ਰੇਲ ਕੋਚ ਫੈਕਟਰੀ ਦੇ ਸਾਬਕਾ ਨਾਮੀ ਕੌਮੀ ਖਿਡਾਰੀ ਅਤੇ ਸਰਜੀਤ ਹਾਕੀ ਦੇ ਰਹਿਨੁਮਾ,ਹਾਕੀ ਖੇਡ ਨੂੰ ਸਮਰਪਿਤ ਸ਼ਖਸੀਅਤ ਸੁਰਿੰਦਰ ਸਿੰਘ ਭਾਪਾ ਦਾ 16ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੌਰਾਨ ਦੇ 31 ਮਈ ਨੂੰ ਫਾਈਨਲ ਸਮਾਰੋਹ ਤੇ ਜਰਖੜ ਖੇਡ ਸਟੇਡੀਅਮ ਵਿਖੇ ਵਿਸ਼ੇਸ਼ ਸਨਮਾਨ ਹੋਵੇਗਾ।
ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਸੁਰਿੰਦਰ ਸਿੰਘ ਭਾਪਾਂ ਪਿਛਲੇ 40 ਸਾਲਾਂ ਤੋਂ ਖੇਡਾਂ ਦੀ ਸੇਵਾ ਕਰ ਰਹੇ ਹਨ। ਉਹ ਰੇਲ ਕੋਚ ਫੈਕਟਰੀ ਤੋਂ ਖੇਡ ਵੈਲਫੇਅਰ ਅਫਸਰ ਦੇ ਅਹੁਦੇ ਤੇ ਸੇਵਾ ਨਿਭਾਉਂਦਿਆਂ ਉੱਚ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ ਹਨ ਅਤੇ ਸੁਰਜੀਤ ਹਾਕੀ ਟੂਰਨਾਮੈਂਟ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਮ ਤੇ ਲਿਜਾਣ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ । ਉਹਨਾਂ ਦਾ ਸਾਰਾ ਜੀਵਨ ਹੀ ਹਾਕੀ ਖੇਡ ਪ੍ਰਤੀ ਸਮਰਪਿਤ ਰਿਹਾ ਹੈ ਉਹਨਾਂ ਦੀਆਂ ਹਾਕੀ ਖੇਡ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਨੇ ਚੱਲ ਰਹੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਸਮਾਰੋਹ ਤੇ 31 ਮਈ ਨੂੰ ਸ਼ਾਮ 7 ਵਜੇ ਉਹਨਾਂ ਨੂੰ ਪੰਜਾਬ ਦਾ ਮਾਣ ਐਵਾਰਡ ਦੇ ਕੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਜਗਰੂਪ ਸਿੰਘ ਜਰਖੜ ਨੇ ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਸੁਰਿੰਦਰ ਸਿੰਘ ਭਾਪਾ ਦੀਆਂ ਖੇਡਾਂ ਪ੍ਰਤੀ ਖਾਸ ਕਰਕੇ ਹਾਕੀ ਪ੍ਰਤੀ ਉਹਨਾਂ ਦੀਆਂ ਦਿੱਤੀਆਂ ਸੇਵਾਵਾਂ ਨੂੰ ਦੇਖਦਿਆਂ ਉਹਨਾਂ ਨੂੰ ਪਦਮ ਸ੍ਰੀ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇ।

×