ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰੀ ਮੰਤਰੀ ਨਾਇਡੂ ਨੂੰ ਭੇਜਿਆ ਮੰਗ ਪੱਤਰ
· ਸੁਰੱਖਿਆ ਸਕ੍ਰੀਨਿੰਗ ਦੌਰਾਨ ਸਿੱਖ ਯਾਤਰੀਆਂ ਦੇ ਧਾਰਮਿਕ ਚਿੰਨ੍ਹ ਉਤਾਰਨ ਤੋਂ ਰੋਕਣ ਦੀ ਮੰਗ
ਚੰਡੀਗੜ੍ਹ, 10 ਨਵੰਬਰ 2024 – ਵੱਖ-ਵੱਖ ਮੁਲਕਾਂ ਦੇ 31 ਰਾਸ਼ਟਰੀ ਸਿੱਖ ਸੰਗਠਨਾਂ ਦੀ ਨੁਮਾਇੰਦਾ ਜਥੇਬੰਦੀ, ਗਲੋਬਲ ਸਿੱਖ ਕੌਂਸਲ (ਜੀ.ਐੱਸ.ਸੀ.) ਨੇ ਸ਼ਹਿਰੀ ਹਵਾਈ ਉਡਾਣ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ.) ਦੇ ਹਾਲੀਆ ਨਿਰਦੇਸ਼ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿੱਚ ਭਾਰਤੀ ਹਵਾਈ ਅੱਡਿਆਂ ’ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਮੁੱਢਲੇ ਸਿੱਖ ਕਕਾਰਾਂ ਵਿੱਚੋਂ ਕਿਰਪਾਨ ਪਹਿਨਣ ਤੋਂ ਰੋਕਿਆ ਗਿਆ ਹੈ। ਜੀ.ਐੱਸ.ਸੀ. ਨੇ ਕਿਹਾ ਕਿ ਇਹ ਨਿਰਦੇਸ਼ ਦੇਸ਼ ਦੇ ਅਜਿਹੇ ਸਿੱਖ ਕਰਮਚਾਰੀਆਂ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਦਾ ਹੈ ਜਿਨ੍ਹਾਂ ਨੂੰ ਸੁਰੱਖਿਆ ਸਕ੍ਰੀਨਿੰਗ ਤੋਂ ਬਾਅਦ ਟਰਮੀਨਲ ਖੇਤਰਾਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਇਸ ਹੁਕਮ ਨਾਲ ਉਨ੍ਹਾਂ ਦੀਆਂ ਪੇਸ਼ੇਵਰ ਜ਼ਿੰਮੇਵਾਰੀਆਂ ’ਚ ਰੁਕਾਵਟ ਪੈਂਦੀ ਹੈ ਅਤੇ ਇੱਕ ਤਰ੍ਹਾਂ ਨਾਲ ਅੰਮ੍ਰਿਤਧਾਰੀ ਸਿੱਖਾਂ ਨੂੰ ਇਸ ਬਹਾਨੇ ਹਵਾਈ ਅੱਡਿਆਂ ਉੱਤੇ ਨੌਕਰੀਆਂ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਗਲੋਬਲ ਸਿੱਖ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ ਨੇ ਇਸ ਮੁੱਦੇ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਦਮੋਦਰ ਦਾਸ ਮੋਦੀ ਅਤੇ ਕੇਂਦਰੀ ਨਾਗਰਿਕ ਹਵਾਈ ਉਡਾਣ ਮੰਤਰੀ ਕਿੰਜਾਰਾਪੂ ਰਾਮ ਮੋਹਨ ਨਾਇਡੂ ਨੂੰ ਭੇਜੇ ਗਏ ਪੱਤਰ ਵਿਚ ਸਿੱਖਾਂ ਲਈ 30 ਅਕਤੂਬਰ 2024 ਨੂੰ ਜਾਰੀ ਬੀ.ਸੀ.ਏ.ਐਸ. ਦੇ ਇਸ ਚੋਣਵੇਂ ਵਿਸ਼ੇਸ਼ ਨਿਰਦੇਸ਼ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦਲੀਲ ਦਿੰਦਿਆਂ ਆਖਿਆ ਕਿ ਅੰਮ੍ਰਿਤਧਾਰੀ ਯਾਤਰੀਆਂ ਨੂੰ ਘਰੇਲੂ ਉਡਾਣਾਂ ਵਿੱਚ ਛੇ ਇੰਚ ਤੋਂ ਛੋਟੀ ਕਿਰਪਾਨ ਲਿਜਾਣ ਦੀ ਆਗਿਆ ਹੈ ਪਰ ਹਵਾਈ ਅੱਡਿਆਂ ਦੇ ਸੀਮਿਤ ਖੇਤਰਾਂ ਵਿੱਚ ਸਿੱਖ ਕਰਮਚਾਰੀਆਂ ਨੂੰ ਲਾਜ਼ਮੀ ਕਕਾਰ ਵਜੋਂ ਅਜਿਹੀ ਛੋਟੀ ਕਿਰਪਾਨ ਪਹਿਨਣ ਦੀ ਮਨਾਹੀ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਅਨੈਤਿਕ ਹੁਕਮ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਆਪਣਾ ਧਰਮ ਨਿਭਾਉਣ ਦੇ ਸੰਵਿਧਾਨਕ ਅਧਿਕਾਰਾਂ ਹੱਕਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਖੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਅਤੇ ਕਨੇਡਾ ਵਰਗੇ ਦੇਸ਼ਾਂ ਨੇ ਸੁਰੱਖਿਆ ਪ੍ਰੋਟੋਕਾਲ ਅਤੇ ਧਾਰਮਿਕ ਆਜ਼ਾਦੀ ਦੇ ਮੁੱਦੇ ਉੱਤੇ ਬਿਹਤਰ ਸੰਤੁਲਨ ਕਾਇਮ ਕਰਦਿਆਂ ਹਵਾਈ ਅੱਡਿਆਂ ਉੱਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਸੀਮਿਤ ਖੇਤਰਾਂ ਵਿੱਚ ਕਿਰਪਾਨ ਪਹਿਨਣ ਦੀ ਆਗਿਆ ਦਿੱਤੀ ਹੋਈ ਹੈ। ਇਸ ਕਰਕੇ ਜੀ.ਐੱਸ.ਸੀ. ਭਾਰਤ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਉਹ ਸਾਰੇ ਸਿੱਖ ਕਰਮਚਾਰੀਆਂ ਲਈ ਧਾਰਮਿਕ ਹੱਕ-ਹਕੂਕਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ ਲਈ ਉਸੇ ਤਰ੍ਹਾਂ ਦੀ ਇਕਸਾਰ ਸੰਤੁਲਿਤ ਪਹੁੰਚ ਅਪਣਾਵੇ।
ਜੀ.ਐੱਸ.ਸੀ. ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਬੀ.ਸੀ.ਏ.ਐਸ. ਦੇ ਆਦੇਸ਼ ’ਚੋਂ ਇਸ ਪਾਬੰਦੀ ਵਾਲੀ ਧਾਰਾ ਹਟਾਉਣ ਅਤੇ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕਕਾਰ ਵਜੋਂ ਛੋਟੀ ਕਿਰਪਾਨ ਪਹਿਨਣ ਦੀ ਆਗਿਆ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਧਾਰਮਿਕ ਹੱਕ-ਹਕੂਕਾਂ ਅਤੇ ਪੇਸ਼ੇਵਰ ਇੱਜ਼ਤ ਦੀ ਸੁਰੱਖਿਆ ਹੋ ਸਕੇ। ਕੌਂਸਲ ਦੀ ਪ੍ਰਧਾਨ ਕੰਵਲਜੀਤ ਕੌਰ ਨੇ ਇਹ ਵੀ ਕਿਹਾ ਕਿ ਭਾਰਤ ਵਰਗੇ ਵਿਭਿੰਨਤਾ ਅਤੇ ਸਮਾਨਤਾ ਵਾਲੇ ਦੇਸ਼ ਵਿਚ, ਜਿੱਥੇ ਵੱਡੀ ਗਿਣਤੀ ’ਚ ਸਿੱਖ ਰਹਿੰਦੇ ਹਨ, ਉੱਥੇ ਹਵਾਈ ਅੱਡਿਆਂ ਉੱਤੇ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਦੇ ਧਾਰਮਿਕ ਹੱਕਾਂ ਦੀ ਸੁਰੱਖਿਆ ਕਰਨੀ ਭਾਰਤ ਦੇ ਸੰਵਿਧਾਨਕ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਵਿੱਚ ਮੌਜੂਦ ਹੈ।
ਚਿੱਠੀ ਵਿੱਚ ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਭਾਰਤ ਤੋਂ ਵਿਦੇਸ਼ਾਂ ਲਈ ਯਾਤਰਾ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਨੂੰ ਗਲੇ ਵਿੱਚ ਪਹਿਨੀ ਛੋਟੀ ਕਿਰਪਾਨ, ਖੰਡਾ, ਕੜਾ ਅਤੇ ਕੰਘੇ ਵਰਗੇ ਹੋਰ ਧਾਰਮਿਕ ਚਿੰਨ੍ਹਾਂ ਨੂੰ ਸੁਰੱਖਿਆ ਸਕ੍ਰੀਨਿੰਗ ਦੌਰਾਨ ਅਕਸਰ ਉਤਾਰਨ ਲਈ ਕਿਹਾ ਜਾਂਦਾ ਹੈ ਜੋ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਆਦਰ-ਸਤਿਕਾਰ ਦੀ ਘਾਟ ਨੂੰ ਦਰਸਾਉਂਦਾ ਹੈ।
ਇਸ ਤੋਂ ਇਲਾਵਾ ਜੀ.ਐੱਸ.ਸੀ. ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਭਾਰਤੀ ਹਵਾਈ ਅੱਡਿਆਂ ’ਤੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਦੇ ਧਾਰਮਿਕ ਹੱਕ-ਹਕੂਕਾਂ ਦੀ ਸੁਰੱਖਿਆ ਲਈ ਅਵਾਜ਼ ਉਠਾਉਣ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਗਵਾਈ ਕਰਨ।