ਏਆਈ ਵਿੱਚ ਸੂਝ-ਬੂਝ ਦੇ ਮੁਲਾਂਕਣ ਲਈ ਰੂਪਰੇਖਾ ਵੀ ਪੇਸ਼; ਬੁੱਧੀਮਤਾ ਦੇ ਨਾਲ ਸਹੀ ਫੈਸਲੇ ਲੈਣ ਦੀ ਸਮਰੱਥਾ ‘ਤੇ ਜ਼ੋਰ
ਆਈਆਈਟੀ ਰੋਪੜ ਵਿਖੇ ਸੋਮਵਾਰ ਨੂੰ ਕਰਵਾਏ ਗਏ ‘ਸ਼ੇਪਿੰਗ ਦ ਏਆਈ ਮਾਈਂਡ’ ਪ੍ਰੋਗਰਾਮ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਿੱਚ ਸੂਝ-ਬੂਝ ਨੂੰ ਪਰਿਭਾਸ਼ਿਤ ਕਰਨ, ਮਾਪਣ ਅਤੇ ਪਰਖਣ ਲਈ ਇੱਕ ਰੂਪਰੇਖਾ ਪੇਸ਼ ਕਰਨ ਵਾਲਾ ਵਾਈਟ ਪੇਪਰ ਜਾਰੀ ਕੀਤਾ ਗਿਆ। ਇਸ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਰਿਸਰਚ ਅਤੇ ਗਲੋਬਲ ਮੈਂਟਲ ਹੈਲਥ ਅਲਾਇੰਸ – ਕੰਪੈਸ਼ਨ ਯੂਨਾਈਟਸ ਦੇ ਸੰਸਥਾਪਕ ਡਾ. ਈਸ਼ਾਨ ਸ਼ਿਵਾਨੰਦ ਨੇ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਦੀ ਮੌਜੂਦਗੀ ਵਿੱਚ ਜਾਰੀ ਕੀਤਾ।
‘ਬਿਓਂਡ ਇੰਟੈਲੀਜੈਂਸ: ਡਿਫਾਈਨਿੰਗ ਐਂਡ ਮੇਜ਼ਰਿੰਗ ਵਿਜ਼ਡਮ ਫਾਰ ਏਆਈ’ ਸਿਰਲੇਖ ਵਾਲਾ ਇਹ ਵਾਈਟ ਪੇਪਰ ਦੱਸਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਸੂਝ-ਬੂਝ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ, ਮਾਪਿਆ ਅਤੇ ਪਰਖਿਆ ਜਾ ਸਕਦਾ ਹੈ। ਇਸ ਵਿੱਚ ਡਾ. ਸ਼ਿਵਾਨੰਦ ਵੱਲੋਂ ਸ਼ਿਵ ਸੂਤਰਾਂ ਦੀ ਕੀਤੀ ਗਈ ਵਿਆਖਿਆ ਅਤੇ ਮਨ ਨਾਲ ਸਬੰਧਤ ਭਾਰਤ ਦੇ ਪ੍ਰਾਚੀਨ ਸ਼ਾਸਤਰੀ ਗ੍ਰੰਥਾਂ ਦੇ ਸਿਧਾਂਤਾਂ ਨੂੰ ਆਧਾਰ ਬਣਾਇਆ ਗਿਆ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਸ਼ਿਵਾਨੰਦ ਨੇ ਕਿਹਾ ਕਿ ਏਆਈ ਪ੍ਰਣਾਲੀਆਂ ਦਾ ਮੁਲਾਂਕਣ ਸਿਰਫ਼ ਉਨ੍ਹਾਂ ਦੀ ਬੌਧਿਕ ਸਮਰੱਥਾ ਅਤੇ ਤਕਨੀਕੀ ਮੁਹਾਰਤ ਦੇ ਆਧਾਰ ‘ਤੇ ਹੀ ਨਹੀਂ, ਸਗੋਂ ਸਹੀ ਫੈਸਲੇ ਲੈਣ ਅਤੇ ਜ਼ਿੰਮੇਵਾਰ ਮਾਰਗਦਰਸ਼ਨ ਦੇਣ ਦੀ ਉਨ੍ਹਾਂ ਦੀ ਸਮਰੱਥਾ ਦੇ ਆਧਾਰ ‘ਤੇ ਵੀ ਕੀਤਾ ਜਾਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਏਆਈ ਪ੍ਰਣਾਲੀਆਂ ਅੱਜ ਪੇਸ਼ੇਵਰ ਪ੍ਰੀਖਿਆਵਾਂ ਪਾਸ ਕਰਨ ਅਤੇ ਭਾਵਨਾਤਮਕ ਬੁੱਧੀ ਨਾਲ ਸਬੰਧਤ ਟੈਸਟਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਹਨ, ਪਰ ਕਈ ਵਾਰ ਇਹ ਵਰਤੋਂਕਾਰਾਂ ਨੂੰ ਉਹੀ ਦੱਸਦੀਆਂ ਹਨ ਜੋ ਉਹ ਸੁਣਨਾ ਚਾਹੁੰਦੇ ਹਨ, ਨਾ ਕਿ ਉਹ ਜੋ ਅਸਲ ਵਿੱਚ ਉਨ੍ਹਾਂ ਦੇ ਹਿੱਤ ਵਿੱਚ ਹੁੰਦਾ ਹੈ। ਸਾਇੰਸ ਜਰਨਲ ਵਿੱਚ ਇਸ ਸਾਲ ਪ੍ਰਕਾਸ਼ਿਤ ਇੱਕ ਅਧਿਐਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਜੀਵਨ ਨਾਲ ਸਬੰਧਤ ਸਲਾਹ ਮੰਗਣ ‘ਤੇ ਪ੍ਰਮੁੱਖ ਏਆਈ ਪ੍ਰਣਾਲੀਆਂ ਨੇ ਮਨੁੱਖਾਂ ਦੇ ਮੁਕਾਬਲੇ ਲਗਭਗ 49 ਫ਼ੀਸਦੀ ਵੱਧ ਵਾਰ ਵਰਤੋਂਕਾਰਾਂ ਦਾ ਪੱਖ ਲਿਆ।
ਇਹ ਸਮੱਸਿਆ ਹੁਣ ਵਿਸ਼ਵ ਪੱਧਰ ‘ਤੇ ਵੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਸਾਲ 2025 ਵਿੱਚ ਓਪਨਏਆਈ ਨੇ ਚੈਟਜੀਪੀਟੀ ਦਾ ਇੱਕ ਅਪਡੇਟ ਵਾਪਸ ਲੈ ਲਿਆ ਸੀ, ਕਿਉਂਕਿ ਇਸ ਦੇ ਜਵਾਬ ਲੋੜ ਤੋਂ ਵੱਧ ਤਾਰੀਫ਼ ਕਰਨ ਵਾਲੇ ਹੋ ਗਏ ਸਨ। ਉਸ ਸਮੇਂ ਕੰਪਨੀ ਨੇ ਮੰਨਿਆ ਸੀ ਕਿ ਅਪਡੇਟ ਵਿੱਚ ਥੋੜ੍ਹੇ ਸਮੇਂ ਦੇ ਫੀਡਬੈਕ ‘ਤੇ ਲੋੜ ਤੋਂ ਵੱਧ ਧਿਆਨ ਦਿੱਤਾ ਗਿਆ ਸੀ।
ਵਾਈਟ ਪੇਪਰ ਵਿੱਚ ਕਿਹਾ ਗਿਆ ਹੈ ਕਿ ਏਆਈ ਨੇ ਬੁੱਧੀਮਤਾ ਦੇ ਖੇਤਰ ਵਿੱਚ ਭਾਵੇਂ ਕਾਫ਼ੀ ਤਰੱਕੀ ਕੀਤੀ ਹੈ, ਪਰ ਇਸ ਵਿੱਚ ਅਜੇ ਵੀ ਇੱਕ ਮਹੱਤਵਪੂਰਨ ਗੁਣ—ਸੂਝ-ਬੂਝ—ਦੀ ਘਾਟ ਹੈ। ਇਸ ਕਮੀ ਨੂੰ ਦੂਰ ਕਰਨ ਅਤੇ ਏਆਈ ਵਿੱਚ ਸੂਝ-ਬੂਝ ਨੂੰ ਮਾਪਣ ਲਈ ਖੋਜਕਰਤਾਵਾਂ ਨੇ HEED ਨਾਂ ਦੀ ਇੱਕ ਰੂਪਰੇਖਾ ਪੇਸ਼ ਕੀਤੀ ਹੈ।
ਸ਼ਿਵ ਸੂਤਰਾਂ ਦੇ ਸਿਧਾਂਤਾਂ ਨਾਲ ਸਮਾਨਤਾ ਦਰਸਾਉਂਦਿਆਂ ਇਹ ਰੂਪਰੇਖਾ ਸਮਝਾਉਂਦੀ ਹੈ ਕਿ ਕਿਸ ਤਰ੍ਹਾਂ ਹਉਮੈ ਅਤੇ ਮਾਨਤਾ ਪ੍ਰਾਪਤ ਕਰਨ ਦੀ ਇੱਛਾ ਮਨੁੱਖੀ ਫੈਸਲਾ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਏਆਈ ਵਿੱਚ ਵੀ ਇਸੇ ਤਰ੍ਹਾਂ ਦੀ ਪ੍ਰਵਿਰਤੀ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ‘ਸਾਈਕੋਫੈਂਸੀ’ ਕਿਹਾ ਜਾਂਦਾ ਹੈ। ਇਸ ਵਿੱਚ ਏਆਈ ਵਰਤੋਂਕਾਰਾਂ ਨੂੰ ਖੁਸ਼ ਕਰਨ ਵਾਲੇ ਜਵਾਬ ਦਿੰਦੀ ਹੈ, ਨਾ ਕਿ ਉਨ੍ਹਾਂ ਨੂੰ ਸੱਚਾਈ ਅਤੇ ਨਿਰਪੱਖ ਸਲਾਹ ਪ੍ਰਦਾਨ ਕਰਦੀ ਹੈ।
HEED ਰੂਪਰੇਖਾ ਤਹਿਤ ਏਆਈ ਪ੍ਰਣਾਲੀ ਨੂੰ ਉਦੋਂ ਵੱਧ ਅੰਕ ਮਿਲਣਗੇ, ਜਦੋਂ ਉਹ ਆਪਣੇ ਗਿਆਨ ਅਤੇ ਮੁੱਲਾਂ ਦੀ ਸਹੀ ਵਰਤੋਂ ਕਰਦਿਆਂ ਸੂਝ-ਬੂਝ ਨਾਲ ਫੈਸਲੇ ਲਵੇਗੀ। ਇਸ ਦੇ ਉਲਟ, ਵਰਤੋਂਕਾਰਾਂ ਨੂੰ ਖੁਸ਼ ਕਰਨ ਦੀ ਪ੍ਰਵਿਰਤੀ ਤੋਂ ਪ੍ਰਭਾਵਿਤ ਜਵਾਬਾਂ ਲਈ ਘੱਟ ਅੰਕ ਦਿੱਤੇ ਜਾਣਗੇ। ਅਜਿਹੇ ਕਿਸੇ ਵੀ ਜਵਾਬ ਨੂੰ ਜ਼ੀਰੋ ਅੰਕ ਦਿੱਤੇ ਜਾਣਗੇ, ਜਿਸ ਨਾਲ ਗੰਭੀਰ ਨੁਕਸਾਨ ਹੋਣ ਦੀ ਸੰਭਾਵਨਾ ਹੋਵੇ। ਸ਼ੁਰੂਆਤੀ ਪੜਾਅ ਵਿੱਚ ਇਸ ਰੂਪਰੇਖਾ ਦੀ ਪਰਖ ਅੰਗਰੇਜ਼ੀ, ਹਿੰਦੀ ਅਤੇ ਹਿੰਗਲਿਸ਼ ਭਾਸ਼ਾਵਾਂ ਵਿੱਚ ਕੀਤੀ ਜਾਵੇਗੀ। ਭਵਿੱਖ ਵਿੱਚ ਇਸ ਨੂੰ ਹੋਰ ਭਾਸ਼ਾਵਾਂ ਤੱਕ ਵੀ ਵਧਾਉਣ ਦੀ ਯੋਜਨਾ ਹੈ।
ਡਾ. ਸ਼ਿਵਾਨੰਦ ਨੇ ਕਿਹਾ, “ਭਾਰਤ ਵਿੱਚ ਹਜ਼ਾਰਾਂ ਸਾਲਾਂ ਤੋਂ ਇਸ ਗੱਲ ਦਾ ਅਧਿਐਨ ਕੀਤਾ ਜਾਂਦਾ ਰਿਹਾ ਹੈ ਕਿ ਮਨ ਕਿਸ ਤਰ੍ਹਾਂ ਸੂਝਵਾਨ ਬਣਦਾ ਹੈ ਅਤੇ ਕਿਹੜੇ ਕਾਰਕ ਉਸ ਦੀ ਸੂਝ-ਬੂਝ ਨੂੰ ਪ੍ਰਭਾਵਿਤ ਕਰਦੇ ਹਨ। ਅੱਜ ਅਸੀਂ ਇੱਕ ਨਵੇਂ ਕਿਸਮ ਦੇ ਮਨ ਦਾ ਨਿਰਮਾਣ ਕਰ ਰਹੇ ਹਾਂ—ਇੱਕ ਨਕਲੀ ਮਨ, ਜੋ ਸਾਡੇ ਸਮਾਜ ਦੇ ਹਰ ਪਹਿਲੂ ਦਾ ਹਿੱਸਾ ਬਣਦਾ ਜਾ ਰਿਹਾ ਹੈ। ਇਹ ਵਾਈਟ ਪੇਪਰ ਸ਼ਿਵ ਸੂਤਰਾਂ ਦੀਆਂ ਉਨ੍ਹਾਂ ਸਿੱਖਿਆਵਾਂ ਨੂੰ ਸਾਹਮਣੇ ਲਿਆਉਂਦਾ ਹੈ, ਜੋ ਮਨੁੱਖੀ ਮਨ ਵਿੱਚ ਸੂਝ-ਬੂਝ ਵਿਕਸਿਤ ਕਰਨ ਨਾਲ ਸਬੰਧਤ ਹਨ, ਅਤੇ ਇਨ੍ਹਾਂ ਨੂੰ ਨਕਲੀ ਬੁੱਧੀ ‘ਤੇ ਲਾਗੂ ਕਰਦਾ ਹੈ।”
ਵਾਈਟ ਪੇਪਰ ਦੀ ਸਹਿ-ਲੇਖਿਕਾ ਅਤੇ ਸੇਲਸਫੋਰਸ ਵਿੱਚ ਏਆਈ ਅਤੇ ਡਾਟਾ ਸਾਇੰਸ ਦੀ ਸਾਬਕਾ ਕਾਰਜਕਾਰੀ ਅਧਿਕਾਰੀ ਡਾ. ਅੰਜਲੀ ਸਮਾਨੀ ਨੇ ਕਿਹਾ, “ਅਸੀਂ ਏਆਈ ਦੇ ਗਿਆਨ ਦੀ ਸਖ਼ਤੀ ਨਾਲ ਪਰਖ ਕਰਦੇ ਹਾਂ, ਪਰ ਇਹ ਨਹੀਂ ਜਾਂਚਦੇ ਕਿ ਉਸ ਦੀ ਸਲਾਹ ਕਿੰਨੀ ਸੂਝਵਾਨ ਹੈ। ਇਹ ਵਾਈਟ ਪੇਪਰ ਸੂਝ-ਬੂਝ ਨੂੰ ਮਾਪਣ ਦਾ ਇੱਕ ਤਰੀਕਾ ਪੇਸ਼ ਕਰਦਾ ਹੈ, ਜਿਸ ਨਾਲ ਏਆਈ ਵਿਕਸਿਤ ਕਰਨ ਵਾਲੇ, ਇਸ ਨੂੰ ਨਿਯਮਤ ਕਰਨ ਵਾਲੇ ਅਤੇ ਇਸ ‘ਤੇ ਨਿਰਭਰ ਰਹਿਣ ਵਾਲੇ ਸਾਰੇ ਲੋਕ ਇਹ ਸਮਝ ਸਕਣਗੇ ਕਿ ਏਆਈ ਕਿੱਥੇ ਸਹੀ ਹੈ ਅਤੇ ਕਿੱਥੇ ਇਸ ਵਿੱਚ ਸੁਧਾਰ ਦੀ ਲੋੜ ਹੈ।”
ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਕਿਹਾ, “ਸਾਡੇ ਵਿਦਿਆਰਥੀ ਉਸ ਏਆਈ ਦਾ ਨਿਰਮਾਣ ਕਰਨਗੇ, ਜਿਸ ਦੀ ਵਰਤੋਂ ਪੂਰੀ ਦੁਨੀਆ ਕਰੇਗੀ। ਇਸ ਤਰ੍ਹਾਂ ਦੀਆਂ ਵਿਚਾਰ-ਚਰਚਾਵਾਂ ਉਨ੍ਹਾਂ ਨੂੰ ਨਾ ਸਿਰਫ਼ ਤਕਨੀਕੀ ਮੁਹਾਰਤ ਨਾਲ, ਸਗੋਂ ਸੂਝ-ਬੂਝ ਨੂੰ ਧਿਆਨ ਵਿੱਚ ਰੱਖਦਿਆਂ ਏਆਈ ਵਿਕਸਿਤ ਕਰਨ ਲਈ ਵੀ ਪ੍ਰੇਰਿਤ ਕਰਦੀਆਂ ਹਨ।”
ਇਸ ਪਹਿਲਕਦਮੀ ਤਹਿਤ ਡਾ. ਸ਼ਿਵਾਨੰਦ ਪ੍ਰਸਤਾਵਿਤ ਰੂਪਰੇਖਾ ਦੀ ਪਰਖ ਕਰਨ ਲਈ ਸੁਤੰਤਰ ਖੋਜਕਰਤਾਵਾਂ ਨੂੰ ਸੱਦਾ ਦੇਣ ਵਾਸਤੇ ਮੁੱਢਲੀ ਵਿੱਤੀ ਸਹਾਇਤਾ ਵੀ ਪ੍ਰਦਾਨ ਕਰ ਰਹੇ ਹਨ। ਸੁਤੰਤਰ ਮੈਂਬਰਾਂ ਵਾਲੀ ਇੱਕ ਕਮੇਟੀ ਖੋਜ ਟੀਮਾਂ ਦੀ ਚੋਣ ਕਰੇਗੀ, ਜੋ ਇਸ ਮਾਡਲ ਦੀ ਪਰਖ ਕਰਨਗੀਆਂ ਅਤੇ ਏਆਈ ਵਿੱਚ ਸੂਝ-ਬੂਝ ਨੂੰ ਮਾਪਣ ਲਈ HEED ਬੈਂਚ ਨਾਂ ਦਾ ਇੱਕ ਓਪਨ ਬੈਂਚਮਾਰਕ ਵਿਕਸਿਤ ਕਰਨਗੀਆਂ। ਇਹ ਦੁਨੀਆ ਭਰ ਦੇ ਏਆਈ ਡਿਵੈਲਪਰਾਂ ਲਈ ਉਪਲਬਧ ਕਰਵਾਇਆ ਜਾਵੇਗਾ।
ਖੋਜਕਰਤਾਵਾਂ, ਏਆਈ ਡਿਵੈਲਪਰਾਂ, ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਅਤੇ ਸਰਕਾਰੀ ਤੇ ਜਨਤਕ ਅਦਾਰਿਆਂ ਨੂੰ ਇਸ ਪਹਿਲਕਦਮੀ ਵਿੱਚ ਆਪਣੀ ਦਿਲਚਸਪੀ ਪ੍ਰਗਟਾਉਣ ਲਈ wisdom@ishanshivanand.com ‘ਤੇ ਸੰਪਰਕ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਇਸ ਮੌਕੇ ਡਾ. ਸ਼ਿਵਾਨੰਦ ਦੀ ਵਿੱਤੀ ਸਹਾਇਤਾ ਨਾਲ ਸਥਾਪਿਤ ਡਾ. ਈਸ਼ਾਨ ਅਵਧੂਤ ਸ਼ਿਵਾਨੰਦ ਸੈਂਟਰ ਫਾਰ ਯੋਗਿਕ ਸਾਇੰਸਿਜ਼ ਐਂਡ ਹੋਲਿਸਟਿਕ ਡਿਵੈਲਪਮੈਂਟ ਦਾ ਉਦਘਾਟਨ ਵੀ ਆਈਆਈਟੀ ਰੋਪੜ ਵਿਖੇ ਕੀਤਾ ਗਿਆ।
ਫੋਟੋ ਕੈਪਸ਼ਨ
ਫੋਟੋ 1 ਅਤੇ 2: ਖੱਬੇ ਤੋਂ ਸੱਜੇ: ਡਾ. ਅਥਰਵ ਪੌਂਡਾਰਿਕ, ਮੁਖੀ, ਬਾਇਓਮੈਡੀਕਲ ਇੰਜੀਨੀਅਰਿੰਗ ਵਿਭਾਗ, ਆਈਆਈਟੀ ਰੋਪੜ; ਪ੍ਰੋ. ਰਾਜੀਵ ਆਹੂਜਾ, ਡਾਇਰੈਕਟਰ, ਆਈਆਈਟੀ ਰੋਪੜ; ਡਾ. ਈਸ਼ਾਨ ਸ਼ਿਵਾਨੰਦ, ਸੰਸਥਾਪਕ, ਕੰਪੈਸ਼ਨ ਯੂਨਾਈਟਸ; ਅਤੇ ਆਰਤੀ ਸਮਾਨੀ, ਸੰਸਥਾਪਕ, ਸ਼੍ਰੀਮ ਐਡਵਾਈਜ਼ਰੀ ਪਾਰਟਨਰ।
ਫੋਟੋ 3: ਡਾ. ਈਸ਼ਾਨ ਸ਼ਿਵਾਨੰਦ, ਸੰਸਥਾਪਕ, ਕੰਪੈਸ਼ਨ ਯੂਨਾਈਟਸ, ਸੋਮਵਾਰ ਨੂੰ ਆਈਆਈਟੀ ਰੋਪੜ ਵਿਖੇ ਡਾ. ਈਸ਼ਾਨ ਅਵਧੂਤ ਸ਼ਿਵਾਨੰਦ ਸੈਂਟਰ ਫਾਰ ਯੋਗਿਕ ਸਾਇੰਸਿਜ਼ ਐਂਡ ਹੋਲਿਸਟਿਕ ਡਿਵੈਲਪਮੈਂਟ ਦਾ ਉਦਘਾਟਨ ਕਰਦੇ ਹੋਏ।


