ਸਿਹਤ ਵਿਭਾਗ, ਯੂ.ਟੀ.
ਚੰਡੀਗੜ੍ਹ ਦੀ ‘ਟ੍ਰਾਂਸਜੈਂਡਰ ਟੀਕਾਕਰਣ ਅੰਬੈਸਡਰ’ ਪਹਿਲ ਨੂੰ ਭਾਈਚਾਰੇ ਵਿੱਚ ਟੀਕਾਕਰਣ ਬਾਰੇ ਜਾਗਰੂਕਤਾ ਵਧਾਉਣ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸ਼ਲਾਘਾ ਮਿਲੀ ਹੈ।
ਇਸ ਪਹਿਲ ਨੂੰ ਰਾਸ਼ਟਰੀ ਟੀਕਾਕਰਣ ਮੈਗਜ਼ੀਨ, ‘ਇਮਿਊਨਾਇਜ਼ੇਸ਼ਨ ਇੰਡੀਆ ਅਪਡੇਟਸ’ ਵਿੱਚ “ਬੈਸਟ ਸਟੇਟ ਇਨੋਵੇਸ਼ਨ” ਦੇ ਰੂਪ ਵਿੱਚ ਸਥਾਨ ਦਿੱਤਾ ਗਿਆ ਹੈ।

ਇਸ ਪਹਿਲ ਦੇ ਤਹਿਤ ਟੀਕਾਕਰਣ ਵਿਭਾਗ ਅਤੇ ਟ੍ਰਾਂਸਜੈਂਡਰ ਭਾਈਚਾਰੇ ਦੇ ਮੈਂਬਰ ਮਿਲ ਕੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੇ ਟੀਕਾਕਰਣ ਬਾਰੇ ਜਾਗਰੂਕਤਾ ਵਧਾ ਰਹੇ ਹਨ। ਪਰੰਪਰਾਗਤ ਤੌਰ ‘ਤੇ ਟ੍ਰਾਂਸਜੈਂਡਰ ਭਾਈਚਾਰੇ ਦੇ ਮੈਂਬਰ ਬੱਚੇ ਦੇ ਜਨਮ ਜਾਂ ਵਿਆਹ ਜਿਹੇ ਅਵਸਰਾਂ ‘ਤੇ ਪਰਿਵਾਰਾਂ ਨੂੰ ਅਸ਼ੀਰਵਾਦ ਦੇਣ ਲਈ ਉਨ੍ਹਾਂ ਦੇ ਘਰ ਜਾਂਦੇ ਹਨ। ਵਿਭਾਗ ਨੇ ਇਨ੍ਹਾਂ ਮੁਲਾਕਾਤਾਂ ਨੂੰ ਪਰਿਵਾਰਾਂ ਤੱਕ ਟੀਕਾਕਰਣ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਪਹੁੰਚਾਉਣ ਦੇ ਅਵਸਰ ਦੇ ਰੂਪ ਵਿੱਚ ਅਪਣਾਇਆ।

ਇਸ ਪਹਿਲ ਦੀ ਸ਼ੁਰੂਆਤ ਜੂਨ 2024 ਵਿੱਚ ਟ੍ਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ, ਉਨ੍ਹਾਂ ਦੇ ਗੁਰੂਆਂ ਅਤੇ ਪ੍ਰਮੁੱਖਾਂ ਨਾਲ ਮੀਟਿੰਗਾਂ ਨਾਲ ਹੋਈ। ਇਸ ਤੋਂ ਬਾਅਦ ਕਈ ਟ੍ਰੇਨਿੰਗ ਸੈਸ਼ਨ ਅਤੇ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਪ੍ਰਤੀਭਾਗੀਆਂ ਨੂੰ ਟੀਕਾਕਰਣ ਦੇ ਵਿਭਿੰਨ ਪਹਿਲੂਆਂ ਦੀ ਜਾਣਕਾਰੀ ਦਿੱਤੀ ਗਈ, ਤਾਕਿ ਉਹ ਘਰਾਂ ਵਿੱਚ ਜਾ ਕੇ ਪਰਿਵਾਰਾਂ ਨੂੰ ਜਾਗਰੂਕ ਕਰ ਸਕਣ। ਇਸ ਪਹਿਲ ਨੂੰ ਆਮ ਜਨਤਾ, ਮੀਡੀਆ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਭਰਪੂਰ ਸ਼ਲਾਘਾ ਮਿਲੀ ਹੈ।

ਇਸ ਸਕਾਰਾਤਮਕ ਪ੍ਰਤੀਕਿਰਿਆ ਤੋਂ ਉਤਸ਼ਾਹਿਤ ਹੋ ਕੇ ਵਿਭਾਗ ਨੇ ਇਸ ਮੁਹਿੰਮ ਵਿੱਚ “ਟੀਕਾਕਰਣ ਫੋਟੋ ਫ੍ਰੇਮ” ਦਾ ਨਵਾਂ ਘਟਕ ਜੋੜਿਆ ਹੈ। ਪਰੰਪਰਾ ਦੇ ਅਨੁਸਾਰ, ਪਰਿਵਾਰ ਆਪਣੇ ਘਰ ਆਉਣ ਵਾਲੇ ਟ੍ਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਨੂੰ ਪੈਸੇ, ਕੱਪੜੇ ਜਾਂ ਹੋਰ ਉਪਹਾਰ ਦਿੰਦੇ ਹਨ। ਹੁਣ ਇਸ ਪਹਿਲ ਦੇ ਤਹਿਤ ਟੀਕਾਕਰਣ ਅੰਬੈਸਡਰ ਵੀ ਚੰਡੀਗੜ੍ਹ ਸਿਹਤ ਵਿਭਾਗ ਵੱਲੋਂ
ਪਰਿਵਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਏ-4 ਆਕਾਰ ਦਾ ਫੋਟੋ ਫ੍ਰੇਮ ਤੋਹਫ਼ੇ ਵਜੋਂ ਭੇਟ ਕਰ ਰਹੇ ਹਨ।

ਇਸ ਫ੍ਰੇਮ ‘ਤੇ ‘ਰਾਸ਼ਟਰੀ ਟੀਕਾਕਰਣ ਪ੍ਰੋਗਰਾਮ’ ਅਤੇ ‘ਹੈਲੋ ਵੈਕਸੀ ਚੈਟਬੌਟ’ ਦੀ ਜਾਣਕਾਰੀ ਦਿੱਤੀ ਗਈ ਹੈ। ਚੈਟਬੌਟ ਦੇ ਜ਼ਰੀਏ ਮਾਪੇ ਅਤੇ ਅਭਿਭਾਵਕ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੇ ਟੀਕਾਕਰਣ ਨਾਲ ਸਬੰਧਿਤ ਜਾਣਕਾਰੀ ਚੌਬੀ ਘੰਟੇ ਪ੍ਰਾਪਤ ਕਰ ਸਕਦੇ ਹਨ। ਫ੍ਰੇਮ ਵਿੱਚ ਬੱਚੇ ਜਾਂ ਨਵਵਿਆਹੀ ਜੋੜੀ ਦੀ ਤਸਵੀਰ ਲਗਾਉਣ ਲਈ ਵੀ ਸਥਾਨ ਦਿੱਤਾ ਗਿਆ ਹੈ।

ਫ੍ਰੇਮ ਦੇ ਪਿੱਛੇ ਮਾਂ ਤੇ ਬਾਲ ਸੁਰੱਖਿਆ (ਐੱਮਸੀਪੀ) ਕਾਰਡ ਜਾਂ ਪੁਸਤਿਕਾ ਰੱਖਣ ਲਈ ਇੱਕ ਵਿਸ਼ੇਸ਼ ਪਾਕਟ ਬਣਾਈ ਗਈ ਹੈ।ਇਸ ਨਾਲ ਇਸ ਮਹੱਤਵਪੂਰਨ ਸਿਹਤ ਕਾਰਡ ਨੂੰ ਸੁਰੱਖਿਅਤ ਰੱਖਣ ਅਤੇ ਖੋਣ, ਜਾਂ ਇੱਧਰ-ਉੱਧਰ ਹੋਣ ਜਾਂ ਖਰਾਬ ਹੋਣ ਤੋਂ ਬਚਾਉਣ ਵਿੱਚ ਮਦਦ ਮਿਲਦੀ ਹੈ।

ਪਰਿਵਾਰਾਂ ਨੇ ਇਨ੍ਹਾਂ
ਫੋਟੋ ਫ੍ਰੇਮਾਂ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ ਹੈ। ਇਸ ਪਹਿਲ ਨੇ ਸਿਹਤ ਵਿਭਾਗ ਅਤੇ ਟ੍ਰਾਂਸਜੈਂਡਰ ਭਾਈਚਾਰੇ ਦੇ ਦਰਮਿਆਨ ਸਾਂਝੇਦਾਰੀ ਹੋਰ ਮਜ਼ਬੂਤ ​​ਹੋਈ ਹੈ। ਨਾਲ ਹੀ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਪਲਬਧ ਟੀਕਾਕਰਣ ਸੇਵਾਵਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਵੀ ਵਧਿਆ ਹੈ। ਵਿਭਾਗ ਦੇ ਅਨੁਸਾਰ, ਭਾਈਚਾਰੇ ਦੀ ਭਾਗੀਦਾਰੀ ‘ਤੇ ਅਧਾਰਿਤ ਅਜਿਹੇ ਨਵੀਨਤਮ ਉਪਰਾਲਿਆਂ ਨੇ ਚੰਡੀਗੜ੍ਹ ਵਿੱਚ ਸ਼ਤ-ਪ੍ਰਤੀਸ਼ਤ ਟੀਕਾਕਰਣ ਕਵਰੇਜ ਹਾਸਲ ਕਰਨ ਵਿੱਚ ਯੋਗਦਾਨ ਦਿੱਤਾ ਹੈ।