ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਸਲਿਲ ਕਪੂਰ ਨੇ ਅੰਮ੍ਰਿਤਸਰ ਦੀਆਂ ਬਦਹਾਲ ਸੜਕਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਉਦਯੋਗਿਕ ਖੇਤਰਾਂ ਦੀਆਂ ਸੜਕਾਂ ਦੀ ਹਾਲਤ ਬੇਹੱਦ ਖ਼ਰਾਬ ਹੈ, ਜਿਸ ਕਾਰਨ ਉਦਯੋਗਪਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਸੜਕਾਂ ਬਣਾਉਣ ਦੇ ਨਾਂ ਉੱਤੇ ਅੰਮ੍ਰਿਤਸਰ ਸੜਕੀ ਘੋਟਾਲਾ ਹੋ ਰਿਹਾ ਹੈ, ਜਿਸ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਕਪੂਰ ਨੇ ਕਿਹਾ ਕਿ ਨਾਗ ਕਲਾਂ ਅਤੇ ਬੱਲ ਕਲਾਂ ਉਦਯੋਗਿਕ ਖੇਤਰਾਂ ਵਿੱਚ ਸੜਕਾਂ ਦੇ ਨਿਰਮਾਣ ’ਤੇ 581.76 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ, ਪਰ ਇਸ ਕੰਮ ਵਿੱਚ ਕਥਿਤ ਤੌਰ ’ਤੇ ਘਟੀਆ ਨਿਰਮਾਣ ਸਮੱਗਰੀ ਦੀ ਵਰਤੋਂ ਹੋ ਰਹੀ ਹੈ। ਸਥਾਨਕ ਉਦਯੋਗਪਤੀਆਂ ਨੇ ਖੁਦ ਮੌਕੇ ’ਤੇ ਜਾ ਕੇ ਕੰਮ ਦਾ ਨਿਰੀਖਣ ਕੀਤਾ ਅਤੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਬਿਨਾਂ ਸਹੀ ਸਫ਼ਾਈ ਅਤੇ ਪਾਣੀ ਦਾ ਛਿੜਕਾਅ ਕੀਤੇ ਕੱਚੀ ਮਿੱਟੀ ਅਤੇ ਮਲਬੇ ਉੱਪਰ ਨਾਮਾਤਰ ਤਾਰਕੋਲ ਪਾਇਆ ਜਾ ਰਿਹਾ ਹੈ, ਜੋ ਹੱਥ ਲਗਾਉਂਦਿਆਂ ਹੀ ਉੱਖੜ ਰਿਹਾ ਹੈ। ਉਨ੍ਹਾਂ ਇਸ ਨੂੰ ਜਨਤਾ ਦੇ ਪੈਸੇ ਦੀ ਖੁੱਲ੍ਹੀ ਬਰਬਾਦੀ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਨਿਰਮਾਣ ਦਾ ਕੀ ਫਾਇਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਦੋ ਸਾਲ ਤੋਂ ਵੱਧ ਸਮੇਂ ਤੋਂ ਲਟਕਿਆ ਹੋਇਆ ਹੈ।

ਕਪੂਰ ਨੇ ਦੋਸ਼ ਲਾਇਆ ਕਿ ਮਨਜ਼ੂਰਸ਼ੁਦਾ ਲੇਆਉਟ ਦੀ ਅਣਦੇਖੀ ਕਰਦਿਆਂ ਕਈ ਮਹੱਤਵਪੂਰਨ ਉਦਯੋਗਿਕ ਗਲੀਆਂ ਵਿੱਚ ਕੰਮ ਸ਼ੁਰੂ ਹੀ ਨਹੀਂ ਕੀਤਾ ਗਿਆ, ਜਦਕਿ ਕਈ ਰਸਤੇ ਅਧੂਰੇ ਅਤੇ ਕੱਚੇ ਛੱਡ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਭ੍ਰਿਸ਼ਟਾਚਾਰ ਨਹੀਂ, ਸਗੋਂ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੰਭੀਰ ਲਾਪਰਵਾਹੀ ਹੈ।

ਉਨ੍ਹਾਂ ਠੇਕੇਦਾਰ ਦੇ ਸਾਰੇ ਚੱਲ ਰਹੇ ਬਿੱਲਾਂ ਅਤੇ ਅੰਤਿਮ ਭੁਗਤਾਨ ’ਤੇ ਤੁਰੰਤ ਰੋਕ ਲਗਾਉਣ, ਸੜਕਾਂ ਦੇ ਕੋਰ ਸੈਂਪਲ ਲੈ ਕੇ ਲੈਬਾਰਟਰੀ ਵਿੱਚ ਜਾਂਚ ਕਰਵਾਉਣ ਅਤੇ ਸੁਤੰਤਰ ਕੁਆਲਿਟੀ ਆਡਿਟ ਕਰਵਾਉਣ ਦੀ ਮੰਗ ਕੀਤੀ।
ਕਪੂਰ ਨੇ ਸਵਾਲ ਉਠਾਇਆ ਕਿ ਜਦੋਂ ਸੜਕਾਂ ਹੀ ਠੀਕ ਨਹੀਂ ਹੋਣਗੀਆਂ ਤਾਂ ਮਾਲ ਦੀ ਢੋਆ-ਢੁਆਈ ਕਿਵੇਂ ਹੋਵੇਗੀ ਅਤੇ ਉਦਯੋਗ ਕਿਵੇਂ ਚੱਲਣਗੇ? ਉਨ੍ਹਾਂ ਠੇਕੇਦਾਰ ਵਿਰੁੱਧ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਪੂਰੇ ਪ੍ਰੋਜੈਕਟ ਨੂੰ ਮਨਜ਼ੂਰਸ਼ੁਦਾ ਐਸਟੀਮੇਟ ਅਨੁਸਾਰ ਨਵੇਂ ਸਿਰੇ ਤੋਂ ਬਣਾਉਣ ਦੀ ਮੰਗ ਕੀਤੀ।