀਤੀ ਜਾਂਦੀ ਹੈ ਅਤੇ ਇਸਦੀ ਉਦਾਹਰਨ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਹਨ।

ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿੱਚ ਸੁਨੀਲ ਜਾਖੜ ਨੇ ਲਿਖਿਆ ਹੈ ਕਿ
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਸ “ਸਹਿਕਾਰੀ ਸੰਘਵਾਦ” ਦੀ ਸੋਚ ਦੀ ਗੱਲ ਕਰਦੇ ਹਨ ਉਹ ਅੱਜ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ “ਖੇਤ ਬਚਾਓ ਅਭਿਆਨ” ਦੇ ਤਹਿਤ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਹਾਲੀ ਜ਼ਿਲੇ ਦੇ ਕਿਸਾਨਾਂ ਨਾਲ ਚਰਚਾ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਪ੍ਰਧਾਨ ਮੰਤਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਪੰਜਾਬ ਸਰਕਾਰ ਵੱਲੋਂ ਮੰਗੇ ਹੋਰ ਸੱਤ ਪ੍ਰੋਜੈਕਟਾਂ ਲਈ 352 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਵੀ ਕੀਤਾ ਅਤੇ ਮੌਕੇ ਤੇ ਹੀ ਪ੍ਰਵਾਨਗੀ ਪੱਤਰ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਸੌਂਪਿਆ।

ਸਹਿਕਾਰੀ ਸੰਘਵਾਦ ਰਾਹੀਂ ਵੀ ਸਰਵ ਪੱਖੀ ਵਿਕਾਸ ਸੰਭਵ ਹੈ। ਜੇਕਰ ਆਪ ਸਰਕਾਰ ਦੇ ਮੁੱਖ ਮੰਤਰੀ ਤੇ ਹੋਰ ਮੰਤਰੀ ਵੀ ਖੁੱਡੀਆਂ ਜੀ ਵਾਂਗ ਭਾਰਤ ਸਰਕਾਰ ਕੋਲ ਪ੍ਰੋਜੈਕਟ ਲੈਕੇ ਜਾਂਦੇ ਤਾਂ ਕੋਈ ਕਾਰਨ ਨਹੀਂ ਸੀ ਕਿ ਕੋਈ ਖਾਲੀ ਹੱਥ ਮੁੜਦਾ।
ਪੰਜਾਬ ਨੂੰ ਤਦ ਹੀ ਮੁਸ਼ਕਿਲਾਂ ਵਿੱਚੋਂ ਕੱਢਿਆ ਜਾ ਸਕਦਾ ਹੈ ਜੇਕਰ ਗੱਲ ਗੱਲ ਤੇ ਕੇਂਦਰ ਨਾਲ ਵਿਵਾਦ ਖੜੇ ਕਰਨ ਦੀ ਬਜਾਏ ਸਹਿਚਾਰ ਨਾਲ ਚੱਲਣ ਵਾਲੀ ਸਰਕਾਰ ਹੋਵੇ। ਇਸੇ ਲਈ ਹੁਣ ਪੰਜਾਬ ਦੇ ਲੋਕ ਪੰਜਾਬ ਵਿੱਚ ਡਬਲ ਇੰਜਣ ਸਰਕਾਰ ਚਾਹ ਰਹੇ ਹਨ।