-ਟਵੀਟ ਕਰ ਪੁੱਛਿਆ ਕਿ ਕੀ ਦਾਲ ਵਿਚ ਕੁਝ ਕਾਲਾ ਹੈ
-ਮੁੱਖ ਮੰਤਰੀ ਦੇ ਚਿਹਰੇ ਨਾਲ ਮਿਲਦੀ ਵੀਡੀਓ ਦੀ ਵੀ ਮੁੜ ਜਾਂਚ ਮੰਗੀ
ਚੰਡੀਗੜ੍ਹ, 13 ਜਨਵਰੀ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਪੁਲਿਸ ਵੱਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸੀ ਨਾਲ ਸਬੰਧਤ ਵੀਡੀਓ ਦੀ ਇਕ ਦਿਨ ਵਿਚ ਫੌਰੈਂਸਿਕ ਜਾਂਚ ਕਰਨ ਵਾਲੇ ਕੇਸ ਵਿਚ ਦਿੱਲੀ ਵਿਧਾਨ ਸਭਾ ਵੱਲੋਂ ਤਲਬ ਕਰਨ ਤੇ ਹੋਰ ਸਮਾਂ ਮੰਗੇ ਜਾਣ ਤੇ ਤੰਜ ਕਸਦਿਆਂ ਕਿਹਾ ਹੈ ਕਿ ਜੇਕਰ ਜਾਂਚ 1 ਦਿਨ ਵਿਚ ਹੋ ਸਕਦੀ ਹੈ ਤਾਂ ਵਿਧਾਨ ਸਭਾ ਨੂੰ ਜਵਾਬ ਭੇਜਣ ਲਈ ਇੰਨ੍ਹਾਂ ਜਿਆਦਾ ਸਮਾਂ ਕਿਉਂ ਚਾਹੀਦਾ ਹੈ।
ਉਨ੍ਹਾਂ ਨੇ ਇਸ ਸਬੰਧੀ ਅੱਜ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਲਿਖਿਆ ਹੈ, “ਜਿਸ ਪੰਜਾਬ ਪੁਲਿਸ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਵਿਡੀਓ ਦੀ 1 ਦਿਨ ਵਿਚ ਫੋਰੈਂਸਿਕ ਜਾਂਚ ਕਰ ਲਈ ਸੀ, ਉਹ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ 48 ਘੰਟੇ ਵਿਚ ਕੀਤੀ ਜਵਾਬ ਤਲਬੀ ਦਾ ਉੱਤਰ ਦੇਣ ਲਈ 10 ਦਿਨ ਦਾ ਸਮਾਂ ਮੰਗ ਰਹੀ ਹੈ। ਤੇ ਦੂਜੇ ਪਾਸੇ ਅਸੀਂ ਲਗਾਤਾਰ ਮੁੱਖ ਮੰਤਰੀ ਦੇ ਚੇਹਰੇ ਨਾਲ ਮਿਲਦੀ ਜੁਲਦੀ ਵੀਡੀਓ ਦੀ ਜਾਂਚ ਦੀ ਮੰਗ ਕਰ ਰਹੇ ਹਾਂ, ਉਸ ਸਬੰਧੀ ਪੁਲਿਸ ਚੁੱਪ ਕਿਉਂ ਹੈ। ਕੀ ਦਾਲ ਵਿਚ ਕੁਝ ਕਾਲਾ ਹੈ?
ਜਿਕਰਯੋਗ ਹੈ ਕਿ ਉਹ ਲਗਾਤਾਰ ਆਖ ਰਹੇ ਹਨ ਕਿ ਜੇਕਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸਬੰਧੀ ਵੀਡੀਓ ਦੀ ਪੰਜਾਬ ਪੁਲਿਸ ਇਕ ਦਿਨ ਵਿਚ ਜਾਂਚ ਕਰ ਸਕਦੀ ਹੈ ਤਾਂ ਮੁੱਖ ਮੰਤਰੀ ਨਾਲ ਮਿਲਦੇ ਜੁਲਦੇ ਚੇਹਰੇ ਵਾਲੀ ਆਪੱਤੀਜਨਕ ਵੀਡੀਓ ਦੀ ਜਾਂਚ ਕਿਉਂ ਨਹੀਂ ਕਰਵਾਈ ਜਾ ਰਹੀ ਹੈ ਅਤੇ ਲੋਕਤੰਤਰ ਦੀ ਹੱਤਿਆਂ ਕਰਨ ਦੇ ਇਰਾਦੇ ਵਾਲੀ ਪਟਿਆਲਾ ਪੁਲਿਸ ਦੀ ਆਡੀਓ ਦੀ ਜਾਂਚ ਕਿਉਂ ਨਹੀਂ ਕਰਵਾਈ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਨੇ ਡੀਜੀਪੀ ਪੰਜਾਬ ਨੁੰ ਇਕ ਚਿੱਠੀ ਵੀ ਲਿਖੀ ਹੈ ਅਤੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਵਰਗੇ ਚਿਹਰੇ ਵਾਲੀ ਵੀਡੀਓ ਦੀ ਫੌਰੈਂਸਿਕ ਜਾਂਚ ਕਰਵਾਈ ਜਾਵੇ।