* ਪ੍ਰੈੱਸ ਅਜ਼ਾਦੀ ਦਿਵਸ ਮੌਕੇ ਪੱਤਰਕਾਰਾਂ ‘ਤੇ ਹਮਲਿਆਂ, ਚੈਨਲਾਂ ਉਪਰ ਪਾਬੰਦੀਆਂ ਦੇ ਵਿਰੋਧ ਦਾ ਸੱਦਾ
ਰੋਪੜ, 27 ਅਪਰੈਲ
ਪੰਜਾਬ ਸਮੇਤ ਦੇਸ਼ ਭਰ ਵਿੱਚ ਪੱਤਰਕਾਰਾਂ ‘ਤੇ ਵੱਧ ਰਹੇ ਹਮਲਿਆਂ ਅਤੇ ਜ਼ੁਬਾਨ-ਬੰਦੀ ਲਈ ਚੈਨਲਾਂ ਉਪਰ ਪਾਬੰਦੀਆਂ ਲਾਉਣ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ 3 ਮਈ ਨੂੰ ਕੌਮਾਂਤਰੀ ਪ੍ਰੈੱਸ ਅਜ਼ਾਦੀ ਦਿਵਸ ਮੌਕੇ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਜਨਤਕ ਫ਼ੰਡਾਂ ਦੇ ਸਹਾਰੇ ਸਰਕਾਰੀ ਇਸ਼ਤਿਹਾਰ ਨੀਤੀ ਦੀ ਆਰਥਿਕ ਹਥਿਆਰ ਦੇ ਰੂਪ ਵਿੱਚ ਦੁਰਵਰਤੋਂ ਉਪਰ ਚਿੰਤਾ ਜ਼ਾਹਿਰ ਕਰਦਿਆਂ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਹੋਈ 11ਵੀਂ ਕੌਮੀ ਕਾਨਫ਼ਰੰਸ ਨੇ ਵੀ ਇਸ ਵਰਤਾਰੇ ਨੂੰ ਰੋਕਣ ਦੀ ਮੰਗ ਕੀਤੀ ਹੈ। ਆਗੂਆਂ ਨੇ ਪੱਤਰਕਾਰਾਂ ਅਤੇ ਡੈਸਕ ਸਟਾਫ਼ ਨੂੰ ਪੈਨਸ਼ਨ ਅਤੇ ਮੁਫ਼ਤ ਬੱਸ ਪਾਸ ਅਤੇ ਪੱਤਰਕਾਰਾਂ ਦੀ ਸਹਾਇਤਾ ਲਈ ਵਿਸ਼ੇਸ਼ ਫ਼ੰਡ ਕਾਇਮ ਕਰਨ, ਚੰਡੀਗੜ੍ਹ ਵਿੱਚ ਪੱਤਰਕਾਰਾਂ ਲਈ ਰਹਾਇਸ਼ੀ ਮਕਾਨ 15 ਤੋਂ ਵਧਾ ਕੇ 50 ਕਰਨ ਅਤੇ ਜ਼ਿਲ੍ਹਿਆਂ ਵਿੱਚ ਪੱਤਰਕਾਰਾਂ ਨੂੰ ਰਿਹਾਇਸ਼ ਸਮੇਤ ਹੋਰ ਅਹਿਮ ਮੰਗਾਂ ਬਾਰੇ ਟਾਲਮਟੋਲ ਵਿਰੁੱਧ ਚਿਤਾਵਨੀ ਦਿੱਤੀ ਅਤੇ ਜਥੇਬੰਦੀ ਵੱਲੋਂ ਭਗਵੰਤ ਮਾਨ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਫ਼ੈਸਲਾ ਵੀ ਕੀਤਾ ਗਿਆ। ਰੋਪੜ ਵਿੱਚ ਜਥੇਬੰਦੀ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੂਬਾਈ ਚੇਅਰਮੈਨ ਬਲਬੀਰ ਜੰਡੂ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਨੇ ਵੀ ਸੰਬੋਧਨ ਕੀਤਾ।
ਪ੍ਰਸਿੱਧ ਫ਼ੋਟੋ ਜਰਨਲਿਸਟ ਰਘੂ ਰਾਏ, ਰਾਮਪੁਰਾ ਫੂਲ ਦੇ ਪੱਤਰਕਾਰ ਜਤਿੰਦਰ ਸੰਧੂ ਦੀ ਬੇਵਕਤ ਮੌਤ ਤੋਂ ਇਲਾਵਾ ਪੰਜਾਬ ਦੇ ਕਈ ਪੱਤਰਕਾਰਾਂ ਦੇ ਨਜ਼ਦੀਕੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਅਤੇ ਪ੍ਰੀਤਮ ਸਿੰਘ ਰੁਪਾਲ ਨੂੰ ਡਿਜੀਟਲ ਮੀਡੀਆ ਬਾਰੇ ਸਬ-ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਅਤੇ ਜਲਦ ਹੀ ਵਿਸਤਰਿਤ ਰਿਪੋਰਟ ਪੇਸ਼ ਕਰਨ ਦੀ ਜ਼ਿੰਮੇਵਾਰ ਸੌਂਪੀ ਗਈ। ਯੂਨੀਅਨ ਵੱਲੋਂ ਮਾਲਵਾ, ਮਾਝਾ ਅਤੇ ਦੁਆਬਾ ਖੇਤਰਾਂ ਵਿੱਚ ਸੈਮੀਨਾਰ ਕਰਨ ਦਾ ਫ਼ੈਸਲਾ ਕੀਤਾ ਗਿਆ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ, ਜਥੇਬੰਦਕ ਸਕੱਤਰ ਦਵਿੰਦਰ ਭੰਗੂ, ਐਨ.ਪੀ ਧਵਨ, ਜਸਵੰਤ ਥਿੰਦ, ਜਗਸੀਰ ਸੰਧੂ, ਅਮਰਪਾਲ ਬੈਂਸ, ਪ੍ਰਭਾਤ ਭੱਟੀ, ਜਗਤਾਰ ਭੁੱਲਰ, ਭੁਪਿੰਦਰ ਮਲਿਕ, ਮਨਪ੍ਰੀਤ ਮੱਲੇਆਣਾ, ਗਗਨਦੀਪ ਅਰੋੜਾ, ਬੀਰਪਾਲ ਭਗਤਾ, ਗੁਰਤੇਜ ਸਿੱਧੂ, ਬਲਵਿੰਦਰ ਭੰਗੂ, ਨਵਕਾਂਤ ਭੈਰੋਮਾਜਰਾ, ਹਰਜੀਤ ਸਿੰਘ ਕਪੂਰਥਲਾ ਸਮੇਤ ਕਈ ਪੱਤਰਕਾਰ ਆਗੂਆਂ ਨੇ ਚਰਚਾ ਵਿੱਚ ਭਾਗ ਲਿਆ। ਰੋਪੜ ਜ਼ਿਲ੍ਹਾ ਯੂਨਿਟ ਵੱਲੋਂ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਸਮੇਤ ਸੂਬਾਈ ਆਗੂਆਂ ਦਾ ਸਨਮਾਨ ਕੀਤਾ ਗਿਆ।