ਚੰਡੀਗੜ੍ਹ, 19 ਮਾਰਚ: ਪੰਜਾਬ ਕਾਂਗਰਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਲਵਪ੍ਰੀਤ ਸਿੰਘ ਕੋਲੋਂ 4.5 ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ‘ਚ ਕਿਸੇ ਕੇਂਦਰੀ ਏਜੰਸੀ ਵੱਲੋਂ ਸੁਤੰਤਰ ਅਤੇ ਡੂੰਘਾਈ ਨਾਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਇਸ ਗ੍ਰਿਫ਼ਤਾਰੀ ‘ਤੇ ਪ੍ਰਤੀਕਿਰਿਆ ਦਿੰਦਿਆਂ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਇਕ ਹੋਰ ਸਰਪੰਚ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਪੁਲਿਸ ‘ਤੇ ਵੱਡਾ ਪ੍ਰਭਾਵ ਹੋਣ ਕਰਕੇ ਸੁਤੰਤਰ ਜਾਂਚ ਕਰਵਾਉਣਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਜਾਂਚ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ, ਮਾਮਲੇ ਦੀ ਜਾਂਚ ਕੇਂਦਰ ਸਰਕਾਰ ਦੀ ਕਿਸੇ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ, ਕਿਹਾ ਕਿ ਕਾਂਗਰਸ ਲਗਾਤਾਰ ਇਹ ਕਹਿੰਦੀ ਆ ਰਹੀ ਹੈ ਕਿ ਪੰਜਾਬ ਵਿੱਚ ਨਸ਼ਿਆਂ ‘ਤੇ ਨੱਥ ਪਾਉਣ ਵਿੱਚ ਆਪ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਉਸਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵੀ ਪਾਰਟੀ ਦੀਆਂ ਹੋਰ ਯੋਜਨਾਵਾਂ ਵਾਂਗ ਝੂਠੀ ਸਾਬਤ ਹੋਈ ਹੈ।

ਵੜਿੰਗ ਨੇ ਕਿਹਾ ਕਿ ਅੱਜ ਦੀ ਗ੍ਰਿਫ਼ਤਾਰੀ ਨਾਲ ਆਪ ਦੇ ਉਹ ਦਾਅਵੇ ਬੇਨਕਾਬ ਹੋ ਗਏ ਹਨ, ਜਿਨ੍ਹਾਂ ‘ਚ ਇਹ ਕਹਿੰਦੇ ਸਨ ਕਿ ਸੂਬੇ ਵਿੱਚ ਨਸ਼ਿਆਂ ‘ਤੇ ਕਾਬੂ ਪਾ ਲਿਆ ਗਿਆ ਹੈ, ਜਦਕਿ ਇਨ੍ਹਾਂ ਦੀ ਨੱਕ ਹੇਠਾਂ ਹੀ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਵਰਗੇ ਲੋਕਾਂ ਨੂੰ ਪਨਾਹ ਦੇਣ ਦੀ ਜ਼ਿੰਮੇਵਾਰੀ ਤੋਂ ਆਪ ਦੀ ਲੀਡਰਸ਼ਿਪ ਭੱਜ ਨਹੀਂ ਸਕਦੀ ਹੈ।

×