ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਸੈਕਟਰ-17, ਚੰਡੀਗੜ੍ਹ ਦੇ ਪਰੇਡ ਗਰਾਊਂਡ ਵਿਖੇ ਪੂਰੇ ਦੇਸ਼ ਭਗਤੀ ਦੇ ਜੋਸ਼ ਨਾਲ 79ਵਾਂ ਸੁਤੰਤਰਤਾ ਦਿਵਸ ਮਨਾਇਆ। ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਇਸ ਮੌਕੇ ਮੁੱਖ ਮਹਿਮਾਨ ਸਨ। ਪ੍ਰਸ਼ਾਸਕ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਹਥਿਆਰਬੰਦ ਬਲਾਂ ਦੇ ਸਾਰੇ ਮੈਂਬਰਾਂ ਦੀ ਯਾਦ ਵਿੱਚ ਬੌਗਨਵਿਲੀਆ ਗਾਰਡਨ ਦੇ ਯੁੱਧ ਸਮਾਰਕ ‘ਤੇ ਫੁੱਲਮਾਲਾ ਅਰਪਿਤ ਕੀਤੀ।

ਸਮਾਰੋਹ ਪਰੇਡ ਗਰਾਊਂਡ ਤੋਂ ਸ਼ੁਰੂ ਹੋਏ ਜਿੱਥੇ ਪ੍ਰਸ਼ਾਸਕ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਗਾਰਡ ਆਵ੍ ਆਨਰ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਸੁਤੰਤਰਤਾ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲੇ ਪੁਲਿਸ ਅਤੇ ਐੱਨਸੀਸੀ ਕੈਡਿਟਾਂ ਦੀਆਂ ਵੱਖ-ਵੱਖ ਟੁਕੜੀਆਂ ਦੁਆਰਾ ਮਾਰਚ ਪਾਸਟ ਕੀਤਾ ਗਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸਾਰੇ ਭਾਰਤੀਆਂ ਅਤੇ ਖਾਸ ਕਰਕੇ ਚੰਡੀਗੜ੍ਹ ਅਤੇ ਪੰਜਾਬ ਦੇ ਨਿਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਣਗਿਣਤ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਦਿੱਤੀ, ਖਾਸ ਕਰਕੇ ਸੁਤੰਤਰਤਾ ਸੰਗ੍ਰਾਮ ਵਿੱਚ ਪੰਜਾਬ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ।

ਪਰੇਡ ਗਰਾਊਂਡ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਆਤੰਕਵਾਦ ਦੇ ਖ਼ਿਲਾਫ਼ ਭਾਰਤ ਦੇ ਅਟੱਲ ਰੁਖ਼ ‘ਤੇ ਜ਼ੋਰ ਦਿੱਤਾ ਅਤੇ ਪਹਿਲਗਾਮ ਹਮਲੇ ਦੇ ਬਦਲੇ ਵਿੱਚ ਅਪ੍ਰੇਸ਼ਨ ਸਿੰਦੂਰ ਅਤੇ ਅਪ੍ਰੇਸ਼ਨ ਮਹਾਦੇਵ (Operation Sindoor and Operation Mahadev) ਸਮੇਤ ਤੇਜ਼ ਅਤੇ ਨਿਰਣਾਇਕ ਮਿਲਿਟਰੀ ਪ੍ਰਤੀਕਿਰਿਆਵਾਂ ਦੀ ਸ਼ਲਾਘਾ ਕੀਤੀ।

ਮਹਾਨ ਕ੍ਰਾਂਤੀਕਾਰੀਆਂ ਨੂੰ ਯਾਦ ਕਰਦੇ ਹੋਏ, ਪ੍ਰਸ਼ਾਸਕ ਨੇ ਮਹਾਤਮਾ ਗਾਂਧੀ, ਡਾ. ਬੀ.ਆਰ. ਅੰਬੇਡਕਰ, ਨੇਤਾਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭਭਾਈ ਪਟੇਲ, ਲੋਕਮਾਨਿਆ ਤਿਲਕ ਅਤੇ ਭਾਰਤ ਦੀ ਸੁਤੰਤਰਤਾ ਲਈ ਸਰਬਉੱਚ ਕੁਰਬਾਨੀ ਦੇਣ ਵਾਲੇ ਅਣਗਿਣਤ ਜਾਣੇ-ਪਹਿਚਾਣੇ ਨਾਇਕਾਂ ਸਮੇਤ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਖਾਸ ਤੌਰ ‘ਤੇ ਪੰਜਾਬ ਦੇ ਵੀਰ ਯੋਗਦਾਨ ਦੀ ਸ਼ਲਾਘਾ ਕੀਤੀ – ਜੋ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਲਾਲਾ ਲਾਜਪਤ ਰਾਏ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਮਦਨ ਲਾਲ ਢੀਂਗਰਾ ਜਿਹੇ ਦਿੱਗਜਾਂ ਦਾ ਘਰ ਹੈ।

ਚੰਡੀਗੜ੍ਹ ਦੇ ਵਿਕਾਸ ਦੀਆਂ ਮੁੱਖ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਰਾਜਪਾਲ ਨੇ ਕਾਨੂੰਨ ਲਾਗੂ ਕਰਨ, ਸਿੱਖਿਆ, ਸ਼ਾਸਨ, ਵਾਤਾਵਰਣ ਅਤੇ ਸਿਹਤ ਬੁਨਿਆਦੀ ਢਾਂਚੇ ਵਿੱਚ ਹਾਲ ਹੀ ਵਿੱਚ ਪ੍ਰਾਪਤੀਆਂ ਬਾਰੇ ਵਿਸਤਾਰ ਵਿੱਚ ਦੱਸਿਆ। ਉਨ੍ਹਾਂ ਨੇ ਨਵੀਂ ਅਪਰਾਧਿਕ ਨਿਆਂ ਪ੍ਰਣਾਲੀ, ਬਿਜਲੀ ਖੇਤਰ ਦੇ ਸੁਧਾਰਾਂ, ਅਤੇ ਮੁਫ਼ਤ ਵਰਦੀਆਂ, ਅਧਿਆਪਕਾਂ ਦੀ ਭਰਤੀ ਅਤੇ ਸਕੂਲ ਸੁਵਿਧਾਵਾਂ ਵਿੱਚ ਵਾਧਾ ਜਿਹੀਆਂ ਪਹਿਲਾਂ ਦੇ ਸਫ਼ਲ ਰੋਲਆਊਟ ਬਾਰੇ ਗੱਲ ਕੀਤੀ। ਉਨ੍ਹਾਂ ਨੇ ਚੰਡੀਗੜ੍ਹ ਦੇ ਵਾਤਾਵਰਣ ਸਬੰਧੀ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਛੱਤ ‘ਤੇ ਸੋਲਰ ਵਿਸਤਾਰ ਅਤੇ ਸੈਕਟਰ 39 ਵਿਖੇ ਇੱਕ ਫਲੋਟਿੰਗ ਸੋਲਰ ਪਲਾਂਟ ਸ਼ਾਮਲ ਹੈ, ਨਾਲ ਹੀ ਈ-ਗਵਰਨੈਂਸ, ਜਨਤਕ ਸੁਰੱਖਿਆ, ਸੈਨੀਟੇਸ਼ਨ ਅਤੇ ਡਿਜੀਟਲ ਸੇਵਾਵਾਂ ਵਿੱਚ ਪ੍ਰਗਤੀ ਦਾ ਵੀ ਜ਼ਿਕਰ ਕੀਤਾ।

ਪੰਜਾਬ ਬਾਰੇ ਬੋਲਦੇ ਹੋਏ, ਉਨ੍ਹਾਂ ਨੇ ਪਾਰਦਰਸ਼ੀ ਸ਼ਾਸਨ ਅਤੇ ਜਨਤਕ ਜਵਾਬਦੇਹੀ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ – ਮੁਫ਼ਤ ਸਿਹਤ ਸੰਭਾਲ਼ ਅਤੇ ਬਿਜਲੀ ਦੀ ਵਿਵਸਥਾ ਤੋਂ ਲੈ ਕੇ ਸਕੂਲ ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਨਿਵੇਸ਼ ਕਰਨ ਤੱਕ – ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਸਾਰਿਆਂ ਨੂੰ ਇੱਕ ਅਜਿਹੇ ਭਾਰਤ ਲਈ ਯਤਨ ਕਰਨ ਦੀ ਅਪੀਲ ਕੀਤੀ ਜਿੱਥੇ ਨਾ ਸਿਰਫ਼ ਉੱਚੀਆਂ ਇਮਾਰਤਾਂ ਉੱਭਰਨ, ਬਲਕਿ ਜਿੱਥੇ ਉੱਤਮ ਆਦਰਸ਼ ਪ੍ਰਫੁੱਲਤ ਹੋਣ; ਜਿੱਥੇ ਵਿਕਾਸ ਸ਼ਾਮਲ ਹੋਵੇ, ਅਤੇ ਜਿੱਥੇ ਹਰ ਨਾਗਰਿਕ ਦਾ ਕੰਮ ਰਾਸ਼ਟਰ ਪ੍ਰਤੀ ਪਿਆਰ ਅਤੇ ਇਸ ਦੀ ਪ੍ਰਗਤੀ ਪ੍ਰਤੀ ਵਚਨਬੱਧਤਾ ਦੁਆਰਾ ਨਿਰਦੇਸ਼ਿਤ ਹੋਵੇ।

ਪ੍ਰਸ਼ਾਸਕ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ 34 ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਜਨਤਕ ਸੇਵਾਵਾਂ, ਕਲਾ ਅਤੇ ਸੱਭਿਆਚਾਰ, ਸਮਾਜਿਕ ਸੇਵਾਵਾਂ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਲਈ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਅਤੇ 2025 ਦੇ ਸੁਤੰਤਰਤਾ ਦਿਵਸ ‘ਤੇ 24 ਚੰਡੀਗੜ੍ਹ ਪੁਲਿਸ ਕਰਮਚਾਰੀਆਂ ਨੂੰ ਵਿਲੱਖਣ/ਮੈਰੀਟੋਰੀਅਸ ਸੇਵਾਵਾਂ ਲਈ ਪ੍ਰਸ਼ਾਸਕ ਦਾ ਪੁਲਿਸ ਮੈਡਲ ਵੀ ਪ੍ਰਦਾਨ ਕੀਤਾ। ਚੰਡੀਗੜ੍ਹ ਪੁਲਿਸ ਦੇ ਤਿੰਨ ਕਰਮਚਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਪਰੇਡ ਵਿੱਚ ਚੰਡੀਗੜ੍ਹ ਪੁਲਿਸ-ਜ਼ਿਲ੍ਹਾ-1, ਪੁਰਸ਼ਾਂ ਨੂੰ ਸਮੁੱਚੇ ਤੌਰ ‘ਤੇ ਬਿਹਤਰੀਨ ਪੁਰਸਕਾਰ ਮਿਲਿਆ।

ਮਿਲਿਟਰੀ ਬਲਾਂ/ਪੁਲਿਸ ਟੁਕੜੀ ਦੀ ਸ਼੍ਰੇਣੀ ਵਿੱਚ ਪਹਿਲਾ ਇਨਾਮ ਚੰਡੀਗੜ੍ਹ ਪੁਲਿਸ-1 ਨੂੰ ਮਿਲਿਆ, ਪੁਰਸ਼ਾਂ ਨੇ ਦੂਸਰਾ ਸਥਾਨ ਆਈਆਰਬੀ (IRB), ਮਹਿਲਾ ਨੇ ਪ੍ਰਾਪਤ ਕੀਤਾ,

ਪੰਜਾਬ ਪੁਲਿਸ ਪਲਟੂਨ-ਪੁਰਸ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਹੋਮ ਗਾਰਡ/ਫਾਇਰ ਬ੍ਰਿਗੇਡ/ਸਿਵਲ ਡਿਫੈਂਸ ਦੀ ਸ਼੍ਰੇਣੀ ਵਿੱਚ, ਪਹਿਲਾ ਇਨਾਮ ਚੰਡੀਗੜ੍ਹ ਫਾਇਰ ਸਰਵਿਸਿਜ਼ ਨੇ ਪ੍ਰਾਪਤ ਕੀਤਾ, ਦੂਸਰਾ ਸਥਾਨ ਚੰਡੀਗੜ੍ਹ ਹੋਮ ਗਾਰਡ ਨੇ ਪ੍ਰਾਪਤ ਕੀਤਾ ਅਤੇ ਚੰਡੀਗੜ੍ਹ ਸਿਵਲ ਡਿਫੈਂਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਐੱਨਸੀਸੀ (NCC) ਟੁਕੜੀਆਂ ਵਿੱਚ, ਐੱਨਸੀਸੀ (NCC) ਆਰਮੀ ਵਿੰਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਐੱਨਸੀਸੀ (NCC) ਆਰਮੀ ਵਿੰਗ ਗਰਲਸ ਵਿੰਗ ਦੂਸਰੇ ਸਥਾਨ ‘ਤੇ ਰਹੀ ਅਤੇ ਐੱਨਸੀਸੀ (NCC) ਨੇਵਲ ਵਿੰਗ ਚੰਡੀਗੜ੍ਹ ਤੀਸਰੇ ਸਥਾਨ ‘ਤੇ ਰਹੀ।

ਐਂਬੂਲੈਂਸ ਬ੍ਰਿਗੇਡ/ਰੋਡ ਸੇਫਟੀ/ਪਲਟੂਨ ਸਕਾਊਟਸ/ਗਾਈਡਜ਼/ ਸ਼੍ਰੇਣੀ ਵਿੱਚ ਪਹਿਲਾ ਇਨਾਮ ਜੀਐੱਮਐੱਸਐੱਸ-22 ਗਾਈਡ ਗਰਲਜ਼, ਜੀਐੱਮਐੱਚਐੱਸ-32, ਕੁੜੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਜੀਐੱਮਐੱਸਐੱਸਐੱਸ ਗਰਲਸ ਰੋਡ ਸੇਫਟੀ, ਤੀਸਰੇ ਸਥਾਨ ‘ਤੇ ਰਿਹਾ। ਸਕੂਲ ਬੈਂਡ ਸ਼੍ਰੇਣੀ ਵਿੱਚ, ਸੈਕਰਡ ਹਾਰਟ-26 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੈਕਰਡ ਹਾਰਟ ਸਕੂਲ ਦੂਸਰੇ ਸਥਾਨ ‘ਤੇ ਰਿਹਾ। ਸੱਭਿਆਚਾਰਕ ਸੰਚਾਲਨ ਵਿੱਚ ਸਿੰਧੂਰ ਵਲੰਟੀਅਰਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਸੋਮਵਾਰ 18 ਅਗਸਤ ਨੂੰ ਚੰਡੀਗੜ੍ਹ ਦੇ ਸਾਰੇ ਸਕੂਲਾਂ, ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ।

ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਰਾਜੀਵ ਵਰਮਾ, ਡੀਜੀਪੀ ਚੰਡੀਗੜ੍ਹ ਸ਼੍ਰੀ ਸਾਗਰ ਪ੍ਰੀਤ ਹੁੱਡਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਦੇ ਹੋਰ ਸੀਨੀਅਰ ਅਧਿਕਾਰੀ ਸਮਾਗਮ ਦੌਰਾਨ ਮੌਜੂਦ ਸਨ।

×