ਭਾਜਪਾ ਸਿੱਖਾਂ ਦੇ ਹਿੱਤਾਂ ਤੇ ਪੰਜਾਬ ਦੇ ਭਲੇ ਲਈ ਕੰਮ ਕਰਦੀ ਹੈ :-ਹਰਜੀਤ ਸਿੰਘ ਗਰੇਵਾਲ
ਕਿਸੇ ਵੀ ਪਾਰਟੀ ਜਾਂ ਸੰਸਥਾ ਨੇ ਸਿੱਖਾਂ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ,ਸਿਰਫ ਰਾਜਨੀਤੀ ਤੋਂ ਪ੍ਰੇਰਿਤ ਕੰਮ ਕੀਤੇ ,ਮਕਸਦ ਸਿਰਫ ਭਾਜਪਾ ਨੂੰ ਬਦਨਾਮ ਕਰਨਾ : ਹਰਜੀਤ ਗਰੇਵਾਲ
ਕਾਂਗਰਸ ਪਾਰਟੀ ਸਿੱਖਾਂ ਦੀ ਕਾਤਲ
ਪ੍ਰਧਾਨ ਮੰਤਰੀ ਮੋਦੀ ਸਿੱਖਾਂ ਦੇ ਜ਼ਖਮਾਂ ਉਤੇ ਮਲ੍ਹਮ ਲਗਾਉਣ ਦਾ ਉਪਰਾਲਾ ਕਰ ਰਹੇ ਹਨ : ਡਾਕਟਰ ਜਗਮੋਹਨ ਸਿੰਘ ਰਾਜੂ
ਚੰਡੀਗੜ੍ਹ, 23 ਸਤੰਬਰ :
ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਵਿਦੇਸ਼ ਵਿੱਚ ਸਿੱਖਾਂ ਨੂੰ ਲੈ ਕੇ ਦਿੱਤੇ ਬਿਆਨ ਉਤੇ ਭਾਰਤੀ ਜਨਤਾ ਪਾਰਟੀ ਨੇ ਅਹਿਮ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਉਤੇ ਤਿੱਖਾ ਹਮਲਾ ਕੀਤਾ। ਹਰਜੀਤ ਸਿੰਘ ਗਰੇਵਾਲ ਮੈਂਬਰ ਰਾਸ਼ਟਰੀ ਕਾਰਜਕਰਨੀ ,ਸਰਬਜੀਤ ਸਿੰਘ ਵਿਰਕ ਸਾਬਕਾ ਡੀਜੀਪੀ ,ਡਾਕਟਰ ਜਗਮੋਹਨ ਸਿੰਘ ਰਾਜੂ ਸੂਬਾ ਜਨਰਲ ਸਕੱਤਰ ਬੀਜੇਪੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਦਰਸ਼ਨ ਸਿੰਘ ਨੈਨੇਵਾਲ ਸੂਬਾ ਪ੍ਰਧਾਨ ਬੀਜੇਪੀ ਕਿਸਾਨ ਮੋਰਚਾ ,ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਹਾਜ਼ਰ ਸਨ।
ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਤੱਕ ਨਰਿੰਦਰ ਮੋਦੀ ਸਰਕਾਰ ਦੇ ਸ਼ਾਸਨ ਦੌਰਾਨ ਕਿਸੇ ਵੀ ਸਿੱਖ ਨੂੰ ਦੇਸ਼ ਵਿੱਚ ਕਿਤੇ ਜਾਣ ਦੀ ਕੋਈ ਮੁਸ਼ਕਿਲ ਨਹੀਂ ਹੋਈ, ਸਿਰਫ 1984 ਵਿੱਚ ਹੀ ਕਾਂਗਰਸ ਪਾਰਟੀ ਦੇ ਰਾਜ ਵਿੱਚ ਪੱਗਾਂ (ਪਗੜੀ) ਵਾਲਿਆਂ ਤੇ ਤਿੰਨ ਦਿਨ ਲਗਾਤਾਰ ਜ਼ੁਲਮ ਕੀਤੇ ਗਏ,ਜਦੋਂ ਸਿੱਖਾਂ ਨੂੰ ਦੇਖ ਦੇਖ ,ਲੱਭ ਲੱਭ ਕੇ ਸਾੜਿਆ ਗਿਆ।
ਇਹ ਸਭ ਕੁਝ ਰਾਜੀਵ ਗਾਂਧੀ ਦੇ ਬਿਆਨ ਤੋ ਬਾਅਦ ਸੰਯੋਜਿਤ ਤਰੀਕੇ ਨਾਲ ਸ਼ੁਰੂ ਹੋਇਆ ।ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਸੰਸਥਾ, ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨੇ ਸਿੱਖਾਂ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ, ਕੇਵਲ ਰਾਜਨੀਤੀ ਤੋਂ ਪ੍ਰੇਰਿਤ ਕੰਮ ਕੀਤੇ ਤੇ ਭਾਜਪਾ ਨੂੰ ਬਦਨਾਮ ਕਰਨ ਦਾ ਕੰਮ ਕੀਤਾ ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਦੇ ਕਦੇ ਕਈ ਸਿੱਖਿਆ ਸੰਸਥਾਵਾ ਵੱਲੋ ਪ੍ਰੀਖਿਆ ਸਮੇਂ ਸਿੱਖ ਵਿਦਿਆਰਥੀਆਂ ਦਾ ਕੜ੍ਹਾ, ਕਿਰਪਾਨ ਉਤਾਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਸ ਦਾ ਭਾਜਪਾ ਸਖਤ ਵਿਰੋਧ ਕਰਦੀ ਹੈ,ਅੱਗੇ ਤੋਂ ਅਜਿਹਾ ਨਾ ਹੋਵੇ ਇਸ ਲਈ ਨਿਯਮਾਂ ਵਿੱਚ ਬਦਲਾ ਕਰਵਾਵਾਂਗੇ ।ਉਨ੍ਹਾਂ ਕਿਹਾ ਕਿ ਅੱਜ ਤੱਕ ਰਾਹੁਲ ਗਾਂਧੀ ਜਾਂ ਕਿਸੇ ਨੇ ਵੀ ਇਸ ਸਬੰਧੀ ਸੰਬੰਧਿਤ ਅਦਾਰੇ ਨੂੰ ਪੱਤਰ ਤੱਕ ਨਹੀਂ ਲਿਖੇ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮੰਗ ਨੂੰ ਹੱਲ ਕਰਾਉਣ ਲਈ ਪਹਿਲਕਦਮੀ ਕਰੇਗੀ।
ਡਾਕਟਰ ਜਗਮੋਹਨ ਸਿੰਘ ਰਾਜੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਿੱਖਾਂ ਦੀ ਕਤਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦੀ ਸਮੇਂ ਵੀ ਰਾਹੁਲ ਗਾਂਧੀ ਦੇ ਪਰਿਵਾਰ ਨੇ ਪੰਜਾਬ ਨਾਲ ਧੋਖਾ ਕੀਤਾ। ਇਸ ਤੋਂ ਬਾਅਦ ਇੰਦਰਾ ਗਾਂਧੀ ਨੇ ਜੋ ਸਿੱਖਾਂ ਨਾਲ ਕੀਤਾ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸਿੱਖਾਂ ਉਤੇ ਜੋ ਕਤਲੇਆਮ ਕੀਤਾ, ਸਿੱਖਾਂ ਦੇ ਵਿਰੁੱਧ ਜੋ ਕੰਮ ਕੀਤੇ ਹੁਣ ਹੋਰ ਦੂਜੀਆਂ ਪਾਰਟੀਆਂ ਸਿਰ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਜ਼ਖਮਾਂ ਉਤੇ ਮਲ੍ਹਮ ਲਗਾਉਣ ਦਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਰਾਹੁਲ ਗਾਂਧੀ ਨੇ ਗੈਰ ਜ਼ਿੰਮੇਵਾਰ ਬਿਆਨ ਦਿੱਤਾ ਉਸ ਲਈ ਸਿੱਖਾਂ ਤੋਂ ਤੇ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।