10ਵਾਂ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਅੰਡਰ-17 (ਮੁੰਡੇ ਅਤੇ ਕੁੜੀਆਂ) 29 ਨਵੰਬਰ ਤੋਂ 2 ਦਸੰਬਰ 2026 ਤੱਕ ਸਥਾਨਕ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ, ਪੀ.ਏ.ਯੂ., ਲੁਧਿਆਣਾ ਵਿਖੇ ਖੇਡਿਆ ਜਾਵੇਗਾ। ਇਸ ਮੌਕੇ ਲੁਧਿਆਣਾ ਜ਼ਿਲ੍ਹੇ ਦੇ ਉੱਭਰਦੇ 5 ਖਿਡਾਰੀਆਂ ਅਤੇ 1 ਕੋਚ ਦਾ ਵੱਖ-ਵੱਖ ਐਵਾਰਡਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
1. 1982 ਏਸ਼ੀਅਨ ਖੇਡਾਂ ਜੇਤੂ ਸ਼ਰਨਜੀਤ ਕੌਰ ਐਵਾਰਡ
ਮੁੰਡੀਆਂ ਕਲਾਂ ਹਾਕੀ ਸੈਂਟਰ ਦੀ ਉੱਭਰਦੀ ਹਾਕੀ ਖਿਡਾਰਨ ਜੈਸਮੀਨ ਕੌਰ ਜਿਸ ਨੇ ਅੰਡਰ-17 ਵਰਗ ਵਿੱਚ ਕੌਮੀ ਸਕੂਲ ਹਾਕੀ ਚੈਂਪੀਅਨਸ਼ਿਪ ਰਾਂਚੀ ਵਿੱਚ ਹਿੱਸਾ ਲਿਆ ਅਤੇ 4 ਵਾਰ ਪੰਜਾਬ ਸਕੂਲ ਗੇਮਜ਼ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ। ਉਸ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਉਸਨੂੰ “1982 ਏਸ਼ੀਅਨ ਖੇਡਾਂ ਦੀ ਗੋਲਡ ਮੈਡਲਿਸਟ ਓਲੰਪੀਅਨ ਸ਼ਰਨਜੀਤ ਕੌਰ ਐਵਾਰਡ” ਨਾਲ ਸਨਮਾਨਿਆ ਜਾਵੇਗਾ।
2. ਅੰਤਰਰਾਸ਼ਟਰੀ ਗੋਲਕੀਪਰ ਹਰਜੋਤ ਸਿੰਘ ਜਯੋਤੀ ਐਵਾਰਡ
ਜਰਖੜ ਹਾਕੀ ਅਕੈਡਮੀ ਦੇ ਉੱਭਰਦੇ ਗੋਲਕੀਪਰ ਰਵਿੰਦਰ ਸਿੰਘ ਰਵੀ ਜਿਨ੍ਹਾਂ ਨੇ ਪੰਜਾਬ ਸਕੂਲ ਸਟੇਟ ਖੇਡਾਂ ਵਿੱਚ ਕਾਂਸੀ ਦਾ ਤਗਮਾ ਅਤੇ ਖੇਡਾਂ ਵਤਨ ਪੰਜਾਬ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ। ਉਹਨਾਂ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ “ਅੰਤਰਰਾਸ਼ਟਰੀ ਹਾਕੀ ਖਿਡਾਰੀ ਹਰਜੋਤ ਸਿੰਘ ਜਯੋਤੀ ਐਵਾਰਡ” ਨਾਲ ਸਨਮਾਨਿਆ ਜਾਵੇਗਾ।
3. ਕੌਮੀ ਹਾਕੀ ਖਿਡਾਰੀ ਰਛਪਾਲ ਸਿੰਘ ਨਾਗੀ ਐਵਾਰਡ
ਮਾਲਵਾ ਹਾਕੀ ਅਕੈਡਮੀ ਦੇ ਉੱਭਰਦੇ ਫੁੱਲਬੈਕ ਅਤੇ ਪੈਨਲਟੀ ਕਾਰਨਰ ਸਪੈਸ਼ਲਿਸਟ ਮਨਮੋਹਨ ਸਿੰਘ ਜਿਸ ਨੇ ਅੰਡਰ-14 ਵਰਗ ਵਿੱਚ ਕੌਮੀ ਹਾਕੀ ਚੈਂਪੀਅਨਸ਼ਿਪ ਖੇਡੀ ਅਤੇ ਸਟੇਟ ਪੱਧਰ ‘ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਉਹਨਾਂ ਨੂੰ “ਕੌਮੀ ਹਾਕੀ ਖਿਡਾਰੀ ਰਛਪਾਲ ਸਿੰਘ ਨਾਗੀ ਐਵਾਰਡ” ਨਾਲ ਸਨਮਾਨਿਆ ਜਾਵੇਗਾ।
4. ਓਲੰਪੀਅਨ ਹਰਦੀਪ ਸਿੰਘ ਗਰੇਵਾਲ ਐਵਾਰਡ
ਚਚਰਾੜੀ ਹਾਕੀ ਅਕੈਡਮੀ ਦੇ ਹੋਣਹਾਰ ਹਾਫ ਬੈਕ ਪ੍ਰਭਜੋਤ ਸਿੰਘ ਜਿਨ੍ਹਾਂ ਨੇ ਸਟੇਟ ਸਕੂਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ, ਖੇਡਾਂ ਵਤਨ ਪੰਜਾਬ ਅਤੇ ਹੋਰ ਖੇਡ ਮੁਕਾਬਲਿਆਂ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਉਹਨਾਂ ਨੂੰ ਹਾਫ ਬੈਕ ਵਜੋਂ “ਓਲੰਪੀਅਨ ਹਰਦੀਪ ਸਿੰਘ ਗਰੇਵਾਲ ਐਵਾਰਡ” ਨਾਲ ਸਨਮਾਨਿਆ ਜਾਵੇਗਾ।
5. ਓਲੰਪੀਅਨ ਬਲਵੀਰ ਸਿੰਘ ਰੇਲਵੇ ਐਵਾਰਡ
ਜਿਲ੍ਹਾ ਲੁਧਿਆਣਾ ਦੀ ਹਾਕੀ ਟੀਮ ਦੇ ਹੋਣਹਾਰ ਉੱਭਰਦੇ ਖਿਡਾਰੀ, ਜਰਖੜ ਹਾਕੀ ਅਕੈਡਮੀ ਦੇ ਟਰੇਨੀ ਅਤੇ ਪੈਨਲਟੀ ਕਾਰਨਰ ਸਪੈਸ਼ਲਿਸਟ ਫਾਰਵਰਡ ਗੁਰਮਾਨਵਦੀਪ ਸਿੰਘ ਚਾਹਲ ਜਿਨ੍ਹਾਂ ਨੇ 3 ਵਾਰ ਕੌਮੀ ਸਕੂਲ ਹਾਕੀ ਚੈਂਪੀਅਨਸ਼ਿਪ ਖੇਡੀ ਅਤੇ ਤਗਮੇ ਹਾਸਲ ਕੀਤੇ। ਉਹਨਾਂ ਨੂੰ “ਓਲੰਪੀਅਨ ਬਲਵੀਰ ਸਿੰਘ ਰੇਲਵੇ ਹਾਕੀ ਐਵਾਰਡ” ਨਾਲ ਸਨਮਾਨਿਆ ਜਾਵੇਗਾ।
6. ਪਦਮ ਸ਼੍ਰੀ, ਦਰੋਣਾਚਾਰੀਆ ਹਾਕੀ ਕੋਚ ਬਲਦੇਵ ਸਿੰਘ ਐਵਾਰਡ
ਲੁਧਿਆਣਾ ਜ਼ਿਲ੍ਹੇ ਦੇ ਚਰਚਿਤ ਪਿੰਡ ਕਿਲ੍ਹਾ ਰਾਏਪੁਰ ਦੇ ਨਾਮੀ ਖਿਡਾਰੀ ਅਤੇ ਲਵਲੀ ਯੂਨੀਵਰਸਿਟੀ ਦੇ ਚੀਫ ਕੋਚ ਜਗਜੀਤ ਸਿੰਘ ਜੱਗੀ ਜਿਨ੍ਹਾਂ ਦੀ ਕੋਚਿੰਗ ਸਦਕਾ ਲਵਲੀ ਯੂਨੀਵਰਸਿਟੀ ਨੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਹਾਕੀ ਕੋਚਿੰਗ ਵਿੱਚ ਉਹਨਾਂ ਦੀਆਂ ਵਡਮੁੱਲੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਉਹਨਾਂ ਨੂੰ “ਪਦਮ ਸ਼੍ਰੀ, ਦਰੋਣਾਚਾਰੀਆ ਹਾਕੀ ਕੋਚ ਬਲਦੇਵ ਸਿੰਘ ਐਵਾਰਡ” ਨਾਲ ਸਨਮਾਨਿਆ ਜਾਵੇਗਾ।
ਹਰ ਸਨਮਾਨਿਤ ਸ਼ਖਸੀਅਤ ਨੂੰ 5000 ਰੁਪਏ ਦੀ ਨਗਦ ਰਾਸ਼ੀ, ਐਵਾਰਡ, ਲੋਈ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ। ਉਕਤ ਐਵਾਰਡੀ ਸ਼ਖਸੀਅਤਾਂ ਆਪਣੇ ਹੱਥੀਂ ਹੀ ਇਹਨਾਂ ਉੱਭਰਦੇ ਖਿਡਾਰੀਆਂ ਅਤੇ ਕੋਚ ਨੂੰ ਐਵਾਰਡ ਪ੍ਰਦਾਨ ਕਰਨਗੇ।
ਜਗਰੂਪ ਸਿੰਘ ਜਰਖੜ
ਖੇਡ ਲੇਖਕ
98143-00722


