ਸਟੇਟ ਲੈਵਲ ਨੈਸ਼ਨਲ ਇਨਕਲੂਸਿਵ ਥੀਏਟਰ ਫੈਸਟੀਵਲ (ਐੱਨਆਈਟੀਐੱਫ) 2026 ਦੀ ਅੱਜ ਪੀਐੱਮ ਸ਼੍ਰੀ ਗਵਰਨਮੈਂਟ ਗਰਲਸ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 18, ਚੰਡੀਗੜ੍ਹ ਵਿੱਚ ਉਤਸ਼ਾਹ ਅਤੇ ਸਮਾਵੇਸ਼ਤਾ ਦੀ ਭਾਵਨਾ ਨਾਲ ਸ਼ੁਰੂਆਤ
ਹੋਈ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੀ ਸਰਪ੍ਰਸਤੀ ਵਿੱਚ ਆਯੋਜਿਤ ਇਹ ਫੈਸਟੀਵਲ ਦਿੱਵਯਾਂਗ ਅਤੇ ਹੋਰ ਬੱਚਿਆਂ ਨੂੰ ਥੀਏਟਰ ਦੇ ਜ਼ਰੀਏ ਆਪਣੀਆਂ ਭਾਵਨਾਵਾਂ ਵਿਅਕਤ ਕਰਨ, ਵਿਵਿਧਤਾ ਦਾ ਉਤਸਵ ਮਨਾਉਣ ਅਤੇ ਸਮਾਨ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਮੰਚ ਪ੍ਰਦਾਨ ਕਰਦਾ ਹੈ।
ਉਦਘਾਟਨੀ ਸਮਾਰੋਹ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਡਾਇਰੈਕਟਰ, ਸ਼੍ਰੀ ਨਿਤੀਸ਼ ਸਿੰਗਲਾ ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ। ਇਸ ਅਵਸਰ ‘ਤੇ ਡਿਪਟੀ ਡਾਇਰੈਕਟਰ ਸਕੂਲ ਐਜੂਕੇਸ਼ਨ ਸੁਸ਼੍ਰੀ ਬਿੰਦੂ ਅਰੋੜਾ; ਡਿਪਟੀ ਡਾਇਰੈਕਟਰ ਸਕੂਲ ਐਜੂਕੇਸ਼ਨ-IV ਸੁਸ਼੍ਰੀ ਨਿਰਮਲ ਸ਼ਰਮਾ; ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀ ਸੰਜੀਵ ਸਿੰਗਲਾ ਵੀ ਉਪਸਥਿਤ ਰਹੇ।
12 ਤੋਂ 15 ਅਕਤੂਬਰ 2026 ਤੱਕ ਆਯੋਜਿਤ ਇਸ ਚਾਰ ਦਿਨਾਂ ਦੇ ਸਟੇਟ ਲੈਵਲ ਫੈਸਟੀਵਲ ਵਿੱਚ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ
(ਸੀਡਬਲਿਊਐੱਸਐੱਨ) ਸਹਿਤ ਲਗਭਗ 400 ਵਿਦਿਆਰਥੀ ਹਿੱਸਾ ਲੈ ਰਹੇ ਹਨ। ਹਰ ਰੋਜ਼ ਪੰਜ ਟੀਮਾਂ ਆਪਣੀਆਂ ਪ੍ਰਸਤੁਤੀਆਂ ਦੇ ਜ਼ਰੀਏ ਰਚਨਾਤਮਕਤਾ, ਪ੍ਰਤਿਭਾ, ਆਤਮਵਿਸ਼ਵਾਸ ਅਤੇ ਮਿਲ ਕੇ ਕਾਰਜ ਕਰਨ ਦੀ ਭਾਵਨਾ ਦਾ ਪ੍ਰਦਰਸ਼ਨ ਕਰਨਗੀਆਂ। ਇਸ ਫੈਸਟੀਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਹਰੇਕ ਟੀਮ ਵਿੱਚ ਵਿਸ਼ੇਸ਼ ਜ਼ਰੂਰਤ ਵਾਲੇ ਅਤੇ ਹੋਰ ਬੱਚੇ ਮਿਲ ਕੇ ਹਿੱਸਾ ਲੈ ਰਹੇ ਹਨ। ਇਸ ਨਾਲ ਬੱਚਿਆਂ ਦੇ ਦਰਮਿਆਨ ਸਾਰਥਕ ਸੰਵਾਦ, ਆਪਸੀ ਸਮਝ ਅਤੇ ਅਪਣੱਤ ਦੀ ਭਾਵਨਾ ਨੂੰ ਹੁਲਾਰਾ ਮਿਲਦਾ ਹੈ।
ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਸਿੱਖਿਆ ਡਾਇਰੈਕਟਰ ਸ਼੍ਰੀ ਨਿਤੀਸ਼ ਸਿੰਗਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਤਮਵਿਸ਼ਵਾਸ ਅਤੇ ਉਤਸ਼ਾਹ ਨਾਲ ਪ੍ਰਸਤੁਤੀ ਦੇਣ ਲਈ ਪ੍ਰੋਤਸਾਹਿਤ ਕੀਤਾ। ਮੁਕਾਬਲੇ ਨਾਲੋਂ ਭਾਗੀਦਾਰੀ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਿੱਸਾ ਲੈਣਾ ਹੀ ਆਪਣੇ ਆਪ ਵਿੱਚ ਜਿੱਤ ਹੈ। ਉਨ੍ਹਾਂ ਨੇ ਸਾਰੇ ਸਕੂਲਾਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਅਧਿਕ ਤੋਂ ਅਧਿਕ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਹਿਲਾਂ ਬੱਚਿਆਂ ਨੂੰ ਆਪਣੀਆਂ ਸਮਰੱਥਾਵਾਂ ਨੂੰ ਪਹਿਚਾਣਨ ਅਤੇ ਜ਼ਰੂਰੀ ਜੀਵਨ ਕੌਸ਼ਲ ਵਿਕਸਿਤ ਕਰਨ ਦੇ ਮਹੱਤਵਪੂਰਨ ਅਵਸਰ ਪ੍ਰਦਾਨ ਕਰਦੀਆਂ ਹਨ।
ਡਾਇਰੈਕਟਰ ਨੇ ਕਿਹਾ ਕਿ ਐੱਨਆਈਟੀਐੱਫ ਜਿਹੇ ਸਮਾਵੇਸ਼ੀ ਪ੍ਰੋਗਰਾਮ ਕਲਾਤਮਕ ਅਭਿਵਿਅਕਤੀ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਸਹਿਯੋਗ, ਮਿਲ ਕੇ ਕਾਰਜ ਕਰਨ ਦੀ ਸਮਰੱਥਾ, ਸੰਵੇਦਨਸ਼ੀਲਤਾ, ਲੀਡਰਸ਼ਿਪ ਅਤੇ ਸਮਾਜਿਕ ਜ਼ਿੰਮੇਦਾਰੀ ਦੀ ਭਾਵਨਾ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਅਜਿਹੇ ਅਕਾਦਮਿਕ ਵਾਤਾਵਰਣ ਦੇ ਨਿਰਮਾਣ ‘ਤੇ ਜ਼ੋਰ ਦਿੱਤਾ, ਜਿੱਥੇ ਹਰੇਕ ਬੱਚਾ ਖ਼ੁਦ ਨੂੰ ਮਹੱਤਵਪੂਰਨ ਅਤੇ ਸਨਮਾਨਿਤ ਮਹਿਸੂਸ ਕਰੇ ਅਤੇ ਯੋਗਦਾਨ ਦੇਣ ਲਈ ਸਸ਼ਕਤ ਬਣੇ।
ਇਸ ਫੈਸਟੀਵਲ ਦਾ ਪ੍ਰੇਰਣਾਦਾਇਕ ਥੀਮ, “ਮੰਚ ‘ਤੇ ਇਕੱਠੇ, ਸਮਾਨਤਾ ਦੀ ਭਾਵਨਾ ਦੇ ਨਾਲ” ਹੈ। ਇਹ ਇਸ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਸਮਰੱਥਾਵਾਂ ਵਿੱਚ ਅੰਤਰ ਸਾਂਝੇ ਸੁਪਨਿਆਂ ਅਤੇ ਉਪਲਬਧੀਆਂ ਦੇ ਰਸਤੇ ਵਿੱਚ ਕਦੇ ਰੁਕਾਵਟ ਨਹੀਂ ਬਣਨਾ ਚਾਹੀਦਾ। ਥੀਏਟਰ ਅਤੇ ਪ੍ਰਦਰਸ਼ਨ ਕਲਾਵਾਂ ਦੇ ਜ਼ਰੀਏ ਵਿਦਿਆਰਥੀਆਂ ਨੂੰ ਮਿੱਤਰਤਾ ਵਧਾਉਣ, ਰੂੜ੍ਹੀਵਾਦੀ ਧਾਰਨਾਵਾਂ ਨੂੰ ਚੁਣੌਤੀ ਦੇਣ ਅਤੇ ਵਿਵਿਧਤਾ ਦਾ ਸਨਮਾਨ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
ਇਸ ਫੈਸਟੀਵਲ ਦਾ ਸਮਾਪਨ 15 ਅਕਤੂਬਰ 2026 ਨੂੰ ਹੋਵੇਗਾ। ਇਸ ਅਵਸਰ ‘ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਟੀਮ ਦੀ ਸਿਲੈਕਸ਼ਨ ਕੀਤੀ ਜਾਵੇਗੀ, ਜਿਸ ਨੂੰ
ਚੰਡੀਗੜ੍ਹ ਵਿੱਚ ਆਯੋਜਿਤ ਹੋਣ ਵਾਲੀ ਰਾਸ਼ਟਰੀ ਪੱਧਰ ਦੀ ਥੀਏਟਰ ਵਰਕਸ਼ਾਪ ਵਿੱਚ ਚੰਡੀਗੜ੍ਹ ਦੀ ਪ੍ਰਤੀਨਿਧਤਾ ਕਰਨ ਦੇ ਅਵਸਰ ਮਿਲੇਗਾ। ਇਸ ਨਾਲ ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਅਤੇ ਰਾਸ਼ਟਰੀ ਪੱਧਰ ‘ਤੇ ਸਮਾਵੇਸ਼ੀ ਥੀਏਟਰ ਨਾਲ ਜੁੜਨ ਦਾ ਮਹੱਤਵਪੂਰਨ ਮੰਚ ਪ੍ਰਾਪਤ ਹੋਵੇਗਾ।
ਨੈਸ਼ਨਲ ਇਨਕਲੂਸਿਵ ਥੀਏਟਰ ਫੈਸਟੀਵਲ 2026 ਸਮਾਵੇਸ਼ੀ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਹਰੇਕ ਬੱਚੇ ਨੂੰ ਹਿੱਸਾ ਲੈਣ, ਪ੍ਰਸਤੁਤੀ ਦੇਣ ਅਤੇ ਆਪਣੀ ਪ੍ਰਤਿਭਾ ਨਿਖਾਰਨ ਦਾ ਅਵਸਰ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਪਹਿਲ ਸੰਦੇਸ਼ ਦਿੰਦੀ ਹੈ ਕਿ ਜਦੋਂ ਬੱਚੇ ਇਕੱਠੇ ਸਿੱਖਦੇ ਅਤੇ ਪ੍ਰਸਤੁਤੀ ਦਿੰਦੇ ਹਨ, ਤਾਂ ਉਹ ਕਲਾਤਮਕ ਕੌਸ਼ਲ ਦੇ ਨਾਲ-ਨਾਲ ਇੱਕ ਸੰਵੇਦਨਸ਼ੀਲ, ਨਿਆਂਸੰਗਤ ਅਤੇ ਸਮਾਵੇਸ਼ੀ ਸਮਾਜ ਲਈ ਜ਼ਰੂਰੀ ਕਦਰਾਂ-ਕੀਮਤਾਂ ਨੂੰ ਵੀ ਵਿਕਸਿਤ ਕਰਦੇ ਹਨ।


